ਤਾਜ਼ੀ ਹਵਾ ਅਤੇ ਧੁੱਪ ਵਿੱਚ ਨਿਕਲੇ ਕਿਸਾਨ ਆਗੂ ਡੱਲੇਵਾਲ
ਤਾਜ਼ੀ ਹਵਾ ਅਤੇ ਧੁੱਪ ਵਿੱਚ ਨਿਕਲੇ ਕਿਸਾਨ ਆਗੂ ਡੱਲੇਵਾਲ
ਪਟਿਆਲਾ/ਪਾਤੜਾਂ-ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਡਾਕਟਰਾਂ ਦੀ ਸਲਾਹ ’ਤੇ ਤਾਜ਼ੀ ਹਵਾ ਅਤੇ ਧੁੱਪ ਦਿਵਾਉਣ ਲਈ ਵਿਸ਼ੇਸ਼ ਟਰਾਲੀ ਤੋਂ ਬਾਹਰ ਕੱਢਿਆ ਗਿਆ। ਡੱਲੇਵਾਲ ਦਾ ਮਰਨ ਵਰਤ 58ਵੇਂ ਦਿਨ ਦਾਖ਼ਲ ਹੋ ਗਿਆ ਹੈ ਪਰ ਉਹ ਚਾਰ ਦਿਨਾਂ ਤੋਂ ਟਰੀਟਮੈਂਟ ਲੈ ਰਹੇ ਹਨ। ਵੈਸੇ ਉਨ੍ਹਾਂ ਲਈ ਵਿਸ਼ੇਸ਼ ਤੌਰ ’ਤੇ ਬਣਾਏ ਜਾ ਰਹੇ ਆਧੁਨਿਕ ਕਮਰੇ ਨੂੰ ਤਿਆਰ ਕਰਨ ’ਚ ਹਾਲੇ ਤਿੰਨ ਦਿਨ ਲੱਗ ਜਾਣਗੇ। ਤਿਆਰ ਕੀਤਾ ਜਾ ਰਿਹਾ ਕਮਰਾ ਸਾਊਂਡ ਪਰੂਫ (ਆਵਾਜ਼ ਰਹਿਤ) ਹੋਵੇਗਾ ਜਿਸ ਵਿਚ ਜਨਰੇਟਰ, ਏਸੀ, ਗੀਜ਼ਰ, ਬਾਥਰੂਮ ਅਤੇ ਕਿਚਨ ਆਦਿ ਦਾ ਪ੍ਰਬੰਧ ਰਹੇਗਾ। ਟਾਇਰਾਂ ਵਾਲੇ ਇਸ ਕਮਰੇ ਨੂੰ ਲੋੜ ਮੁਤਾਬਕ ਧੁੱਪ ’ਚ ਆਸੇ-ਪਾਸੇ ਵੀ ਘੁਮਾਇਆ ਜਾ ਸਕੇਗਾ।
ਡਾਕਟਰਾਂ ਮੁਤਾਬਕ ਡੱਲੇਵਾਲ ਦੀ ਛੇਤੀ ਸਿਹਤਯਾਬੀ ਲਈ ਉਨ੍ਹਾਂ ਦੇ ਸਰੀਰ ਨੂੰ ਤਾਜ਼ੀ ਹਵਾ, ਧੁੱਪ ਅਤੇ ਰੌਸ਼ਨੀ ਲਾਜ਼ਮੀ ਕਰਾਰ ਦਿੱਤੀ ਹੈ। ਵਿਸ਼ੇਸ਼ ਟਰਾਲੀ ’ਚ ਤਬਦੀਲ ਕੀਤੇ ਜਾਣ ਮੌਕੇ ਮਾਹਿਰ ਡਾਕਟਰ, ਸਿਵਲ ਅਤੇ ਪੁਲੀਸ ਅਧਿਕਾਰੀ ਵੀ ਮੌਜੂਦ ਸਨ। ਇਸ ਦੌਰਾਨ ਕਿਸਾਨਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਜੈਕਾਰੇ ਅਤੇ ਨਾਅਰੇ ਵੀ ਗੂੰਜਦੇ ਰਹੇ। ਇਨਫੈਕਸ਼ਨ ਦੇ ਡਰ ਕਾਰਨ ਪਹਿਲਾਂ ਜਿਹੜੀ ਟਰਾਲੀ ’ਚ ਡੱਲੇਵਾਲ ਨੂੰ ਰੱਖਿਆ ਗਿਆ ਸੀ, ਉਥੇ ਹਰੇਕ ਪਹੁੰਚ ਨਹੀਂ ਬਣਾ ਸਕਦਾ ਸੀ। ਹੁਣ ਤਾਜ਼ਾ ਪ੍ਰਬੰਧਾਂ ਤਹਿਤ ਵਿਸ਼ੇਸ਼ ਟਰਾਲੀ ’ਚ ਇੱਕ ਪਾਰਦਰਸ਼ੀ ਸੀਸ਼ਾ ਵੀ ਹੈ, ਜਿਸ ਰਾਹੀਂ ਹਰੇਕ ਕਿਸਾਨ ਅਤੇ ਹੋਰ ਉਨ੍ਹਾਂ ਨੂੰ ਸਿੱਧੇ ਦੌਰ ’ਤੇ ਦੇਖਣ ਸਮੇਤ ਫਤਿਹ ਅਤੇ ਭਾਵਨਾਵਾਂ ਦਾ ਆਦਾਨ- ਪ੍ਰਦਾਨ ਕਰ ਸਕੇਗਾ। ਉਂਜ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਅਜੇ ਇਹ ਵੀ ਆਰਜ਼ੀ ਪ੍ਰਬੰਧ ਹੀ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਡੱਲੇਵਾਲ ਨੂੰ ਫੌਰੀ ਬਦਲਣ ਲਈ ਕਿਹਾ ਸੀ ਜਿਸ ਕਰਕੇ ਵਿਸੇਸ਼ ਤੌਰ ’ਤੇ ਤਿਆਰ ਕਰਵਾਈ ਗਈ ਟਰਾਲੀ ’ਚ ਉਨ੍ਹਾਂ ਨੂੰ ਤਬਦੀਲ ਕੀਤਾ ਗਿਆ ਹੈ।