ਕੈਨੇਡਾ ਵਿੱਚ ਸੰਸਦੀ ਚੋਣਾਂ 28 ਅਪਰੈਲ ਨੂੰ

ਕੈਨੇਡਾ ਵਿੱਚ ਸੰਸਦੀ ਚੋਣਾਂ 28 ਅਪਰੈਲ ਨੂੰ

ਕੈਨੇਡਾ ਵਿੱਚ ਸੰਸਦੀ ਚੋਣਾਂ 28 ਅਪਰੈਲ ਨੂੰ
ਵੈਨਕੂਵਰ-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਦੇਸ਼ ਵਿੱਚ 28 ਅਪਰੈਲ ਨੂੰ ਸੰਸਦੀ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਗਵਰਨਰ ਜਨਰਲ ਮੈਰੀ ਸਾਈਮਨ ਨਾਲ ਮੁਲਾਕਾਤ ਕਰ ਕੇ ਲੋਕ ਸਭਾ ਭੰਗ ਕਰਨ ਅਤੇ ਫੌਰੀ ਚੋਣਾਂ ਕਰਵਾਉਣ ਦੀ ਬੇਨਤੀ ਕੀਤੀ ਸੀ। ਕਾਰਨੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਗਵਰਨਰ ਜਨਰਲ ਨੇ 28 ਅਪਰੈਲ ਨੂੰ ਚੋਣਾਂ ਕਰਵਾਉਣ ਸਬੰਧੀ ਉਨ੍ਹਾਂ ਦੀ ਬੇਨਤੀ ਮਨਜ਼ੂਰੀ ਕਰ ਲਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੇ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਰਿਫਾਂ ਬਾਰੇ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਨਜਿੱਠਣ ਲਈ ਉਨ੍ਹਾਂ ਨੂੰ ਸਪੱਸ਼ਟ ਬਹੁਮਤ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਮੌਜੂਦਾ 44ਵੀਂ ਲੋਕ ਸਭਾ ਦੇ 338 ਮੈਂਬਰ ਸਨ ਜਦਕਿ ਕੁਝ ਸੂਬਿਆਂ ਵਿੱਚ ਆਬਾਦੀ ਵਧਣ ਕਾਰਨ ਨਵੀਂ ਹੱਦਬੰਦੀ ਕਰ ਕੇ ਪੰਜ ਸੀਟਾਂ ਦਾ ਵਾਧਾ ਕੀਤਾ ਗਿਆ ਹੈ। 28 ਅਪਰੈਲ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ 45ਵੀਂ ਲੋਕ ਸਭਾ ਲਈ 343 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਬਹੁਮਤ ਹਾਸਲ ਕਰਨ ਲਈ ਕਿਸੇ ਵੀ ਪਾਰਟੀ ਨੂੰ 172 ਮੈਂਬਰਾਂ ਦੀ ਲੋੜ ਹੋਵੇਗੀ। ਕਾਰਨੇ ਨੇ ਕਿਹਾ, ‘‘ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਗੈਰ-ਵਾਜਬ ਵਪਾਰਕ ਕਾਰਵਾਈਆਂ ਕਾਰਨ ਸਾਡੀ ਪ੍ਰਭੂਸੱਤਾ ਨੂੰ ਦਰਪੇਸ਼ ਖ਼ਤਰਿਆਂ ਕਰ ਕੇ ਅਸੀਂ ਆਪਣੇ ਜੀਵਨ ਕਾਲ ਦੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ।’’ ਉਨ੍ਹਾਂ ਕਿਹਾ, ‘‘ਕੈਨੇਡਾ ਨੂੰ ਸੁਰੱਖਿਅਤ ਕਰਨ ਲਈ ਬਹੁਤ ਕੁਝ ਕਰਨਾ ਬਾਕੀ ਹੈ। ਕੈਨੇਡਾ ਵਿੱਚ ਨਿਵੇਸ਼ ਕਰਨਾ, ਕੈਨੇਡਾ ਦਾ ਨਿਰਮਾਣ ਕਰਨਾ, ਕੈਨੇਡਾ ਨੂੰ ਇਕਜੁੱਟ ਕਰਨਾ। ਇਸ ਲਈ ਮੈਂ ਆਪਣੇ ਸਾਥੀ ਕੈਨੇਡਿਆਈ ਨਾਗਰਿਕਾਂ ਕੋਲੋਂ ਇੱਕ ਮਜ਼ਬੂਤ ​​ਸਕਾਰਾਤਮਕ ਫ਼ਤਵਾ ਮੰਗ ਰਿਹਾ ਹਾਂ। ਮੈਂ ਗਵਰਨਰ ਜਨਰਲ ਨੂੰ ਸੰਸਦ ਭੰਗ ਕਰਨ ਅਤੇ 28 ਅਪਰੈਲ ਨੂੰ ਚੋਣਾਂ ਕਰਵਾਉਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਮਨਜ਼ੂਰ ਕਰ ਲਿਆ ਹੈ।’’

Radio Mirchi