ਐੱਸਕੇਐੱਮ ਨੇ ਖਨੌਰੀ ਤੇ ਸ਼ੰਭੂ ਬਾਰਡਰਾਂ ’ਤੇ ਡਟੀਆਂ ਕਿਸਾਨ ਜਥੇਬੰਦੀਆਂ ਵੱਲ ‘ਏਕਤਾ’ ਦਾ ਹੱਥ ਵਧਾਇਆ
ਐੱਸਕੇਐੱਮ ਨੇ ਖਨੌਰੀ ਤੇ ਸ਼ੰਭੂ ਬਾਰਡਰਾਂ ’ਤੇ ਡਟੀਆਂ ਕਿਸਾਨ ਜਥੇਬੰਦੀਆਂ ਵੱਲ ‘ਏਕਤਾ’ ਦਾ ਹੱਥ ਵਧਾਇਆ
ਮੋਗਾ/ਚੰਡੀਗੜ੍ਹ-ਸੰਯੁਕਤ ਕਿਸਾਨ ਮੋਰਚੇ ਨੇ ਖਨੌਰੀ ਤੇ ਸ਼ੰਭੂ ਬਾਰਡਰਾਂ ’ਤੇ ਡਟੀਆਂ ਕਿਸਾਨ ਜਥੇਬੰਦੀਆਂ ਨਾਲ ‘ਏਕਤਾ’ ਲਈ ਹੱਥ ਵਧਾਇਆ ਹੈ। ਮੋਰਚੇ ਦੀ 6 ਮੈਂਬਰੀ ਤਾਲਮੇਲ ਕਮੇਟੀ 10 ਜਨਵਰੀ ਨੂੰ ਦੋਵਾਂ ਬਾਰਡਰਾਂ ’ਤੇ ਜਾ ਕੇ ਕਿਸਾਨ ਜਥੇਬੰਦੀਆਂ ਦਰਮਿਆਨ ਏਕਤਾ ਦੀ ਅਪੀਲ ਕਰੇਗੀ। ਇਹੀ ਨਹੀਂ ਮੋਰਚੇ ਨੇ ਕਿਸਾਨੀ ਸੰਘਰਸ਼ ਨੂੰ ਲੈ ਕੇ ਐੱਸਕੇਐੱਮ (ਗੈਰਸਿਆਸੀ) ਤੇ ਕਿਸਾਨ ਮਜ਼ਦੂਰਾ ਮੋਰਚਾ (ਕੇਐੱਮਐੱਮ) ਖਿਲਾਫ਼ ਬਿਆਨਬਾਜ਼ੀ ਤੋਂ ਵੀ ਵਰਜਿਆ ਹੈ। ਆਗੂਆਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਪੰਜਾਬ ਦੀ ਹੱਦ ਤੱਕ ਸੀਮਤ ਹੋ ਕੇ ਰਹਿ ਗਿਆ ਹੈ ਤੇ ਇਹ ਲੜਾਈ ਹਰਿਆਣਾ ਤੇ ਯੂਪੀ ਜਿਹੇ ਰਾਜਾਂ ਤੱਕ ਪਹੁੰਚਣੀ ਚਾਹੀਦੀ ਹੈ।
ਮੋਰਚੇ ਨੇ ਅੱਜ ਮੋਗਾ ਵਿਚ ਕੀਤੀ ਕਿਸਾਨ ਮਹਾਪੰਚਾਇਤ ਵਿਚ ਕੇਂਦਰ ਸਰਕਾਰ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਵੀ ਲਾਇਆ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਧਰਨਾਕਾਰੀ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦਾ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਖਰੜਾ (ਰੱਦ ਕੀਤੇ) ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਦਾ ਖ਼ਤਰਨਾਕ ਰੂਪ ਹੈ। ਮੋਰਚੇ ਨੇ ਐਲਾਨ ਕੀਤਾ ਕਿ ਉਹ 13 ਜਨਵਰੀ ਨੂੰ ਲੋਹੜੀ ਮੌਕੇ ਖਰੜਾ ਨੀਤੀ ਦੀਆਂ ਕਾਪੀਆਂ ਸਾੜਨਗੇ ਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕਰਨਗੇ। ਪਿਛਲੇ ਇਕ ਹਫ਼ਤੇ ਵਿਚ ਮੋਰਚੇ ਦੀ ਇਹ ਦੂਜੀ ਕਿਸਾਨ ਮਹਾਪੰਚਾਇਤ ਹੈ। ਪਹਿਲੀ ਮਹਾਪੰਚਾਇਤ 4 ਜਨਵਰੀ ਨੂੰ ਟੋਹਾਣਾ ਵਿਚ ਕੀਤੀ ਗਈ ਸੀ। ਮਹਾਪੰਚਾਇਤ ਦੌਰਾਨ ਐੱਸਕੇਐੱਮ ਆਗੂਆਂ ਨੇ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਖਰੜਾ ਰੱਦ ਕਰਨ ਲਈ ਅਸੈਂਬਲੀ ਦਾ ਸੈਸ਼ਨ ਨਾ ਸੱਦਣ ਲਈ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ। ਮਹਾਪੰਚਾਇਤ ਨੂੰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰਾਕੇਸ਼ ਟਿਕੈਤ, ਡਾ.ਦਰਸ਼ਨ ਪਾਲ ਤੇ ਰਮਿੰਦਰ ਪਟਿਆਲਾ ਨੇ ਸੰਬੋਧਨ ਕੀਤਾ।
ਸੰਯੁਕਤ ਕਿਸਾਨ ਮੋਰਚੇ ਨੇ ਮਹਾਪੰਚਾਇਤ ਦੌਰਾਨ ‘ਏਕਤਾ ਮਤਾ’ ਵੀ ਪਾਸ ਕੀਤਾ, ਜਿਸ ਤਹਿਤ ਐੱਸਕੇਐੱਮ ਦੀ 6 ਮੈਂਬਰੀ ਤਾਲਮੇਲ ਕਮੇਟੀ 10 ਜਨਵਰੀ ਨੂੰ ਖ਼ਨੌਰੀ ਤੇ ਸ਼ੰਭੂ ਬਾਰਡਰਾਂ ’ਤੇ ਜਾ ਕੇ ਕਿਸਾਨ ਜਥੇਬੰਦੀਆਂ ਦਰਮਿਆਨ ਏਕਤਾ ਦੀ ਅਪੀਲ ਕਰੇਗੀ। ਮੋਰਚੇ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਕੋਈ ਵੀ ਆਗੂ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਐੱਸਕੇਐੱਮ (ਗੈਰਸਿਆਸੀ) ਤੇ ਕਿਸਾਨ ਮਜ਼ਦੂਰਾ ਮੋਰਚਾ (ਕੇਐੱਮਐੱਮ) ਖਿਲਾਫ਼ ਕਿਸੇ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਨਹੀਂ ਕਰੇਗਾ।