ਪੀਐੱਮ ਵਿਕਾਸ ਯੋਜਨਾ ਤਹਿਤ ਸਿੱਖਾਂ ਲਈ ਪ੍ਰਾਜੈਕਟ ਸ਼ੁਰੂ

ਪੀਐੱਮ ਵਿਕਾਸ ਯੋਜਨਾ ਤਹਿਤ ਸਿੱਖਾਂ ਲਈ ਪ੍ਰਾਜੈਕਟ ਸ਼ੁਰੂ
ਨਵੀਂ ਦਿੱਲੀ-ਘੱਟ ਗਿਣਤੀ ਮਾਮਲਿਆਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਅੱਜ ਇੱਥੇ ‘ਪੀਐੱਮ ਵਿਕਾਸ’ ਯੋਜਨਾ ਤਹਿਤ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ, ਜਿਸ ਦਾ ਮਕਸਦ ਹੁਨਰ ਵਿਕਾਸ, ਰੁਜ਼ਗਾਰ ਸਿਰਜਣ ਅਤੇ ਵਿੱਤੀ ਸਹਾਇਤਾ ਰਾਹੀਂ ਸਿੱਖਾਂ ਨੂੰ ਮਜ਼ਬੂਤ ਕਰਨਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਲਈ ਦਿੱਲੀ ਸਰਕਾਰ ਨਾਲ ਤਾਲਮੇਲ ਦੀ ਲੋੜ ਹੋਵੇਗੀ ਅਤੇ ਇਸ ਨਾਲ ਨਾ ਸਿਰਫ ਸਿਖਲਾਈ ਮਿਲੇਗੀ ਬਲਕਿ ਲਾਭਪਾਤਰੀਆਂ ਨੂੰ ਵਜ਼ੀਫਾ ਅਤੇ ਵਿੱਤੀ ਸਹਾਇਤਾ ਵੀ ਦਿੱਤੀ ਜਾਵਗੀ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਿਜਿਜੂ ਅਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਮੱਥਾ ਟੇਕਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿਜਿਜੂ ਨੇ ਕਿਹਾ ਕਿ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦੀ ਅਗਵਾਈ ਹੇਠ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਸਹਿਯੋਗ ਰਾਹੀਂ ਅੱਜ ਸਿੱਖਾਂ ਲਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਇਸ ਸਬੰਧੀ ਅਸੀਂ ਅੱਜ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਵਜ਼ੀਫੇ ਦਾ ਪ੍ਰਬੰਧ ਹੋਵੇਗਾ ਤੇ ਅਸੀਂ ਵਿੱਤੀ ਮਦਦ ਵੀ ਕਰਾਂਗੇ। ਇਸ ਰਾਹੀਂ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।’
ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ ਇਸ ਪ੍ਰੋਗਰਾਮ ’ਚ 31,600 ਉਮੀਦਵਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ’ਚ ਹੁਨਰ ਸਿਖਲਾਈ ਲਈ 29,600 ਉਮੀਦਵਾਰ ਅਤੇ ਵਿਦਿਅਕ ਸਹਾਇਤਾ ਲਈ 2,000 ਉਮੀਦਵਾਰ ਸ਼ਾਮਲ ਹਨ। ਇਹ ਪ੍ਰਾਜੈਕਟ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਸਹਿਯੋਗ ਨਾਲ ਚਲਾਇਆ ਜਾਵੇਗਾ। ਪ੍ਰਾਜੈਕਟ ਦੇ ਹਿੱਸੇ ਵਜੋਂ ਉਮੀਦਵਾਰਾਂ ਨੂੰ ਏਆਈ ਡਾਟਾ ਸਾਇੰਟਿਸਟ, ਟੈਲੀਕਾਮ ਟੈਕਨੀਸ਼ੀਅਨ (5ਜੀ), ਤਕਨੀਕੀ ਆਰਟਿਸਟ (ਏਆਰ-ਵੀਆਰ), ਗ੍ਰਾਫਿਕ ਡਿਜ਼ਾਈਨਰ ਅਤੇ ਸੋਲਰ ਪੀਵੀ ਇੰਸਟਾਲਰ ਵਰਗੇ ਕੰਮਾਂ ਲਈ ਸਿਖਲਾਈ ਦਿੱਤੀ ਜਾਵੇਗੀ।