ਸੁਨੀਤਾ ਵਿਲੀਅਮਸ ਦੀ ਪੁਲਾੜ ਤੋਂ ਧਰਤੀ ’ਤੇ ਸੁਰੱਖਿਅਤ ਵਾਪਸੀ

ਸੁਨੀਤਾ ਵਿਲੀਅਮਸ ਦੀ ਪੁਲਾੜ ਤੋਂ ਧਰਤੀ ’ਤੇ ਸੁਰੱਖਿਅਤ ਵਾਪਸੀ
ਕੇਪ ਕੈਨਾਵੇਰਲ- ਕੌਮਾਂਤਰੀ ਪੁਲਾੜ ਕੇਂਦਰ ਵਿਚ ਪਿਛਲੇ ਨੌਂ ਮਹੀਨਿਆਂ ਤੋਂ ਫਸੀ ਨਾਸਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਧਰਤੀ ’ਤੇ ਪਰਤ ਆਏ ਹਨ। ਭਾਰਤੀ ਸਮੇਂ ਮੁਤਾਬਕ ਬੁੱਧਵਾਰ ਵੱਡੇ ਤੜਕੇ ਸਪੇਸਐਕਸ ਦਾ ਕੈਪਸੂਲ ਫਲੋਰੀਡਾ ਦੇ ਸਾਹਿਲ ਉੱਤੇ ਉੱਤਰਿਆ। ਦੋਵੇਂ ਪੁਲਾੜ ਯਾਤਰੀ ਨੌਂ ਮਹੀਨੇ ਪਹਿਲਾਂ ਬੋਇੰਗ ਦੀ ਇਕ ਪ੍ਰੀਖਣ ਉਡਾਨ ਜ਼ਰੀਏ ਪੁਲਾੜ ਕੇਂਦਰ ਵਿਚ ਪਹੁੰਚੇ ਸਨ। ਉਨ੍ਹਾਂ ਦਾ ਮਿਸ਼ਨ ਭਾਵੇਂ ਕੁਝ ਦਿਨਾਂ ਦਾ ਸੀ ਪਰ ਹੀਲੀਅਮ ਗੈਸ ਦੇ ਰਿਸਾਅ ਤੇ ਰਫ਼ਤਾਰ ਘਟਣ ਕਰਕੇ ਉਨ੍ਹਾਂ ਨੂੰ ਨੌਂ ਮਹੀਨੇ ਪੁਲਾੜ ਵਿਚ ਰਹਿਣਾ ਪਿਆ।
ਕੈਪਸੂਲ ਅਮਰੀਕਾ ਦੇ ਪੂਰਬੀ ਸਾਹਿਲੀ ਸਮੇਂ ਮੁਤਾਬਕ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਇਕ ਵਜੇ (ਭਾਰਤੀ ਸਮੇਂ ਮੁਤਾਬਕ ਸਵੇਰੇ 10:30 ਵਜੇ) ਦੇ ਕਰੀਬ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਵੱਖ ਹੋਇਆ ਤੇ ਇਸ ਦੇ ਮੌਸਮ ਮੁਆਫ਼ਕ ਹੋਣ ਮਗਰੋਂ ਪੂਰਬੀ ਸਾਹਿਲੀ ਸਮੇਂ ਅਨੁਸਾਰ 5:57 (ਭਾਰਤੀ ਸਮੇਂ ਮੁਤਾਬਕ ਮੰਗਲਵਾਰ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ 3:27 ਵਜੇ) ਫਲੋਰੀਡਾ ਦੇ ਸਾਹਿਲ ’ਤੇ ਉਤਰਿਆ।
ਦੋਵੇਂ ਪੁਲਾੜ ਯਾਤਰੀ ਪੰਜ ਜੂਨ 2024 ਨੂੰ ਬੋਇੰਗ ਦੇ ਨਵੇਂ ਸਟਾਰਲਾਈਨਰ ਕਰੂ ਕੈਪਸੂਲ ਵਿਚ ਸਵਾਰ ਹੋ ਕੇ ਪੁਲਾੜ ਵਿਚ ਗਏ ਸਨ ਤੇ ਉਨ੍ਹਾਂ ਇਕ ਹਫ਼ਤੇ ਮਗਰੋਂ ਪਰਤ ਆਉਣਾ ਸੀ। ਪੁਲਾੜ ਸਟੇਸ਼ਨ ਦੇ ਰਾਹ ਵਿਚ ਇੰਨੀਆਂ ਸਮੱਸਿਆਵਾਂ ਆਈਆਂ ਕਿ ਨਾਸਾ ਨੂੰ ਅਖੀਰ ਵਿਚ ਸਟਾਰਲਾਈਨਰ ਨੂੰ ਖਾਲੀ ਵਾਪਸ ਧਰਤੀ ’ਤੇ ਲਿਆਉਣਾ ਪਿਆ ਤੇ ਪ੍ਰੀਖਣ ਪਾਇਲਟਾਂ ਨੂੰ ਸਪੇਸਐਕਸ ਵਿਚ ਤਬਦੀਲ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਘਰ ਵਾਪਸੀ ਫਰਵਰੀ ਤੱਕ ਟਲ ਗਈ। ਇਸ ਤੋਂ ਬਾਅਦ ਸਪੇਸਐਕਸ ਕੈਪਸੂਲ ਸਬੰਧੀ ਸਮੱਸਿਆਵਾਂ ਕਰਕੇ ਇਕ ਮਹੀਨੇ ਦੀ ਹੋਰ ਦੇਰੀ ਹੋਈ
ਐਤਵਾਰ ਨੂੰ ਦੋਵਾਂ ਪੁਲਾੜ ਯਾਤਰੀਆਂ ਨੂੰ ਉਦੋਂ ਰਾਹਤ ਮਿਲੀ ਜਦੋਂਕਿ ਰਾਹਤ ਦਲ ਪੁਲਾੜ ਕੇਂਦਰ ਪੁੱਜਾ। ਇਸ ਨਾਲ ਵਿਲਮੋਰ ਤੇ ਵਿਲੀਅਮਸ ਦੀ ਧਰਤੀ ’ਤੇ ਵਾਪਸੀ ਦਾ ਰਾਹ ਪੱਧਰਾ ਹੋ ਗਿਆ। ਨਾਸਾ ਨੇ ਇਸ ਹਫ਼ਤੇ ਦੇ ਅਖੀਰ ਬੇਯਕੀਨੀ ਵਾਲੀਆਂ ਮੌਸਮੀ ਪੇਸ਼ੀਨਗੋਈਆਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਧਰਤੀ ’ਤੇ ਵਾਪਸ ਲਿਆਉਣ ਦਾ ਅਮਲ ਥੋੜ੍ਹਾ ਪਹਿਲਾਂ ਸ਼ੁਰੂ ਕਰ ਦਿੱਤਾ।