ਓਂਟਾਰੀਓ ’ਚ ਸ਼ਰਾਬ ਦੇ ਠੇਕੇ ਲੁੱਟਣ ਵਾਲੇ ਪੰਜਾਬੀਆਂ ’ਚੋਂ 5 ਗ੍ਰਿਫ਼ਤਾਰ, ਦੋ ਦੀ ਭਾਲ ਜਾਰੀ

ਓਂਟਾਰੀਓ ’ਚ ਸ਼ਰਾਬ ਦੇ ਠੇਕੇ ਲੁੱਟਣ ਵਾਲੇ ਪੰਜਾਬੀਆਂ ’ਚੋਂ 5 ਗ੍ਰਿਫ਼ਤਾਰ, ਦੋ ਦੀ ਭਾਲ ਜਾਰੀ
ਵੈਨਕੂਵਰ-ਕੈਨੇਡਾ ਦੀ ਪੀਲ ਪੁਲੀਸ ਨੇ ਪਿਛਲੇ ਮਹੀਨਿਆਂ ’ਚ ਓਂਟਾਰੀਓ ਦੇ 50 ਸਰਕਾਰੀ ਸ਼ਰਾਬ ਠੇਕਿਆਂ ਤੋਂ 2.40 ਲੱਖ ਡਾਲਰ (ਕਰੀਬ ਡੇਢ ਕਰੋੜ ਰੁਪਏ) ਦੀ ਸ਼ਰਾਬ ਚੋਰੀ ਕਰਨ ਵਾਲੇ ਸੱਤ ਪੰਜਾਬੀਆਂ ’ਚੋਂ 5 ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੋ ਹੋਰਾਂ ਦੀ ਭਾਲ ਜਾਰੀ ਹੈ। ਗ੍ਰਿਫ਼ਤਾਰ ਕੀਤੇ ਪੰਜ ਜਣਿਆਂ ’ਚੋਂ ਤਿੰਨ ਪਹਿਲਾਂ ਹੀ ਅਜਿਹੇ ਦੋਸ਼ਾਂ ਅਧੀਨ ਸ਼ਰਤਾਂ ਤਹਿਤ ਜ਼ਮਾਨਤ ’ਤੇ ਸਨ। ਗਰੋਹ ਨੇ ਹਰੇਕ ਠੇਕੇ ਤੋਂ ਮੌਕੇ ਅਨੁਸਾਰ ਚੋਰੀ ਜਾਂ ਲੁੱਟ ਕਰਨ ਲਈ ਵੱਖ ਵੱਖ ਢੰਗ ਅਪਣਾਏ।
ਪੁਲੀਸ ਦੇ ਡਿਪਟੀ ਚੀਫ ਮਾਰਕ ਐਂਡਰਿਊ ਅਨੁਸਾਰ ਲੁੱਟ ਅਤੇ ਚੋਰੀ ਦੇ ਦੋਸ਼ਾਂ ਅਧੀਨ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਨੁਜ ਕੁਮਾਰ (25), ਸਿਮਰਪ੍ਰੀਤ ਸਿੰਘ (29), ਸ਼ਰਨਦੀਪ ਸਿੰਘ (25) ਤੇ ਸਿਮਰਜੀਤ ਸਿੰਘ ਅਤੇ ਪ੍ਰਭਪ੍ਰੀਤ ਸਿੰਘ (29) ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਅਨੁਸਾਰ ਜਗਸੀਰ ਸਿੰਘ (28) ਤੇ ਪੁਨੀਤ ਸਹਿਜਰਾ (25) ਫਰਾਰ ਹਨ, ਜਿਨ੍ਹਾਂ ਦੀ ਪੁਲੀਸ ਭਾਲ ਕਰ ਰਹੀ ਹੈ। ਹਾਲਾਂਕਿ ਦੋਵਾਂ ਬੇਘਰਿਆਂ ਦਾ ਪੱਕਾ ਟਿਕਾਣਾ ਨਾ ਹੋਣ ਕਰਕੇ ਫੜਨ ਵਿੱਚ ਦੇਰੀ ਹੋ ਰਹੀ ਹੈ। ਪੁਲੀਸ ਨੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਪੁਲੀਸ ਮੁਤਾਬਕ ਪੁੱਛਗਿੱਛ ਅਤੇ ਜਾਂਚ ਦੌਰਾਨ ਹੋਰ ਖੁਲਾਸੇ ਹੋਣਗੇ, ਜਿਸ ਮਗਰੋਂ ਦੋਸ਼ਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਓਂਟਾਰੀਓ ਵਿੱਚ ਸ਼ਰਾਬ ਵਿਕਰੀ ਦਾ ਸਾਰਾ ਕਾਰੋਬਾਰ ਓਂਟਾਰੀਓ ਲਿੱਕਰ ਕੰਟਰੋਲ ਬੋਰਡ ਕੋਲ ਹੈ। ਪੁਲੀਸ ਅਨੁਸਾਰ ਇਹ ਲੋਕ ਠੇਕਿਆਂ ਅੰਦਰ ਜਾ ਕੇ ਮਹਿੰਗੀ ਸ਼ਰਾਬ ਟਰਾਲੀਆਂ ਵਿੱਚ ਲੱਦ ਕੇ, ਗੇਟ ਕੀਪਰ ਨੂੰ ਡਰਾ ਧਮਕਾ ਕੇ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਫਰਾਰ ਹੋ ਜਾਂਦੇ ਸਨ। ਇਹ ਸਿਲਸਿਲਾ 4-5 ਮਹੀਨੇ ਚਲਦਾ ਰਿਹਾ।