ਟਰੰਪ ਸਰਕਾਰ ਦੇ ਫ਼ੈਸਲੇ ਨੇ ਕਈ ਪਰਿਵਾਰਾਂ ਨੂੰ ਆਰਥਿਕ ਢਾਹ ਲਾਈ

ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨੂੰ ਪਈ ਵਿੱਤੀ ਮਾਰ
ਟਰੰਪ ਸਰਕਾਰ ਦੇ ਫ਼ੈਸਲੇ ਨੇ ਕਈ ਪਰਿਵਾਰਾਂ ਨੂੰ ਆਰਥਿਕ ਢਾਹ ਲਾਈ
ਅੰਮ੍ਰਿਤਸਰ-ਅਮਰੀਕਾ ਦੀ ਡੋਨਲਡ ਟਰੰਪ ਸਰਕਾਰ ਦੇ ਮੁਲਕ ’ਚੋਂ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਕੱਢਣ ਦੇ ਫ਼ੈਸਲੇ ਨੇ ਕਈ ਪਰਿਵਾਰਾਂ ਨੂੰ ਨਾ ਸਿਰਫ ਵੱਡੀ ਆਰਥਿਕ ਢਾਹ ਲਾਈ ਹੈ ਸਗੋਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਵੀ ਚਕਨਾਚੂਰ ਕਰ ਦਿੱਤੇ ਹਨ। ਵਾਪਸ ਪਰਤੇ ਇਨ੍ਹਾਂ ਪੰਜਾਬੀਆਂ ਵਿੱਚੋਂ ਕਈ ਪਰਿਵਾਰਾਂ ਦੇ ਲੱਖਾਂ ਰੁਪਏ ਅਜਾਈਂ ਚਲੇ ਗਏ ਹਨ ਪਰ ਪਰਿਵਾਰਾਂ ਨੇ ਇਸ ਗੱਲ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੁਰੱਖਿਅਤ ਅਤੇ ਸੁੱਖੀ ਸਾਂਦੀ ਵਾਪਸ ਘਰ ਪਰਤ ਆਏ ਹਨ।
ਇਨ੍ਹਾਂ ਹੀ ਪਰਿਵਾਰਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਾਜਾਤਾਲ ਦਾ ਨੌਜਵਾਨ ਆਕਾਸ਼ਦੀਪ ਸਿੰਘ ਵੀ ਸ਼ਾਮਲ ਹੈ ਜਿਸ ਦਾ ਪਿਤਾ ਸਵਰਨ ਸਿੰਘ ਉਸ ਨੂੰ ਲੈਣ ਵਾਸਤੇ ਇੱਥੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜਾ ਹੋਇਆ ਸੀ। ਸਵਰਨ ਸਿੰਘ ਪਿੰਡ ’ਚ ਖੇਤੀਬਾੜੀ ਕਰਦਾ ਹੈ। ਉਨ੍ਹਾਂ ਕੋਲ ਲਗਪਗ ਢਾਈ-ਤਿੰਨ ਕਿੱਲੇ ਜ਼ਮੀਨ ਹੈ, ਜਿਸ ਤੋਂ ਘਰ ਦਾ ਗੁਜ਼ਾਰਾ ਚੱਲਦਾ ਹੈ। ਸਵਰਨ ਸਿੰਘ ਮੁਤਾਬਕ ਬਾਰ੍ਹਵੀਂ ਪਾਸ ਆਕਾਸ਼ਦੀਪ ਅੱਠ-ਨੌ ਮਹੀਨੇ ਪਹਿਲਾਂ ਦੁਬਈ ਗਿਆ ਸੀ, ਜਿੱਥੇ ਉਹ ਡਰਾਈਵਰੀ ਦਾ ਕੰਮ ਕਰਨਾ ਚਾਹੁੰਦਾ ਸੀ। ਲਗਪਗ ਇੱਕ ਮਹੀਨਾ ਪਹਿਲਾਂ ਉਸ ਨੇ ਦੁਬਈ ’ਚ ਰਹਿੰਦੇ ਕਿਸੇ ਏਜੰਟ ਰਾਹੀਂ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਕਿਹਾ, ‘‘ਲਗਪਗ 40 ਤੋਂ 45 ਲੱਖ ਰੁਪਏ ਅਮਰੀਕਾ ਜਾਣ ਵਾਸਤੇ ਖਰਚ ਆਏ ਹਨ ਜੋ ਕਿ ਉਸ ਨੇ ਦੋ ਕਿਸ਼ਤਾਂ ’ਚ ਭੇਜੇ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਸ ਦਾ ਬੇਟਾ ਅਮਰੀਕਾ ਜਾ ਕੇ ਫਸ ਜਾਵੇਗਾ।’’
