ਅਕਾਲ ਤਖ਼ਤ ਨੇ ਸੁਖਬੀਰ ਤੇ ਹੋਰ ਅਕਾਲੀ ਆਗੂਆਂ ਨੂੰ ਤਨਖਾਹ ਲਾਈ

ਅਕਾਲ ਤਖ਼ਤ ਨੇ ਸੁਖਬੀਰ ਤੇ ਹੋਰ ਅਕਾਲੀ ਆਗੂਆਂ ਨੂੰ ਤਨਖਾਹ ਲਾਈ

ਅਕਾਲ ਤਖ਼ਤ ਨੇ ਸੁਖਬੀਰ ਤੇ ਹੋਰ ਅਕਾਲੀ ਆਗੂਆਂ ਨੂੰ ਤਨਖਾਹ ਲਾਈ
ਅੰਮ੍ਰਿਤਸਰ-ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂਆਂ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੰਜ ਸਿੰਘ ਸਾਹਿਬਾਨ ਨੇ ਉਨ੍ਹਾਂ ਨੂੰ ਧਾਰਮਿਕ ਤਨਖਾਹ ਲਾਈ ਹੈ। ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਅਤੇ ਸਿੱਖ ਕੌਮ ਵਿਰੋਧੀ ਫ਼ੈਸਲੇ ਲੈਣ ਲਈ ਤਤਕਾਲੀ ਅਕਾਲੀ ਸਰਕਾਰ ਦੇ ਮੰਤਰੀਆਂ ਨੂੰ ਸਜ਼ਾ ਸੁਣਾਈ ਗਈ ਹੈ। ਜਥੇਦਾਰਾਂ ਖ਼ਿਲਾਫ਼ ਅਪਮਾਨਜਨਕ ਸ਼ਬਦਾਵਲੀ ਵਰਤਣ ਦੇ ਦੋਸ਼ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਉਸ ਤੋਂ ਇਲਾਵਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਇੱਕ ਫੈਡਰੇਸ਼ਨ ਆਗੂ ਨੂੰ ਜਥੇਦਾਰਾਂ ਖ਼ਿਲਾਫ਼ ਬਿਆਨਬਾਜ਼ੀ ਬੰਦ ਕਰਨ ਦੀ ਤਾੜਨਾ ਕੀਤੀ ਗਈ ਹੈ। ਇਹ ਸਾਰੇ ਫ਼ੈਸਲੇ ਅੱਜ ਅਕਾਲ ਤਖ਼ਤ ਦੀ ਫਸੀਲ ਤੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਣਾਏ। ਉਨ੍ਹਾਂ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਅਤੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਸ਼ਾਮਲ ਸਨ। ਅਕਾਲ ਤਖ਼ਤ ਦੀ ਫਸੀਲ ’ਤੇ ਲਗਭਗ ਢਾਈ ਘੰਟੇ ਚੱਲੀ ਇਸ ਕਾਰਵਾਈ ਦੌਰਾਨ ਸੁਖਬੀਰ ਸਿੰਘ ਬਾਦਲ ਸਮੇਤ 2007 ਤੋਂ ਲੈ ਕੇ 2017 ਤੱਕ ਦੀ ਅਕਾਲੀ ਸਰਕਾਰ ਦੀ ਕੈਬਨਿਟ ਵਿੱਚ ਸ਼ਾਮਲ 17 ਸਾਬਕਾ ਅਕਾਲੀ ਮੰਤਰੀ, ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀ ਕੋਰ ਕਮੇਟੀ ਦੇ ਮੈਂਬਰ ਅਤੇ ਉਸ ਵੇਲੇ ਦੀ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਹਾਜ਼ਰ ਸਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਰੇ ਸਕੱਤਰ ਵੀ ਹਾਜ਼ਰ ਸਨ। ਇਸ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਪਿਛਲੇ ਸਮੇਂ ਦੌਰਾਨ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਵੀ ਲਾਇਆ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਤਨਖਾਹ ਦਾ ਐਲਾਨ ਕਰਦਿਆਂ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਤੇ ਉਸ ਸਮੇਤ ਛੇ ਹੋਰ ਅਕਾਲੀ ਆਗੂਆਂ ਸੁਖਦੇਵ ਸਿੰਘ ਢੀਂਡਸਾ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਡਾਕਟਰ ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ ਅਤੇ ਬਲਵਿੰਦਰ ਸਿੰਘ ਭੂੰਦੜ ਖ਼ਿਲਾਫ਼ ਧਾਰਮਿਕ ਸਜ਼ਾ ਸੁਣਾਈ। ਉਨ੍ਹਾਂ ਆਦੇਸ਼ ਦਿੱਤਾ ਕਿ ਇਹ ਸਾਰੇ ਅਕਾਲੀ ਆਗੂ ਭਲਕੇ ਤਿੰਨ ਦਸੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪਖਾਨਿਆਂ ਵਿੱਚ 12 ਤੋਂ ਇੱਕ ਵਜੇ ਤੱਕ ਇੱਕ ਘੰਟੇ ਸਫਾਈ ਦੀ ਸੇਵਾ ਕਰਨਗੇ। ਇਹ ਸੇਵਾ ਦੋ ਦਿਨ ਵਾਸਤੇ ਹੋਵੇਗੀ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਉਨ੍ਹਾਂ ਦੀ ਹਾਜ਼ਰੀ ਅਤੇ ਸੇਵਾ ਦੀ ਨਿਗਰਾਨੀ ਕਰਨਗੇ। ਆਪਣੀ ਇਸ ਸੇਵਾ ਦੌਰਾਨ ਉਹ ਆਪਣੇ ਗਲ ਵਿੱਚ ਤਖਤੀਆਂ ਪਾ ਕੇ ਰੱਖਣਗੇ। ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਵਿਖੇ ਘੰਟਾ ਘਰ ਦੇ ਬਾਹਰ ਸੇਵਾਦਾਰ ਦੀ ਵਰਦੀ ਪਾ ਕੇ ਅਤੇ ਹੱਥ ਵਿੱਚ ਬਰਛਾ ਫੜ ਕੇ ਸੇਵਾ ਕਰਨ ਦਾ ਆਦੇਸ਼ ਦਿੱਤਾ ਗਿਆ। ਇੱਕ ਘੰਟੇ ਦੀ ਇਹ ਸੇਵਾ ਦੌਰਾਨ ਉਹ ਵੀਲ੍ਹ ਚੇਅਰ ’ਤੇ ਵੀ ਬੈਠ ਸਕਣਗੇ। ਉਹ ਦੋ ਦਿਨ ਇਹ ਸੇਵਾ ਕਰਨਗੇ। ਉਪਰੰਤ ਇਸ਼ਨਾਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਵਿੱਚ ਇੱਕ ਘੰਟਾ ਸੰਗਤ ਦੇ ਜੂਠੇ ਬਰਤਨ ਸਾਫ ਕਰਨ, ਇਕ ਘੰਟਾ ਕੀਰਤਨ ਸਰਵਣ ਕਰਨ ਅਤੇ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਬਾਅਦ ਇਹ ਸਾਰੇ ਅਕਾਲੀ ਆਗੂ ਦੋ ਦਿਨ ਤਕ ਸ੍ਰੀ ਕੇਸਗੜ੍ਹ ਸਾਹਿਬ, ਦੋ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ, ਦੋ ਦਿਨ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਅਤੇ ਦੋ ਦਿਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇਹੋ ਸੇਵਾ ਕਰਨਗੇ। ਇਹ ਸਾਰੀ ਸੇਵਾ ਮੁਕੰਮਲ ਹੋਣ ਤੋਂ ਬਾਅਦ ਉਹ ਅਕਾਲ ਤਖ਼ਤ ਵਿਖੇ 11 ਹਜ਼ਾਰ ਰੁਪਏ ਦੀ ਦੇਗ ਕਰਾਉਣਗੇ ਅਤੇ ਗੋਲਕ ਵਿੱਚ 11000 ਰੁਪਏ ਭੇਟਾ ਕਰਨਗੇ। ਉਸ ਤੋਂ ਬਾਅਦ ਆਪਣੀ ਖਿਮਾ ਯਾਚਨਾ ਦੀ ਅਰਦਾਸ ਕਰਵਾਉਣਗੇ।
