ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅਕਾਲ ਤਖ਼ਤ ’ਤੇ ਅਰਦਾਸ

ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅਕਾਲ ਤਖ਼ਤ ’ਤੇ ਅਰਦਾਸ
ਅੰਮ੍ਰਿਤਸਰ-ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਸੰਗਠਨ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ਹੇਠ ਅੱਜ ਇੱਥੇ ਸ੍ਰੀ ਅਕਾਲ ਤਖ਼ਤ ਵਿਖੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅਰਦਾਸ ਕੀਤੀ ਹੈ। ਨੁਮਾਇੰਦਿਆਂ ਨੇ ਸ੍ਰੀ ਅਕਾਲ ਤਖ਼ਤ ਦੀ ਪ੍ਰਭੂਸੱਤਾ ਸੰਪੰਨ ਸੱਤਾ ਸਿੱਖ ਸੰਗਤ ਦੇ ਹੱਥਾਂ ਵਿੱਚ ਦੇਣ ਅਤੇ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਅਤੇ ਕਾਰਜ ਖੇਤਰ ਲਈ ਵਿਧੀ ਵਿਧਾਨ ਬਣਾਉਣ ਲਈ ਅਰਦਾਸ ਕੀਤੀ ਹੈ।
ਮੀਡੀਆ ਨਾਲ ਗੱਲ ਕਰਦਿਆਂ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਅੱਜ ਇਨ੍ਹਾਂ ਦੋਵਾਂ ਮੁੱਦਿਆਂ ਨੂੰ ਲੈ ਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਅਰਦਾਸ ਵਿੱਚ ਸ੍ਰੀ ਅਕਾਲ ਤਖ਼ਤ ਦੀ ਪ੍ਰਭੂਸੱਤਾ ਸੰਪੰਨ ਸੱਤਾ ਵਾਸਤੇ ਇਸ ਦਾ ਪ੍ਰਬੰਧ ਸਿੱਖ ਸੰਗਤ ਦੇ ਹੱਥ ਵਿੱਚ ਦੇਣ ਦੀ ਜੋਦੜੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਦਾ ਪ੍ਰਬੰਧ ਸਿੱਖ ਸੰਗਤ ਕੋਲ ਨਾ ਹੋਣ ਕਰਕੇ ਅਤੇ ਜਥੇਦਾਰਾਂ ਦੇ ਨਿਯੁਕਤੀ, ਸੇਵਾ ਮੁਕਤੀ ਆਦਿ ਬਾਰੇ ਕੋਈ ਵਿਧੀ ਵਿਧਾਨ ਨਾ ਹੋਣ ਕਾਰਨ ਹੀ ਅੱਜ ਮੌਜੂਦਾ ਹਾਲਾਤ ਪੈਦਾ ਹੋਏ ਹਨ। ਇਸ ਕਾਰਨ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ।
ਨਵੇਂ ਥਾਪੇ ਗਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਅੱਜ ਸਵੇਰੇ ਸੇਵਾ ਸੰਭਾਲਣ ਅਤੇ ਜਥੇਦਾਰਾਂ ਦੀਆਂ ਸੇਵਾਵਾਂ ਖਤਮ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਵਿਧੀ ਵਿਧਾਨ ਨਾ ਹੋਣ ਕਾਰਨ ਹੀ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰਾਂ ਦੀ ਸੇਵਾਮੁਕਤੀ ਅਤੇ ਨਿਯੁਕਤੀ ਕਿਸੇ ਵਿਧੀ ਵਿਧਾਨ ਤਹਿਤ ਨਾ ਕੀਤੇ ਜਾਣ ਕਾਰਨ ਹੀ ਸੰਗਤ ਵਿੱਚ ਰੋਸ ਹੈ ਅਤੇ ਇਸੇ ਦਾ ਸਿੱਟਾ ਹੈ ਕਿ ਅੱਜ ਸਵੇਰੇ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਕੁਲਦੀਪ ਸਿੰਘ ਦਾ ਸੇਵਾ ਸੰਭਾਲ ਸਮਾਗਮ ਮੂੰਹ ਹਨੇਰੇ ਵਿਚ ਬਿਨਾਂ ਸੰਗਤਾਂ ਅਤੇ ਬਿਨਾਂ ਸਿੱਖ ਜਥੇਬੰਦੀਆਂ ਤੋਂ ਹੀ ਕਰ ਦਿੱਤਾ ਹੈ।
ਜਸਵਿੰਦਰ ਸਿੰਘ ਐਡਵੋਕੇਟ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਜਬਰੀ ਸੇਵਾ ਮੁਕਤੀ ਸਬੰਧੀ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ’ਤੇ ਦੋਸ਼ ਲਾਇਆ ਗਿਆ ਹੈ ਕਿ ਉਹ ਸਿੱਖ ਕੌਮ ਨੂੰ ਇਕਜੁੱਟ ਕਰਨ ਵਿੱਚ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਉਹ ਅਯੋਗ ਹਨ ਤਾਂ ਫਿਰ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਅਹੁਦੇ ’ਤੇ ਕਿਉਂ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਸ ਕਰਕੇ ਹੋਇਆ ਹੈ ਕਿਉਂਕਿ ਉਹ ਇੱਕ ਸਿਆਸੀ ਜਥੇਬੰਦੀ ਨੂੰ ਲਾਭ ਦੇਣ ਲਈ ਉਨ੍ਹਾਂ ਦੀ ਇੱਛਾ ਮੁਤਾਬਕ ਕੰਮ ਨਹੀਂ ਕਰ ਸਕੇ। ਇਸ ਲਈ ਉਹ ਸ੍ਰੀ ਅਕਾਲ ਤਖਤ ਦੇ ਜਥੇਦਾਰ ਵਜੋਂ ਅਯੋਗ ਹਨ।