ਪਿੰਡ ਸਲੇਮਪੁਰ ਦਾ ਦਲੇਰ ਸਿੰਘ ਵੀ ਅੱਜ ਅਮਰੀਕਾ ਤੋਂ ਵਾਪਸ ਪਰਤਿਆ ਹੈ। ਪਰਿਵਾਰ ਨੇ ਉਸ ਨੂੰ ਅਮਰੀਕਾ ਭੇਜਣ ਲਈ ਲਗਪਗ 60 ਲੱਖ ਰੁਪਏ ਖਰਚੇ ਸਨ। ਉਸ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ। ਪਤਨੀ ਚਰਨਜੀਤ ਕੌਰ ਨੇ ਦੱਸਿਆ ਕਿ ਦਲੇਰ ਸਿੰਘ ਇੱਥੇ ਕਈ ਸਾਲਾਂ ਤੋਂ ਬੱਸ ਦੇ ਡਰਾਈਵਰ ਵਜੋਂ ਕੰਮ ਕਰਦਾ ਸੀ। ਉਸ ਦੀ ਇੱਕ ਏਜੰਟ ਨਾਲ ਗੱਲ ਹੋਈ, ਜਿਸ ਨੇ ਅਮਰੀਕਾ ਵਿੱਚ ਚੰਗੀ ਨੌਕਰੀ ਦਿਵਾਉਣ ਲਈ 40 ਲੱਖ ਰੁਪਏ ਮੰਗੇ। ਇਸ ਚੱਕਰ ਵਿੱਚ ਪਹਿਲਾਂ ਉਸ ਨੂੰ ਦੁਬਈ ਭੇਜਿਆ ਗਿਆ, ਜਿੱਥੋਂ ਕੁਝ ਮਹੀਨਿਆਂ ਬਾਅਦ ਉਸ ਨੂੰ ਪਨਾਮਾ ਦੇ ਜੰਗਲ ਤੇ ਸਮੁੰਦਰੀ ਰਸਤੇ ਅਮਰੀਕਾ ਭੇਜਿਆ ਜਾਣਾ ਸੀ ਪਰ 15 ਜਨਵਰੀ ਤੋਂ ਬਾਅਦ ਦਲੇਰ ਦੀ ਆਪਣੇ ਪਰਿਵਾਰ ਨਾਲ ਕੋਈ ਗੱਲਬਾਤ ਨਾ ਹੋਈ। ਅਮਰੀਕਾ ਤੋਂ ਮੁੜੇ ਅੰਮ੍ਰਿਤਸਰ ਦੇ ਪੰਜ ਵਿਅਕਤੀਆਂ ’ਚ ਸ਼ਾਮਲ ਅਜੈਦੀਪ ਸਿੰਘ ਨੂੰ ਉਸ ਦੇ ਦਾਦਾ ਚਰਨਜੀਤ ਸਿੰਘ ਹਵਾਈ ਅੱਡੇ ’ਤੇ ਲੈਣ ਵਾਸਤੇ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਅਜੈਦੀਪ ਲਗਪਗ 15 ਦਿਨ ਪਹਿਲਾਂ ਹੀ ਅਮਰੀਕਾ ਗਿਆ ਸੀ
ਅਮਰੀਕਾ ’ਚ ਮੰਗੇਤਰ ਨਾਲ ਵਿਆਹ ਕਰਵਾਉਣ ਗਈ ਸੀ ਵਰਪਾਲ ਦੀ ਸੁਖਜੀਤ
ਪਿੰਡ ਵਰਪਾਲ ਦੀ ਸੁਖਜੀਤ ਅਮਰੀਕਾ ’ਚ ਰਹਿੰਦੇ ਆਪਣੇ ਮੰਗੇਤਰ ਨਾਲ ਵਿਆਹ ਕਰਵਾਉਣ ਵਾਸਤੇ ਗਈ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਫਸ ਗਈ ਤੇ ਉਸ ਨੂੰ ਵਾਪਸ ਪਰਤਣਾ ਪਿਆ। ਉਸ ਦਾ ਪਿਤਾ ਕਾਬਲ ਸਿੰਘ ਇਟਲੀ ’ਚ ਹੈ ਤੇ ਇੱਥੇ ਉਸ ਦੀ ਮਾਂ ਅਤੇ ਭਰਾ ਹਨ। ਉਸ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਸੁਖਜੀਤ ਬਾਰ੍ਹਵੀਂ ਪਾਸ ਹੈ। ਉਹ ਏਜੰਟ ਦੇ ਹੱਥੇ ਚੜ੍ਹ ਕੇ ਗਲਤ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਈ ਸੀ, ਜਿਸ ਦੇ ਸਿੱਟੇ ਵਜੋਂ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ।