13 ਮਹੀਨਿਆਂ ਬਾਅਦ ਸਿੰਘੂ ਬਾਰਡਰ ਤੋਂ ਹਟਾਏ ਸਾਰੇ ਬੈਰੀਕੇਡ

13 ਮਹੀਨਿਆਂ ਬਾਅਦ ਸਿੰਘੂ ਬਾਰਡਰ ਤੋਂ ਹਟਾਏ ਸਾਰੇ ਬੈਰੀਕੇਡ
ਸੋਨੀਪਤ-ਦਿੱਲੀ ਪੁਲੀਸ ਨੇ ਅੱਜ ਸਿੰਘੂ ਬਾਰਡਰ ਨੇੜੇ ਕੌਮੀ ਸ਼ਾਹਰਾਹ ਨੰਬਰ 44 ਤੋਂ ਸਾਰੇ ਬੈਰੀਕੇਡ ਹਟਾ ਦਿੱਤੇ ਹਨ। ਇਸ ਨਾਲ ਰਾਹਗੀਰਾਂ ਅਤੇ ਇਲਾਕੇ ਵਿਚਲੇ ਉਦਯੋਗਾਂ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਦੇ ਕਿਸਾਨਾਂ ਦੇ ਕੌਮੀ ਰਾਜਧਾਨੀ ਵੱਲ ਮਾਰਚ ਨੂੰ ਰੋਕਣ ਲਈ ਪਿਛਲੇ ਸਾਲ 13 ਫਰਵਰੀ ਨੂੰ ਇਸ ਬਾਰਡਰ ’ਤੇ ਬੈਰੀਕੇਡ ਲਗਾਏ ਗਏ ਸਨ। ਹਾਲਾਂਕਿ, ਦਿੱਲੀ-ਪਾਣੀਪਤ ਲੇਨ ’ਤੇ ਆਵਾਜਾਈ ਪੂਰੀ ਤਰ੍ਹਾਂ ਬਹਾਲ ਹੋ ਚੁੱਕੀ ਹੈ ਪਰ ਪੁਲੀਸ ਵੱਲੋਂ ਅਜੇ ਵੀ ਇਸ ਸੜਕ ਤੋਂ ਮਲਬਾ ਹਟਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਪਿਛਲੇ ਸਾਲ, ਦਿੱਲੀ ਪੁਲੀਸ ਨੇ ਢੋਆ-ਢੁਆਈ ਵਾਲੀ ਇਸ ਪ੍ਰਮੁੱਖ ਸੜਕ ਅਤੇ ਕੌਮੀ ਸ਼ਾਹਰਾਹ ਨੰਬਰ-44 ਦੀਆਂ ਸਰਵਿਸ ਲੇਨਾਂ ਨੂੰ ਦੋਵੇਂ ਪਾਸੇ ਤੋਂ ਬਹੁ-ਪੱਧਰੀ ਬੈਰੀਕੇਡਾਂ ਨਾਲ ਸੀਲ ਕਰ ਦਿੱਤਾ ਸੀ, ਤਾਂ ਜੋ ਕੌਮੀ ਰਾਜਧਾਨੀ ਵੱਲ ਵਧ ਰਹੇ ਕਿਸਾਨਾਂ ਨੂੰ ਰੋਕਿਆ ਜਾ ਸਕੇ। ਹਰਿਆਣਾ ਪੁਲੀਸ ਨੇ ਕਿਸਾਨਾਂ ਨੂੰ ਸ਼ੰਭੂ ਬਾਰਡਰ ’ਤੇ ਹੀ ਰੋਕ ਲਿਆ ਸੀ ਅਤੇ ਉਹ ਸ਼ੰਭੂ ਬਾਰਡਰ ਤੋਂ ਅੱਗੇ ਦਿੱਲੀ ਵੱਲ ਵਧ ਹੀ ਨਹੀਂ ਸੀ ਸਕੇ।
ਬਾਅਦ ਵਿੱਚ ਪਿਛਲੇ ਸਾਲ 13 ਮਾਰਚ ਨੂੰ ਹੀ ਪੁਲੀਸ ਨੇ ਸਰਵਿਸ ਲੇਨਾਂ ਅਤੇ ਕੌਮੀ ਸ਼ਾਹਰਾਹ ਨੰਬਰ-44 ਦੇ ਢੋਆ-ਢੁਆਈ ਵਾਲੇ ਪ੍ਰਮੁੱਖ ਮਾਰਗ (ਫਲਾਈਓਵਰ) ’ਤੇ ਇੱਕ ਪਾਸੇ ਦੀ ਲੇਨ ਖੋਲ੍ਹ ਦਿੱਤੀ ਸੀ, ਪਰ ਬਾਕੀ ਲੇਨਾਂ ’ਤੇ ਬੈਰੀਕੇਡਿੰਗ ਕੀਤੀ ਹੋਈ ਸੀ। ਹਾਲ ਹੀ ਵਿੱਚ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੋਂ ਚੁੱਕੇ ਜਾਣ ਮਗਰੋਂ ਦਿੱਲੀ ਪੁਲੀਸ ਨੇ ਤਿੰਨ-ਚਾਰ ਦਿਨ ਪਹਿਲਾਂ ਸਿੰਘੂ ਬਾਰਡਰ ਤੋਂ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਸਨ। ਦਿੱਲੀ ਪੁਲੀਸ ਨੇ ਦਿੱਲੀ-ਪਾਣੀਪਤ ਲੇਨ ਦੇ ਢੋਆ-ਢੁਆਈ ਵਾਲੇ ਪ੍ਰਮੁੱਖ ਮਾਰਗ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਹੈ ਅਤੇ ਇਸ ਨੂੰ ਚੱਲਣਯੋਗ ਬਣਾ ਦਿੱਤਾ ਹੈ। ਪਾਣੀਪਤ-ਦਿੱਲੀ ਲੇਨ ਤੋਂ ਵੀ ਬੈਰੀਕੇਡ ਹਟਾ ਦਿੱਤੇ ਗਏ ਹਨ ਅਤੇ ਮਲਬਾ ਹਟਾਇਆ ਜਾ ਰਿਹਾ ਹੈ। ਇਹ ਲੇਨ ਸੋਮਵਾਰ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗੀ।