ਇਜ਼ਰਾਈਲ-ਹਮਾਸ ਵਿਚਕਾਰ ਜੰਗਬੰਦੀ ਅੱਜ ਤੋਂ

ਇਜ਼ਰਾਈਲ-ਹਮਾਸ ਵਿਚਕਾਰ ਜੰਗਬੰਦੀ ਅੱਜ ਤੋਂ

ਇਜ਼ਰਾਈਲ-ਹਮਾਸ ਵਿਚਕਾਰ ਜੰਗਬੰਦੀ ਅੱਜ ਤੋਂ
ਯੇਰੂਸ਼ਲਮ/ਕਾਹਿਰਾ-ਹਮਾਸ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਦਾ ਸਮਝੌਤਾ ਐਤਵਾਰ ਸਵੇਰੇ ਤੋਂ ਲਾਗੂ ਹੋ ਜਾਵੇਗਾ। ਇਜ਼ਰਾਇਲੀ ਮੰਤਰੀ ਮੰਡਲ ਨੇ ਅੱਜ ਸਵੇਰੇ ਗਾਜ਼ਾ ’ਚ ਜੰਗਬੰਦੀ ਸਮਝੌਤੇ ਨੂੰ ਮਨਜ਼ੂਰੀ ਦਿੱਤੀ। ਸਮਝੌਤਾ ਲਾਗੂ ਹੋਣ ਮਗਰੋਂ ਦਰਜਨਾਂ ਬੰਧਕਾਂ ਨੂੰ ਰਿਹਾਅ ਕੀਤਾ ਜਾ ਸਕੇਗਾ ਅਤੇ ਹਮਾਸ ਨਾਲ 15 ਮਹੀਨਿਆਂ ਤੋਂ ਚੱਲ ਰਹੀ ਜੰਗ ਰੁਕ ਜਾਵੇਗੀ। ਜੰਗਬੰਦੀ ਦੇ ਸਮਝੌਤੇ ਦੇ ਬਾਵਜੂਦ ਸ਼ਨਿਚਰਵਾਰ ਨੂੰ ਮੱਧ ਇਜ਼ਰਾਈਲ ’ਚ ਸਾਇਰਨ ਵਜਦੇ ਰਹੇ ਅਤੇ ਫੌਜ ਨੇ ਦੱਸਿਆ ਕਿ ਉਸ ਨੇ ਯਮਨ ਤੋਂ ਦਾਗ਼ੀ ਗਈ ਮਿਜ਼ਾਈਲ ਨੂੰ ਹਵਾ ’ਚ ਫੁੰਡ ਦਿੱਤਾ ਹੈ।
ਇਜ਼ਰਾਇਲੀ ਮੰਤਰੀ ਮੰਡਲ ਦੀ ਮੀਟਿੰਗ ਯਹੂਦੀ ‘ਸੱਬਾਥ’ ਦਿਵਸ ਦੀ ਸ਼ੁਰੂਆਤ ਮਗਰੋਂ ਹੋਈ ਜੋ ਇਸ ਮੌਕੇ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ। ਯਹੂਦੀ ਕਾਨੂੰਨ ਮੁਤਾਬਕ ਇਜ਼ਰਾਈਲ ਸਰਕਾਰ ਅਕਸਰ ਹੰਗਾਮੀ ਮਾਮਲਿਆਂ ਨੂੰ ਛੱਡ ਕੇ ‘ਸੱਬਾਥ’ ’ਚ ਸਾਰੇ ਕੰਮ ਰੋਕ ਦਿੰਦੀ ਹੈ। ‘ਸੱਬਾਥ’ ਦਾ ਮਤਲਬ ਹੁੰਦਾ ਹੈ ਹਫ਼ਤੇ ਦਾ ਸੱਤਵਾਂ ਦਿਨ ਜੋ ਸ਼ੁੱਕਰਵਾਰ ਸ਼ਾਮ ਤੋਂ ਸ਼ਨਿਚਰਵਾਰ ਸ਼ਾਮ ਤੱਕ ਯਹੂਦੀਆਂ ਅਤੇ ਕੁਝ ਈਸਾਈਆਂ ਵੱਲੋਂ ਆਰਾਮ ਅਤੇ ਪੂਜਾ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ। ਗੋਲੀਬੰਦੀ ਦੇ ਪਹਿਲੇ ਪੜਾਅ ਤਹਿਤ ਅਗਲੇ ਛੇ ਹਫ਼ਤਿਆਂ ਦੌਰਾਨ ਇਜ਼ਰਾਈਲ ਦੀਆਂ ਜੇਲ੍ਹਾਂ ’ਚ ਬੰਦ ਸੈਂਕੜੇ ਫਲਸਤੀਨੀਆਂ ਦੀ ਰਿਹਾਈ ਦੇ ਬਦਲੇ ’ਚ 33 ਬੰਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਇਜ਼ਰਾਈਲ ਦੇ ਨਿਆਂ ਮੰਤਰਾਲੇ ਨੇ ਰਿਹਾਅ ਕੀਤੇ ਜਾਣ ਵਾਲੇ 95 ਫਲਸਤੀਨੀ ਕੈਦੀਆਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਹੈ। ਸੂਚੀ ’ਚ ਸ਼ਾਮਲ ਸਾਰੇ ਵਿਅਕਤੀ ਨੌਜਵਾਨ ਜਾਂ ਮਹਿਲਾਵਾਂ ਹਨ। ਫੌਜੀਆਂ ਸਮੇਤ ਹੋਰਾਂ ਦੀ ਰਿਹਾਈ ਦਾ ਰਾਹ ਦੂਜੇ ਪੜਾਅ ’ਚ ਪੱਧਰਾ ਹੋਵੇਗਾ। ਹਮਾਸ ਨੇ ਸਮਝੌਤੇ ਦੇ ਪਹਿਲੇ ਦਿਨ ਤਿੰਨ ਮਹਿਲਾ ਬੰਦੀ, ਚੌਥੇ ਦਿਨ ਸੱਤ ਅਤੇ ਬਾਕੀ ਬੰਦੀ ਪੰਜ ਹਫ਼ਤਿਆਂ ’ਚ ਛੱਡਣ ਦੀ ਸਹਿਮਤੀ ਪ੍ਰਗਟਾਈ ਹੈ। ਪਹਿਲੇ ਪੜਾਅ ਤਹਿਤ ਇਜ਼ਰਾਇਲੀ ਫੌਜ ਬਫ਼ਰ ਜ਼ੋਨ ਤੱਕ ਪਿੱਛੇ ਹਟੇਗੀ। 

Radio Mirchi