ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ’ਤੇ ਟੈਕਸ ਵਧਾ ਕੇ 25 ਫ਼ੀਸਦ ਕੀਤਾ

ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ’ਤੇ ਟੈਕਸ ਵਧਾ ਕੇ 25 ਫ਼ੀਸਦ ਕੀਤਾ
ਵਾਸ਼ਿੰਗਟਨ-ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਸਾਰੇ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਦੀ ਦਰਾਮਦ ’ਤੇ ਟੈਕਸ ਵਧਾ ਕੇ 25 ਫ਼ੀਸਦ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਟੈਕਸਾਂ ਨਾਲ ਅਮਰੀਕੀ ਫੈਕਟਰੀਆਂ ’ਚ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ’ਚ ਸਹਾਇਤਾ ਮਿਲੇਗੀ। ਟਰੰਪ ਨੇ ਧਾਤਾਂ ’ਤੇ ਸਾਲ 2018 ਦੀਆਂ ਸਾਰੀਆਂ ਛੋਟਾਂ ਨੂੰ ਵੀ ਖ਼ਤਮ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ, ਮੈਕਸਿਕੋ ਅਤੇ ਚੀਨ ਉਪਰ ਵੱਖਰੇ ਤੌਰ ’ਤੇ ਟੈਕਸ ਲਾਉਣ ਦਾ ਐਲਾਨ ਕੀਤਾ ਹੋਇਆ ਹੈ। ਟਰੰਪ ਨੇ ਕੈਨੇਡਾ ਤੋਂ ਆਉਣ ਵਾਲੇ ਸਟੀਲ ਅਤੇ ਅਲੂਮਨੀਅਮ ਉਤਪਾਦਾਂ ’ਤੇ 50 ਫ਼ੀਸਦ ਟੈਕਸ ਲਗਾਉਣ ਦੀ ਧਮਕੀ ਦਿੱਤੀ ਸੀ ਪਰ ਓਂਟਾਰੀਓ ਸੂਬੇ ਵੱਲੋਂ ਮਿਸ਼ੀਗਨ, ਮਿਨੀਸੋਟਾ ਅਤੇ ਨਿਊਯਾਰਕ ਨੂੰ ਵੇਚੀ ਜਾਣ ਵਾਲੀ ਬਿਜਲੀ ’ਤੇ ਸਰਚਾਰਜ ਲਗਾਉਣ ਦੀ ਯੋਜਨਾ ਮੁਅੱਤਲ ਕਰਨ ਮਗਰੋਂ ਉਨ੍ਹਾਂ 25 ਫ਼ੀਸਦ ਟੈਕਸ ਲਗਾਉਣ ਦਾ ਹੀ ਫ਼ੈਸਲਾ ਲਿਆ ਹੈ। ਉਨ੍ਹਾਂ ਯੂਰੋਪੀ ਯੂਨੀਅਨ, ਬ੍ਰਾਜ਼ੀਲ ਅਤੇ ਦੱਖਣੀ ਕੋਰੀਆ ’ਤੇ ਵੀ ਦਰਾਮਦਾਂ ਉਪਰ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੋਈ ਹੈ। ਟਰੰਪ ਨੇ ਮੰਗਲਵਾਰ ਨੂੰ ਬਿਜ਼ਨਸ ਰਾਊਂਡ ਟੇਬਲ ਦੇ ਸੀਈਓਜ਼ ਨੂੰ ਕਿਹਾ ਕਿ ਟੈਕਸਾਂ ਕਾਰਨ ਕੰਪਨੀਆਂ ਨੂੰ ਅਮਰੀਕੀ ਫੈਕਟਰੀਆਂ ’ਚ ਨਿਵੇਸ਼ ਕਰਨ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕੰਪਨੀਆਂ ਅਮਰੀਕਾ ਆ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੀਆਂ ਤਾਂ ਇਹ ਸਾਡੀ ਵੱਡੀ ਜਿੱਤ ਹੋਵੇਗੀ।