ਇਸੇ ਤਰ੍ਹਾਂ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰੱਖੜਾ, ਬਿਕਰਮਜੀਤ ਸਿੰਘ ਮਜੀਠੀਆ, ਸੋਹਣ ਸਿੰਘ ਠੰਡਲ, ਮਹੇਸ਼ ਇੰਦਰ ਸਿੰਘ ਗਰੇਵਾਲ, ਚਰਨਜੀਤ ਸਿੰਘ ਅਟਵਾਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸ਼ਰਨਜੀਤ ਸਿੰਘ, ਜਨਮੇਜਾ ਸਿੰਘ ਅਤੇ ਹੋਰ ਆਗੂ ਭਲਕੇ ਤਿੰਨ ਦਸੰਬਰ ਨੂੰ 12 ਤੋਂ 1 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਵਾਸ਼ਰੂਮਾਂ ਦੀ ਸਫਾਈ ਕਰਨਗੇ। ਇਸ ਤੋਂ ਬਾਅਦ ਉਹ ਅਗਲੇ ਪੰਜ ਦਿਨ ਆਪੋ-ਆਪਣੇ ਨਗਰਾਂ ਦੇ ਗੁਰਦੁਆਰਿਆਂ ਵਿੱਚ ਇਕ-ਇਕ ਘੰਟਾ ਸੰਗਤ ਦੇ ਜੋੜੇ ਝਾੜਨ, ਝਾੜੂ ਮਾਰਨ, ਪੋਚਾ ਮਾਰਨ, ਕੀਰਤਨ ਸੁਣਨ ਤੇ ਹੋਰ ਸੇਵਾਵਾਂ ਕਰਨਗੇ।
ਅਕਾਲ ਤਖ਼ਤ ਦੀ ਫਸੀਲ ਤੋਂ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸਿੰਘ ਸਾਹਿਬਾਨ ਵੱਲੋਂ ਆਪਣੇ ਤੌਰ ’ਤੇ ਇਕ ਮੀਟਿੰਗ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਗ੍ਰਹਿ ਵਿਖੇ ਵੀ ਕੀਤੀ ਗਈ। ਉਨ੍ਹਾਂ ਅਕਾਲ ਤਖ਼ਤ ਵਿਖੇ ਨਤਮਸਤਕ ਹੋਣ ਤੋਂ ਬਾਅਦ ਸਕੱਤਰੇਤ ’ਚ ਵੀ ਮੀਟਿੰਗ ਕੀਤੀ। ਇਸ ਮਗਰੋਂ ਉਹ ਅਕਾਲ ਤਖ਼ਤ ਦੀ ਫਸੀਲ ਤੇ ਪੁੱਜੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਸੰਗਤ ਦੀ ਹਾਜ਼ਰੀ ਵਿੱਚ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਅਕਾਲੀ ਆਗੂਆਂ ਤੋਂ ਉਨ੍ਹਾਂ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਵਾਬ-ਤਲਬੀ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ। ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਦੇ ਪੈਰ ਦੀ ਉਂਗਲੀ ਵਿੱਚ ਫਰੈਕਚਰ ਹੋ ਗਿਆ ਸੀ, ਅੱਜ ਵਾਕਰ ਲੈ ਕੇ ਅਕਾਲ ਤਖ਼ਤ ਦੇ ਸਨਮੁਖ ਪੁੱਜੇ। ਉਨ੍ਹਾਂ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਵੀ ਬਜ਼ੁਰਗ ਅਵਸਥਾ ਹੋਣ ਕਾਰਨ ਸਟੂਲ ’ਤੇ ਬੈਠੇ ਹੋਏ ਸਨ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।

Radio Mirchi