ਸਿਸੋਦੀਆ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਨਿਯੁਕਤ

ਸਿਸੋਦੀਆ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਨਿਯੁਕਤ
ਨਵੀਂ ਦਿੱਲੀ-ਦਿੱਲੀ ਵਿਧਾਨ ਸਭਾ ਵਿੱਚ ਹਾਰ ਮਗਰੋਂ ਆਮ ਆਦਮੀ ਪਾਰਟੀ ਵੱਲੋਂ ਆਪਣੀ ਹੋਂਦ ਵਾਲੇ ਮੁੱਖ ਰਾਜਾਂ ਦਿੱਲੀ, ਪੰਜਾਬ, ਗੁਜਰਾਤ ਤੇ ਗੋਆ ਵਿੱਚ ਪਾਰਟੀ ਅੰਦਰ ਸੰਗਠਨਾਤਮਕ ਤਬਦੀਲੀ ਕੀਤੀ ਗਈ ਹੈ, ਜਿਸ ਤਹਿਤ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਵਿਖੇ ਸੰਸਦੀ ਮਾਮਲਿਆਂ ਬਾਰੇ ਕਮੇਟੀ ਦੀ ਹੋਈ ਬੈਠਕ ਵਿੱਚ ਲਏ ਗਏ ਫ਼ੈਸਲਿਆਂ ਮੁਤਾਬਕ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦਾ ਇੰਚਾਰਜ ਅਤੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜੈਨ ਸੰਗਠਨਾਤਮਕ ਕੰਮ ਸੰਭਾਲਣਗੇ ਅਤੇ ਕੇਂਦਰੀ ਲੀਡਰਸ਼ਿਪ ਵੱਲੋਂ ਨਿਰਧਾਰਤ ਟੀਚਿਆਂ ਨੂੰ ਲਾਗੂ ਕਰਨ ਵਿੱਚ ਸੂਬਾ ਕਨਵੀਨਰ ਅਤੇ ਅਹੁਦੇਦਾਰਾਂ ਦੀ ਮਦਦ ਕਰਨਗੇ। ਇਸ ਤੋਂ ਇਲਾਵਾ ਸਿਸੋਦੀਆ ‘ਆਪ’ ਦੇ ਵਾਅਦਿਆਂ ਨੂੰ ਲਾਗੂ ਕਰਨ ’ਤੇ ਧਿਆਨ ਦੇਣਗੇ। ਇੰਚਾਰਜਾਂ ਵਜੋਂ ਉਹ ‘ਆਪ’ ਹਾਈਕਮਾਂਡ ਅਤੇ ਪੰਜਾਬ ਯੂਨਿਟ ਦਰਮਿਆਨ ਇਕ ਸੇਤੂ ਦਾ ਕੰਮ ਕਰਨਗੇ। ਦੋਵੇਂ ਆਗੂ ਸੰਗਠਨਾਤਮਕ ਕੰਮ ਤੋਂ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਸਿਹਤ ਅਤੇ ਸਿੱਖਿਆ ਖੇਤਰ ਦੀ ਕਾਇਆਕਲਪ ਕਰਨ ਅਤੇ ਮਜ਼ਬੂਤੀ ਵਿੱਚ ਸਹਾਇਤਾ ਦੇ ਨਾਲ ‘ਪੰਜਾਬ ਮਾਡਲ’ ਬਣਾਉਣ ’ਚ ਮਦਦ ਕਰਨਗੇ। ਸਿਸੋਦੀਆ ਵੱਲੋਂ ਦਿੱਲੀ ਦੀ ਸਿੱਖਿਆ ਨੀਤੀ ਤਹਿਤ ਕਈ ਸੁਧਾਰ ਕੀਤੇ ਗਏ ਸਨ। ਬੈਠਕ ਵਿੱਚ ਗੋਪਾਲ ਰਾਏ ਦੀ ਥਾਂ ਸੌਰਭ ਭਾਰਦਵਾਜ ਨੂੰ ਦਿੱਲੀ ਇਕਾਈ ਦਾ ਪ੍ਰਧਾਨ ਬਣਾਇਆ ਗਿਆ। ਮੀਟਿੰਗ ਵਿੱਚ ਦਿੱਲੀ ਲਈ ਪਾਰਟੀ ਦੀਆਂ ਰਣਨੀਤੀਆਂ ਅਤੇ ਪੰਜਾਬ, ਗੁਜਰਾਤ ਤੇ ਗੋਆ ਵਿੱਚ ਇਸ ਦੇ ਵਿਸਥਾਰ ਦੀਆਂ ਯੋਜਨਾਵਾਂ ਬਾਰੇ ਵੀ ਚਰਚਾ ਕੀਤੀ ਗਈ।