ਡੱਗ ਫੋਰਡ ਵੱਲੋਂ ਕੈਨੇਡਾ-ਅਮਰੀਕਾ ਸਬੰਧਾਂ ਦੀ ਮਜ਼ਬੂਤੀ ਲਈ ਤਜਵੀਜ਼ ਤਿਆਰ

ਡੱਗ ਫੋਰਡ ਵੱਲੋਂ ਕੈਨੇਡਾ-ਅਮਰੀਕਾ ਸਬੰਧਾਂ ਦੀ ਮਜ਼ਬੂਤੀ ਲਈ ਤਜਵੀਜ਼ ਤਿਆਰ

ਡੱਗ ਫੋਰਡ ਵੱਲੋਂ ਕੈਨੇਡਾ-ਅਮਰੀਕਾ ਸਬੰਧਾਂ ਦੀ ਮਜ਼ਬੂਤੀ ਲਈ ਤਜਵੀਜ਼ ਤਿਆਰ
ਵੈਨਕੂਵਰ- ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ (Ontario Premier Doug Ford) ਨੇ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ (President Elect Donald Trump) ਦੀ ਟੈਰਿਫ ਵਾਧੇ ਦੀ ਧਮਕੀ ਨੂੰ ਠੁੱਸ ਕਰਨ ਲਈ ਇੱਕ ਤਜਵੀਜ਼ ਦੀ ਰੂਪ ਰੇਖਾ ਤਿਆਰ ਕੀਤੀ ਹੈ, ਜਿਸ ਦੇ ਲਾਗੂ ਹੋਣ ਤੋਂ ਬਾਅਦ ਦੋਹਾਂ ਦੇਸ਼ਾਂ ਦੀ ਊਰਜਾ ਸੁਰੱਖਿਆ ਦੇ ਵਿਕਾਸ ਸਮੇਤ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਦਾ ਅਧਾਰ ਸਾਬਤ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਫੋਰਡ ਨੇ ਭਰੋਸਾ ਪ੍ਰਗਟਾਇਆ ਕਿ ਪ੍ਰਸਤਾਵ ਦੇ ਇਸੇ ਰੂਪ ਵਿੱਚ ਅਮਲ ਵਿੱਚ ਆਉਣ ਤੋਂ ਬਾਅਦ ਇਹ ਦੁਵੱਲੀ ਸਥਿਰਤਾ, ਸੁਰੱਖਿਆ ਦੇ ਨਾਲ ਨਾਲ ਲੰਮੇਂ ਸਮੇਂ ਤੱਕ ਦੀ ਖੁਸ਼ਹਾਲੀ ਦੀ ਸਨਦ ਬਣ ਸਕਦਾ ਹੈ। ਸਰਕਾਰੀ ਫੈਸਲੇ ਲੈਣ ਵਿੱਚ ਧਾਕੜ ਮੰਨੇ ਜਾਂਦੇ ਡੱਗ ਫੋਰਡ ਨੇ ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਬਾਰੇ ਦਿੱਤੇ ਤਾਜ਼ਾ ਬਿਆਨ ਨੂੰ ਹਾਸੋਹੀਣਾ ਦੱਸਦੇ ਹੋਏ ਕਿਹਾ ਕਿ ਕੈਨੇਡਾ ਵਿਕਾਊ ਦੇਸ਼ ਨਹੀਂ ਹੈ ਤੇ ਨਾ ਹੀ ਕਦੇ ਹੋ ਸਕੇਗਾ।
ਉਨ੍ਹਾਂ ਕਿਹਾ ਕਿ ਟਰੰਪ ਭੁਲੇਖੇ ਵਿੱਚ ਨਾ ਰਹਿਣ। ਆਰਥਿਕ ਤਾਕਤ ਦੀ ਵਰਤੋਂ ਦੀਆਂ ਧਮਕੀਆਂ ਵਿਦੇਸ਼ੀ ਨਿਰਭਰਤਾ ਵਾਲੇ ਦੇਸ਼ਾਂ ਉੱਤੇ ਹੀ ਕਾਰਗਰ ਹੋ ਸਕਦੀਆਂ ਹਨ, ਪਰ ਕੁਦਰਤੀ ਵਸੀਲਿਆਂ ਤੇ ਖਣਿਜਾਂ ਨਾਲ ਮਾਲਾਮਾਲ ਕੈਨੇਡਾ ਕਿਸੇ ਵੀ ਗੈਰਵਾਜਬ ਧਮਕੀ ਮੂਹਰੇ ਨਹੀਂ ਝੁਕ ਸਕਦਾ। ਕੈਨੇਡਾ ਦੀ ਆਰਥਿਕਤਾ ਵਿੱਚ 39 ਫਸਦੀ ਹਿੱਸਾ ਪਾਉਣ ਅਤੇ ਦੇਸ਼ ਵਿੱਚ ਸਭ ਤੋਂ ਵੱਧ ਪ੍ਰਤੀ ਜੀਅ ਆਮਦਨ ਵਾਲੇ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਧਮਕੀਆਂ ਨੂੰ ਪਿੱਛੇ ਸੁੱਟਦੇ ਹੋਏ ਸ਼ਾਨਦਾਰ ਵਪਾਰਕ ਸੌਦਿਆਂ ਲਈ ਇੱਕਜੁਟਤਾ ਨਾਲ ਕੰਮ ਕਰਦੇ ਰਹਿਣਗੇ।
ਡੱਗ ਫੋਰਡ ਨੇ ਅੱਜ ਕੁਝ ਹੋਰ ਸੂਬਿਆਂ ਦੇ ਮੁਖੀਆਂ ਨਾਲ ਵੀ ਗੱਲ ਕਰ ਕੇ ਟਰੰਪ ਦੀਆਂ ਧਮਕੀਆਂ ਨਾਲ ਸਿੱਝਣ ਬਾਰੇ ਵਿਚਾਰਾਂ ਕੀਤੀਆਂ ਹਨ। ਸਾਰਿਆਂ ਵਲੋਂ ਉਸ ਨੂੰ ਮੂਹਰੇ ਲੱਗ ਕੇ ਠੋਸ ਕਦਮ ਚੁਕਣ ਲਈ ਕਿਹਾ ਗਿਆ ਹੈ। ਵੱਡੇ ਪਣ ਬਿਜਲੀ ਉਤਪਾਦਤ ਉੱਤਰੀ ਸੂਬਿਆਂ ਵੱਲੋਂ ਉਸਨੂੰ ਫੈਸਲੇ ਲੈਣ ਦੇ ਅਖ਼ਤਿਆਰ ਦਿੱਤੇ ਜਾਣ ਦਾ ਪਤਾ ਵੀ ਲੱਗਾ ਹੈ।

Radio Mirchi