ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਨਿਰਾਸ਼ ਗ੍ਰੰਥੀ ਨੂੰ ਕਕਾਰ ਤਿਆਗਣ ਤੋਂ ਰੋਕਿਆ

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਨਿਰਾਸ਼ ਗ੍ਰੰਥੀ ਨੂੰ ਕਕਾਰ ਤਿਆਗਣ ਤੋਂ ਰੋਕਿਆ

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਨਿਰਾਸ਼ ਗ੍ਰੰਥੀ ਨੂੰ ਕਕਾਰ ਤਿਆਗਣ ਤੋਂ ਰੋਕਿਆ
ਅੰਮ੍ਰਿਤਸਰ-ਸ੍ਰੀ ਅਕਾਲ ਤਖਤ ਦੇ ਨਵ ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਪਹਿਲਕਦਮੀ ਕਰਦਿਆਂ ਇੱਕ ਗ੍ਰੰਥੀ ਸਿੰਘ ਨੌਜਵਾਨ ਨੂੰ ਕਿਸੇ ਕਾਰਨ ਨਿਰਾਸ਼ਾ ਵਿੱਚ ਆਪਣੇ ਕਕਾਰ ਉਤਾਰਨ ਤੋਂ ਨਾ ਸਿਰਫ ਰੋਕਿਆ ਸਗੋਂ ਉਸ ਦੀ ਗੱਲ ਸੁਣਨ ਅਤੇ ਮਦਦ ਦਾ ਭਰੋਸਾ ਵੀ ਦਿੱਤਾ ਹੈ। ਇਸ ਗ੍ਰੰਥੀ ਸਿੰਘ ਨੂੰ ਭਲਕੇ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਮੁਲਾਕਾਤ ਲਈ ਬੁਲਾਇਆ ਗਿਆ ਹੈ। ਇਸ ਗ੍ਰੰਥੀ ਸਿੰਘ ਦੀ ਸ਼ਨਾਖਤ ਗਿਆਨੀ ਹਰਪ੍ਰੀਤ ਸਿੰਘ ਵਾਸੀ ਬਰਨਾਲਾ ਵਜੋਂ ਦੱਸੀ ਗਈ ਹੈ, ਜੋ ਲੁਧਿਆਣਾ ਦੇ ਇੱਕ ਗੁਰਦੁਆਰੇ ਵਿੱਚ ਬਤੌਰ ਗ੍ਰੰਥੀ ਕੰਮ ਕਰ ਰਿਹਾ ਸੀ। ਗੁਰਦੁਆਰਾ ਕਮੇਟੀ ਨਾਲ ਕਿਸੇ ਕਾਰਨ ਹੋਏ ਵਿਵਾਦ ਮਗਰੋਂ ਉਸ ਨੇ ਨੌਕਰੀ ਛੱਡਣ ਦਾ ਫੈਸਲਾ ਕੀਤਾ ਸੀ। ਉਸ ਵੱਲੋਂ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਸੀ ਅਤੇ ਇਸ ਵੀਡੀਓ ਵਿੱਚ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨੂੰ ਵੀ ਸੰਬੋਧਨ ਕੀਤਾ ਗਿਆ ਸੀ। ਵਾਇਰਲ ਹੋਈ ਇਸ ਵੀਡੀਓ ਵਿੱਚ ਇਹ ਗ੍ਰੰਥੀ ਸਿੰਘ ਨੌਜਵਾਨ ਰੋਂਦਾ ਹੋਇਆ ਦਿਖਾਈ ਦਿੰਦਾ ਹੈ ਅਤੇ ਆਪਣਾ ਹਰਮੋਨੀਅਮ ਅਤੇ ਗਲ ਵਿਚ ਪਾਇਆ ਗ੍ਰੰਥੀ ਸਿੰਘਾਂ ਵਾਲਾ ਪਰਨਾ ਤਿਆਗਣ ਦੀ ਗੱਲ ਕਰਦਾ ਹੈ। ਉਹ ਆਪਣਾ ਗਾਤਰਾ ਵੀ ਉਤਾਰਦਾ ਦਿਖਾਈ ਦਿੰਦਾ ਹੈ। ਵੀਡੀਓ ਵਿੱਚ ਉਹ ਆਪ ਬੀਤੀ ਵੀ ਬਿਆਨ ਕਰ ਰਿਹਾ ਹੈ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅੱਜ ਜਥੇਦਾਰ ਗਿਆਨੀ ਗੜਗੱਜ ਨੇ ਇਸ ਨੌਜਵਾਨ ਨਾਲ ਸੰਪਰਕ ਕੀਤਾ ਅਤੇ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ। ਜਥੇਦਾਰ ਨੇ ਉਸ ਨੂੰ ਸਮਝਾਇਆ ਅਤੇ ਕਕਾਰ ਦੇ ਹੋਏ ਨਿਰਾਦਰ ਤੋਂ ਵੀ ਜਾਣੂ ਕਰਵਾਇਆ ਹੈ। ਜਥੇਦਾਰ ਵੱਲੋਂ ਉਸ ਨੂੰ ਭਲਕੇ 22 ਮਾਰਚ ਨੂੰ ਸ਼੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਸੱਦਿਆ ਗਿਆ ਹੈ। ਉਸ ਨੂੰ ਆਖਿਆ ਹੈ ਕਿ ਉਹ ਹੋਈ ਭੁੱਲ ਵਾਸਤੇ ਗੁਰੂ ਦੇ ਚਰਨਾਂ ਵਿੱਚ ਆ ਕੇ ਖਿਮਾ ਯਾਚਨਾ ਵੀ ਕਰੇ। ਉਹਨਾਂ ਨੇ ਉਸਨੂੰ ਮਦਦ ਦਾ ਵੀ ਭਰੋਸਾ ਦਿੱਤਾ ਹੈ।

Radio Mirchi