ਮੁੱਖ ਮੰਤਰੀ ਵੱਲੋਂ ਬਜਟ ’ਤੇ ਬਹਿਸ ਮੌਕੇ ਸਿਆਸੀ ਬੁਛਾੜਾਂ

ਮੁੱਖ ਮੰਤਰੀ ਵੱਲੋਂ ਬਜਟ ’ਤੇ ਬਹਿਸ ਮੌਕੇ ਸਿਆਸੀ ਬੁਛਾੜਾਂ

ਮੁੱਖ ਮੰਤਰੀ ਵੱਲੋਂ ਬਜਟ ’ਤੇ ਬਹਿਸ ਮੌਕੇ ਸਿਆਸੀ ਬੁਛਾੜਾਂ
ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਿਧਾਨ ਸਭਾ ’ਚ ਸਾਲ 2025-26 ਦੇ ਬਜਟ ’ਤੇ ਬਹਿਸ ਨੂੰ ਸਿਖ਼ਰ ’ਤੇ ਪਹੁੰਚਾਉਂਦਿਆਂ ਸਿਆਸੀ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲਿਆ। ਸਦਨ ’ਚ ਬਜਟ ’ਤੇ ਕਰੀਬ ਤਿੰਨ ਘੰਟੇ ਬਹਿਸ ਹੋਈ ਜਿਸ ਵਿੱਚ ਹਾਕਮ ਧਿਰ ਦੇ ਮੈਂਬਰਾਂ ਨੇ ਬਜਟ ਦੀ ਹਰ ਮੱਦ ਦੀ ਪ੍ਰਸ਼ੰਸਾ ਕੀਤੀ ਜਦੋਂਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਸੂਬੇ ਦੀ ਵਿਗੜਦੀ ਵਿੱਤੀ ਸਿਹਤ ’ਤੇ ਉਂਗਲ ਧਰੀ। ਬਜਟ ’ਤੇ ਬਹਿਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਗੈਰ-ਹਾਜ਼ਰ ਰਹੇ। ਮੁੱਖ ਮੰਤਰੀ ਨੇ ਬਜਟ ’ਤੇ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਜ਼ਮੀਨੀ ਪਾਣੀ ’ਚ ਹੁਣ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ ਅਤੇ 15,947 ਖਾਲਿਆਂ ਨੂੰ ਸੁਰਜੀਤ ਕੀਤੇ ਜਾਣ ਨਾਲ ਟੇਲਾਂ ਤੱਕ ਪਾਣੀ ਪਹੁੰਚਣ ਲੱਗਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ 52,606 ਨੌਕਰੀਆਂ ਤੋਂ ਇਲਾਵਾ ਸਰਕਾਰ ਨੇ ਘਰਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਹੈ। ਮੁੱਖ ਮੰਤਰੀ ਨੇ ਆਪਣੇ ਭਾਸ਼ਣ ’ਚ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਖ਼ਿਲਾਫ਼ ਕੀਤੀਆਂ ਟਿੱਪਣੀਆਂ ’ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਰਗੜੇ ਲਾਏ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਤੋਂ ਇਲਾਵਾ ਬਾਕੀ ਸਦਨ ’ਚ ਬੈਠੇ ਕਾਂਗਰਸੀ ਨੇਤਾ ‘ਜੈਵਿਕ ਕਾਂਗਰਸੀ’ ਅਤੇ ਸ਼ਾਂਤੀ ਪਸੰਦ ਹਨ। ਉਨ੍ਹਾਂ ਬਿਨਾਂ ਪ੍ਰਤਾਪ ਬਾਜਵਾ ਦਾ ਨਾਂ ਲਏ ਕਿਹਾ ਕਿ ਰੌਲਾ ਪਾਉਣ ਵਾਲੇ ਤਾਂ ਚਲੇ ਗਏ ਜਿਨ੍ਹਾਂ ਵਾਂਗ ਸਾਡੇ ਕੋਲ ਤਾਂ ਸ਼ਾਨਦਾਰ ਕਾਰਾਂ ਜਾਂ ਕੱਪੜੇ ਨਹੀਂ ਹੋ ਸਕਦੇ।
ਉਨ੍ਹਾਂ ਕਿਹਾ ਕਿ ਅਜਿਹੇ ਲੋਕ ਜੋ ‘ਆਪ’ ਵਿਧਾਇਕਾਂ ਨੂੰ ਮੈਟੀਰੀਅਲ ਦੱਸਦੇ ਹਨ, ਉਹ ਸੂਬਾਈ ਮਾਮਲਿਆਂ ਨੂੰ ਬਿਹਤਰ ਤਰੀਕੇ ਨਾਲ ਸੰਭਾਲ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਬਾਜਵਾ ਨੇ ਸ੍ਰੀ ਸੀਚੇਵਾਲ ਦੀ ਯੋਗਤਾ ’ਤੇ ਉਂਗਲ ਧਰ ਕੇ ਅਪਮਾਨ ਕੀਤਾ ਹੈ, ਪਰ ਉਹ ਇਹ ਭੁੱਲ ਗਏ ਹਨ ਕਿ ਸੀਚੇਵਾਲ ਦੀ ਪ੍ਰਸ਼ੰਸਾ ਰਾਸ਼ਟਰਪਤੀ ਵੀ ਕਰ ਚੁੱਕੇ ਹਨ।
