ਟਰੰਪ ਦੇ ਹਲਫ਼ਦਾਰੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ
ਟਰੰਪ ਦੇ ਹਲਫ਼ਦਾਰੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ
ਵਾਸ਼ਿੰਗਟਨ-ਰਿਪਬਲਿਕਨ ਆਗੂ ਡੋਨਲਡ ਟਰੰਪ ਦੂਜੀ ਵਾਰ ਰਾਸ਼ਟਰਪਤੀ ਵਜੋਂ ਹਲਫ਼ ਲੈਣ ਲਈ ਤਿਆਰ ਹਨ। ਉਨ੍ਹਾਂ ਵੱਲੋਂ ਸੋਮਵਾਰ ਨੂੰ ਹਲਫ਼ ਲਿਆ ਜਾਵੇਗਾ। ਹਲਫ਼ਦਾਰੀ ਸਮਾਗਮ ਲਈ ਦੇਸ਼-ਵਿਦੇਸ਼ ਦੀਆਂ ਕਈ ਹਸਤੀਆਂ ਨੂੰ ਸੱਦੇ ਭੇਜੇ ਗਏ ਹਨ। ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਜਮਹੂਰੀ ਢੰਗ ਨਾਲ ਰਵਾਇਤਾਂ ਦਾ ਪਾਲਣ ਕਰਦਿਆਂ ਟਰੰਪ ਦਾ ਵ੍ਹਾਈਟ ਹਾਊਸ ’ਚ ਸਵਾਗਤ ਕਰਨਗੇ ਅਤੇ ਟਰੰਪ ਦੇ ਹਲਫ਼ ਲੈਣ ਤੋਂ ਪਹਿਲਾਂ ਉਹ ਉਨ੍ਹਾਂ ਨਾਲ ਸੰਸਦ ਭਵਨ (ਯੂਐੱਸ ਕੈਪੀਟਲ) ਪੁੱਜਣਗੇ। ਟਰੰਪ ਫਲੋਰੀਡਾ ਤੋਂ ਵਾਸ਼ਿੰਗਟਨ ਪਹੁੰਚ ਗਏ ਹਨ। ਟਰੰਪ ਐਤਵਾਰ ਨੂੰ ਅਰਲਿੰਗਟਨ ਨੈਸ਼ਨਲ ਕਬਰਿਸਤਾਨ ਦਾ ਦੌਰਾ ਕਰਕੇ ਸ਼ਰਧਾਂਜਲੀਆਂ ਭੇਟ ਕਰਨਗੇ। ਇਸ ਮਗਰੋਂ ਉਹ ਵਾਸ਼ਿੰਗਟਨ ’ਚ ਇਕ ਰੈਲੀ ’ਚ ਹਿੱਸਾ ਲੈਣਗੇ। ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਟਰੰਪ ਸੇਂਟ ਜੌਹਨਸ ਚਰਚ ’ਚ ਪ੍ਰਾਰਥਨਾ ਸਭਾ ’ਚ ਹਿੱਸਾ ਲੈਣਗੇ। ਟਰੰਪ ਵੱਲੋਂ ਹਲਫ਼ ਲੈਣ ਮਗਰੋਂ ਉਦਘਾਟਨੀ ਭਾਸ਼ਨ ਦਿੱਤਾ ਜਾਵੇਗਾ। ਇਸ ਮਗਰੋਂ ਉਹ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਰਸਮੀ ਤੌਰ ’ਤੇ ਵਿਦਾਇਗੀ ਦੇਣਗੇ। ਉਧਰ ਸਾਲ 2020 ਦੀਆਂ ਚੋਣਾਂ ’ਚ ਹਾਰ ਮਗਰੋਂ ਅਮਰੀਕੀ ਸੰਸਦ ਅੰਦਰ ਜਬਰੀ ਦਾਖ਼ਲ ਹੋਏ ਟਰੰਪ ਦੇ ਕੁਝ ਸਮਰਥਕਾਂ ਨੂੰ ਅਦਾਲਤ ਨੇ ਹਲਫ਼ਦਾਰੀ ਸਮਾਗਮ ’ਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਸੰਘੀ ਜੱਜਾਂ ਤੋਂ ਸਮਾਗਮ ’ਚ ਸ਼ਮੂਲੀਅਤ ਦੀ ਇਜਾਜ਼ਤ ਮੰਗੀ ਸੀ। ਬਹੁਤਿਆਂ ਨੂੰ ਸਮਾਗਮ ’ਚ ਸ਼ਾਮਲ ਹੋਣ ਦੀ ਮਨਜ਼ੂਰੀ ਨਹੀਂ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਹਲਫ਼ ਲੈਣ ਮਗਰੋਂ ਟਰੰਪ ਸੰਸਦ ’ਚ ਗਦਰ ਮਚਾਉਣ ਵਾਲੇ ਲੋਕਾਂ ਦੀ ਸਜ਼ਾ ਮੁਆਫ਼ ਕਰ ਸਕਦੇ ਹਨ।
ਸਖ਼ਤ ਸੁਰੱਖਿਆ ਅਤੇ ਕੜਾਕੇ ਦੀ ਠੰਢ ਅੜਿੱਕਾ ਪਰ ਉਤਸ਼ਾਹ ਠੰਢਾ ਨਹੀਂ
ਵਾਸ਼ਿੰਗਟਨ: ਅਮਰੀਕੀ ਰਾਜਧਾਨੀ ’ਚ ਸਖ਼ਤ ਸੁਰੱਖਿਆ ਪ੍ਰਬੰਧ ਅਤੇ ਕੜਾਕੇ ਦੀ ਠੰਢ ਡੋਨਲਡ ਟਰੰਪ ਦੇ ਹਲਫ਼ਦਾਰੀ ਸਮਾਗਮ ’ਚ ਅੜਿੱਕਾ ਬਣ ਰਹੇ ਹਨ ਪਰ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਇਥੇ ਪਹੁੰਚਣੇ ਸ਼ੁਰੂ ਹੋ ਗਏ ਹਨ। ਕੜਾਕੇ ਦੀ ਠੰਢ ਕਾਰਨ ਉਦਘਾਟਨੀ ਸਮਾਗਮ ਯੂਐੱਸ ਕੈਪੀਟਲ ਰੋਟੁੰਡਾ ਅੰਦਰ ਹੋਣਗੇ। ਟਰੰਪ ਨੇ ਹਲਫ਼ਦਾਰੀ ਸਮਾਗਮ ਸੰਸਦ ਦੇ ਰਵਾਇਤੀ ਵੈਸਟ ਫਰੰਟ ’ਚ ਨਾ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਖ਼ਰਾਬ ਮੌਸਮ ਕਾਰਨ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਦਾ ਹਲਫ਼ ਸੰਸਦ ਦੇ ਅੰਦਰਲੇ ਹਿੱਸੇ ’ਚ ਲੈਣਾ ਪਵੇਗਾ। ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਵਾਸ਼ਿੰਗਟਨ ਡੀਸੀ ’ਚ ਤਾਪਮਾਨ ਮਨਫ਼ੀ 11 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਟਰੰਪ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਲੋਕ ਬਿਮਾਰ ਪੈਣ ਜਾਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸੱਟ ਲੱਗੇ ਕਿਉਂਕਿ ਹਜ਼ਾਰਾਂ ਪੁਲੀਸ ਅਤੇ ਹੋਰ ਸੁਰੱਖਿਆ ਕਰਮੀ ਵੀ ਤਾਇਨਾਤ ਰਹਿਣਗੇ।