ਕਾਂਗਰਸ ਦਾ ਵਿਧਾਨ ਸਭਾ ’ਚੋਂ ਵਾਕਆਊਟ

ਕਾਂਗਰਸ ਦਾ ਵਿਧਾਨ ਸਭਾ ’ਚੋਂ ਵਾਕਆਊਟ
* ਖਹਿਰਾ ਨੂੰ ਬੋਲਣ ਲਈ ਸਮਾਂ ਨਾ ਮਿਲਣ ’ਤੇ ਹੋਇਆ ਹੰਗਾਮਾ
* ਕਿਸਾਨੀ ਅਤੇ ਨਸ਼ੇ ਦੇ ਮੁੱਦੇ ’ਤੇ ਬਾਜਵਾ ਅਤੇ ਧਾਲੀਵਾਲ ’ਚ ਨੋਕ-ਝੋਕ
ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਜੇ ਦਿਨ ਅੱਜ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦ ਮਤੇ ਉਪਰ ਚਰਚਾ ਦੌਰਾਨ ਤਲਖ਼ ਮਾਹੌਲ ਬਣਨ ਮਗਰੋਂ ਵਿਰੋਧੀ ਧਿਰ ਕਾਂਗਰਸ ਨੇ ਸਦਨ ’ਚੋਂ ਵਾਕਆਊਟ ਕੀਤਾ। ਹਾਕਮ ਅਤੇ ਵਿਰੋਧੀ ਧਿਰ ਦੇ ਮੈਂਬਰ ਸਦਨ ’ਚ ਕਈ ਮੌਕਿਆਂ ’ਤੇ ਆਹਮੋ-ਸਾਹਮਣੇ ਆਏ। ਵਿਰੋਧੀ ਧਿਰ ਬਹਿਸ ਦੌਰਾਨ ਆਪਣਾ ਪੱਖ ਰੱਖਣ ਮਗਰੋਂ ਵਾਕਆਊਟ ਕਰ ਗਈ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗ਼ੈਰਹਾਜ਼ਰੀ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਾਜਪਾਲ ਦੇ ਭਾਸ਼ਣ ’ਤੇ ਹੋਈ ਬਹਿਸ ਨੂੰ ਸਮੇਟਿਆ।
ਸੱਤਾਧਾਰੀ ਧਿਰ ਨੇ ਬਹਿਸ ਦੌਰਾਨ ‘ਰੰਗਲਾ ਪੰਜਾਬ’ ਦਾ ਨਕਸ਼ ਦਿਖਾਇਆ ਜਦੋਂ ਕਿ ਵਿਰੋਧੀ ਧਿਰ ਨੇ ਰਾਜਪਾਲ ਦੇ ਭਾਸ਼ਣ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ। ਬਹਿਸ ਦੌਰਾਨ ‘ਜਵਾਨ ਤੇ ਕਿਸਾਨ’ ਤੋਂ ਇਲਾਵਾ ਨਸ਼ਿਆਂ ਅਤੇ ਬੇਅਦਬੀ ਦਾ ਮੁੱਦਾ ਕੇਂਦਰ ਬਿੰਦੂ ’ਚ ਰਹੇ। ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦੀ ਮਤਾ ਪੇਸ਼ ਕੀਤਾ ਜਿਸ ਦੀ ਪ੍ਰੋੜਤਾ ਵਿਧਾਇਕ ਬੁੱਧ ਰਾਮ ਨੇ ਕੀਤੀ। ਧੰਨਵਾਦੀ ਮਤਾ ਪਾਸ ਹੋਣ ਮਗਰੋਂ ਸਦਨ ਮੁਲਤਵੀ ਕਰ ਦਿੱਤਾ ਗਿਆ।
ਸਦਨ ’ਚ ਬਹਿਸ ਦੌਰਾਨ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਬੋਲਣ ਦਾ ਦੂਸਰੀ ਵਾਰ ਸਮਾਂ ਨਾ ਮਿਲਿਆ ਤਾਂ ਉਹ ਤਲਖ਼ ਹੋ ਗਏ। ਉਨ੍ਹਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਖ਼ਿਲਾਫ਼ ਬੋਲ-ਬਾਣੀ ਦਾ ਮਿਆਰ ਹੇਠਲੇ ਪੱਧਰ ’ਤੇ ਲਿਆਂਦਾ ਤਾਂ ਸਪੀਕਰ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਵਰਜਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਖੜ੍ਹੇ ਹੋ ਕੇ ਕਾਂਗਰਸੀ ਵਿਧਾਇਕਾਂ ਨੂੰ ਆਪਣੀ ਭਾਸ਼ਾ ’ਤੇ ਕੰਟਰੋਲ ਰੱਖਣ ਅਤੇ ਮਰਿਆਦਾ ’ਚ ਰਹਿਣ ਦੀ ਨਸੀਹਤ ਦਿੱਤੀ। ਇਸ ਮਗਰੋਂ ਕਾਂਗਰਸ ਆਗੂ ਸਦਨ ’ਚੋਂ ਵਾਕਆਊਟ ਕਰ ਗਏ