ਮੁੱਖ ਮੰਤਰੀ ਨੇ ਫੇਸਬੁੱਕ ਦੇ ਮਾਲਕ ਤੋਂ ਇਲਾਵਾ ਬਿੱਲ ਗੇਟਸ ਦੇ ਹਵਾਲੇ ਨਾਲ ਕਿਹਾ ਕਿ ਬੌਧਿਕਤਾ ਕਿਸੇ ਡਿਗਰੀ ਦੀ ਮੋਹਤਾਜ ਨਹੀਂ ਹੁੰਦੀ। ਮੁੱਖ ਮੰਤਰੀ ਨੇ ਤਨਜ਼ ਕੀਤਾ ਕਿ ਰਾਹੁਲ ਗਾਂਧੀ ਕੋਲ ਕੈਂਬਰਿਜ ਯੂਨੀਵਰਸਿਟੀ ਦੀ ਡਿਗਰੀ ਹੈ ਅਤੇ ਇੱਕ ਪ੍ਰਧਾਨ ਮੰਤਰੀ ਦੀ 12 ਸਾਲਾਂ ਤੋਂ ਡਿਗਰੀ ਦਾ ਪਤਾ ਨਹੀਂ ਲੱਗ ਰਿਹਾ। ਉਨ੍ਹਾਂ ਕਿਹਾ ਕਿ ਸੀਚੇਵਾਲ ’ਤੇ ਉਂਗਲ ਉਠਾਉਣ ਵਾਲਿਆਂ ਨੇ ਹੀ ਸੀਚੇਵਾਲ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਬਣਾਇਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੂਨ, ਸਨਾਵਰ ਤੇ ਪੀਪੀਐੱਸ ਵਾਲਿਆਂ ਨੂੰ ਪਹਿਲਾਂ ਹੀ ਪਰਖ ਚੁੱਕਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਪੰਜਾਬ ਦੀ ਸਰਕਾਰ ਦਿੱਲੀ ਤੋਂ ਚਲਾਈ ਜਾਂਦੀ ਹੈ, ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਕੰਮ ਰਾਜਸਥਾਨ, ਛੱਤੀਸਗੜ੍ਹ ਅਤੇ ਹੋਰ ਰਾਜਾਂ ਤੋਂ ਚੱਲਦੇ ਹਨ। ਉਨ੍ਹਾਂ ਕਾਂਗਰਸੀ ਮੈਂਬਰਾਂ ਨੂੰ ਕਿਹਾ ਕਿ ਭੂਪੇਸ਼ ਬਘੇਲ ਕਿੱਥੋਂ ਆਇਆ ਹੈ? ਉਨ੍ਹਾਂ ਖ਼ੁਫ਼ੀਆ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਭੂਪੇਸ਼ ਬਘੇਲ ਨੇ ਮੀਟਿੰਗ ਵਿੱਚ ਪਰਗਟ ਸਿੰਘ ਦੇ ਹਾਕੀ ਦਾ ਕਪਤਾਨ ਹੋਣ ’ਤੇ ਅਣਜਾਣਤਾ ਜ਼ਾਹਰ ਕੀਤੀ ਸੀ। ਜਦੋਂ ਪਰਗਟ ਸਿੰਘ ਨੇ ਦੋ ਓਲੰਪਿਕਸ ’ਚ ਕਪਤਾਨੀ ਕੀਤੇ ਜਾਣ ਦੀ ਗੱਲ ਕੀਤੀ ਤਾਂ ਵਿਰੋਧੀ ਧਿਰ ਦੇ ਨੇਤਾ ਨੇ ਫ਼ੌਰੀ ਟਿੱਪਣੀ ਕੀਤੀ ਕਿ ਭਾਰਤ ਦੋਵੇਂ ਵਾਰ ਹਾਰ ਗਿਆ ਸੀ। ਮੋੜਵੇਂ ਜੁਆਬ ’ਚ ਪਰਗਟ ਸਿੰਘ ਨੇ ਕਿਹਾ ਸੀ, ‘ਮੈਂ ਕਪਤਾਨੀ ਕੀਤੀ ਹੈ, ਸਮੱਗਲਿੰਗ ਨਹੀਂ।’
ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ‘ਆਪ’ ਸਰਕਾਰ ਦੇ ਤਿੰਨ ਸਾਲਾਂ ਦੇ ਸ਼ਾਸਨ ਦੌਰਾਨ ਮਾਲੀਆ ਪ੍ਰਾਪਤੀ ’ਚ ਕਈ ਗੁਣਾਂ ਵਾਧਾ ਹੋਇਆ ਹੈ ਜਦੋਂਕਿ ਪਿਛਲੀਆਂ ਸਰਕਾਰਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਾਲ 2012-17 ਵਿੱਚ ਅਕਾਲੀ-ਭਾਜਪਾ ਦੇ ਸ਼ਾਸਨ ਦੇ ਪੰਜ ਸਾਲਾਂ ਵਿੱਚ ਪੂੰਜੀਗਤ ਖ਼ਰਚਾ 14,641 ਕਰੋੜ ਰੁਪਏ ਜਦਕਿ ਕਾਂਗਰਸ ਦੇ ਅਗਲੇ ਪੰਜ ਸਾਲਾਂ ਵਿੱਚ ਇਹ 19,356 ਕਰੋੜ ਰੁਪਏ ਸੀ। ‘ਆਪ’ ਸਰਕਾਰ ਦੇ ਤਿੰਨ ਸਾਲਾਂ ’ਚ 19,810 ਕਰੋੜ ਰੁਪਏ ਦਾ ਪੂੰਜੀਗਤ ਖ਼ਰਚਾ ਹੈ।

Radio Mirchi