ਧਾਰਮਿਕ ਡੇਰੇ ਦਾ ਮੁਖੀ ਨਾਜਾਇਜ਼ ਖਣਨ ਦੇ ਦੋਸ਼ ਤਹਿਤ ਗ੍ਰਿਫ਼ਤਾਰ

ਧਾਰਮਿਕ ਡੇਰੇ ਦਾ ਮੁਖੀ ਨਾਜਾਇਜ਼ ਖਣਨ ਦੇ ਦੋਸ਼ ਤਹਿਤ ਗ੍ਰਿਫ਼ਤਾਰ
ਧਰਮਕੋਟ-ਥਾਣਾ ਕੋਟ ਈਸੇ ਖਾਂ ਦੇ ਅਧੀਨ ਪਿੰਡ ਦੌਲੇਵਾਲਾ ਮਾਇਰ ਵਿਖੇ ਸਥਿਤ ਇਕ ਧਾਰਮਿਕ ਡੇਰੇ ਦੇ ਮੁਖੀ ਨੂੰ ਪੁਲੀਸ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਦੇਸ਼ ਵਿਦੇਸ਼ ਵਿੱਚ ਤਪ ਅਸਥਾਨ ਬਾਬਾ ਤੁਲਸੀ ਦਾਸ ਝੁੱਗੀ ਵਾਲਿਆਂ ਦੇ ਨਾਮ ਨਾਲ ਜਾਣੇ ਜਾਂਦੇ ਡੇਰੇ ਦੇ ਮੌਜੂਦਾ ਮੁਖੀ ਬਾਬਾ ਅਵਤਾਰ ਸਿੰਘ ਫੌਜੀ ਦਾ ਰੇਤ ਮਾਫੀਆ ਨਾਲ ਪੁਲੀਸ ਵੱਲੋਂ ਨਾਮ ਜੋੜਨ ਨਾਲ ਹਲਕੇ ਦੀ ਸਿਆਸਤ ਵੀ ਗਰਮਾ ਗਈ ਹੈ। ਬਾਬਾ ਅਵਤਾਰ ਸਿੰਘ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ, ਇਸ ਲਈ ਪਿੰਡ ਦੇ ‘ਆਪ’ ਆਗੂ ਡੇਰੇ ਦੇ ਪ੍ਰਬੰਧਾਂ ਦੀ ਬਦਲੀ ਲਈ ਵੀ ਯਤਨਸ਼ੀਲ ਹਨ। ਹਲਕੇ ਦੇ ਡੀਐਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੁਝ ਦਿਨ ਪਹਿਲਾਂ ਪਿੰਡ ਦੌਲੇਵਾਲਾ ਵਿਖੇ ਵੱਡੇ ਪੱਧਰ ’ਤੇ ਹੁੰਦੀ ਰੇਤ ਮਾਈਨਿੰਗ ਉੱਤੇ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 53/25 ਥਾਣਾ ਕੋਟ ਈਸੇ ਖਾਂ ਵਿਖੇ ਦਰਜ ਕੀਤਾ ਗਿਆ ਸੀ ਜਿਸ ਵਿੱਚ ਚਾਰ ਲੋਕਾਂ ਹੈਪੀ ਸ਼ੇਰਪੁਰ, ਜਗਜੀਤ ਸਿੰਘ, ਪ੍ਰਭਜੀਤ ਸਿੰਘ ਅਤੇ ਬਲਜੀਤ ਸਿੰਘ ਦੇ ਨਾਮ ਸ਼ਾਮਲ ਸਨ। ਇਨ੍ਹਾਂ ਤੋਂ ਕੀਤੀ ਪੁਛਗਿੱਛ ਅਤੇ ਪੜਤਾਲ ਤੋਂ ਬਾਅਦ ਬਾਬਾ ਅਵਤਾਰ ਸਿੰਘ ਦਾ ਨਾਮ ਸਾਹਮਣੇ ਆਇਆ ਸੀ। ਬਾਬਾ ਅਵਤਾਰ ਸਿੰਘ ਵਲੋਂ ਠੇਕੇ ਉੱਤੇ ਲਈ ਜ਼ਮੀਨ ਵਿੱਚੋਂ ਹੀ ਨਜਾਇਜ਼ ਰੇਤ ਦੀ ਨਿਕਾਸੀ ਕੀਤੀ ਜਾ ਰਹੀ ਸੀ।