ਕਾਰਜਕਾਰੀ ਜਥੇਦਾਰ ਗੜਗੱਜ ਵੱਲੋਂ ਨਸ਼ਿਆਂ ਦੀ ਦਲਦਲ ’ਚ ਫਸੇ ਨੌਜਵਾਨਾਂ ਤੇ ਪਰਿਵਾਰਾਂ ਨਾਲ ਮੁਲਾਕਾਤ

ਕਾਰਜਕਾਰੀ ਜਥੇਦਾਰ ਗੜਗੱਜ ਵੱਲੋਂ ਨਸ਼ਿਆਂ ਦੀ ਦਲਦਲ ’ਚ ਫਸੇ ਨੌਜਵਾਨਾਂ ਤੇ ਪਰਿਵਾਰਾਂ ਨਾਲ ਮੁਲਾਕਾਤ
ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਧਰਮ ਪ੍ਰਚਾਰ ਲਹਿਰ ਦੀ ਆਰੰਭਤਾ ਸਮੇਂ ਕੁਝ ਅਜਿਹੇ ਨੌਜਵਾਨਾਂ ਤੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ, ਜੋ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਹਨ ਅਤੇ ਨਸ਼ੇ ਛੱਡਣਾ ਚਾਹੁੰਦੇ ਹਨ। ਇਸੇ ਤਰ੍ਹਾਂ ਉਹ ਕੁਝ ਅਜਿਹੇ ਪਰਿਵਾਰਾਂ ਨੂੰ ਵੀ ਮਿਲੇ ਹਨ, ਜੋ ਸਿੱਖ ਧਰਮ ਛੱਡ ਗਏ ਸਨ ਅਤੇ ਉਨ੍ਹਾਂ ਨੂੰ ਵਾਪਸ ਸਿੱਖੀ ਵਿੱਚ ਆਉਣ ਲਈ ਪ੍ਰੇਰਿਆ ਗਿਆ। ਉਨ੍ਹਾਂ ਬੀਤੇ ਕੱਲ੍ਹ ਅਜਨਾਲਾ ਹਲਕੇ ਦੇ ਪਿੰਡ ਗੱਗੋ ਮਾਹਲ ਤੋਂ ਧਰਮ ਪ੍ਰਚਾਰ ਲਹਿਰ ਦੀ ਆਰੰਭਤਾ ਕੀਤੀ।
ਸ ਦੌਰਾਨ ਉਨ੍ਹਾਂ ਨੂੰ ਇਸੇ ਪਿੰਡ ਦੀ ਇੱਕ ਬਿਰਧ ਮਾਤਾ ਆ ਕੇ ਮਿਲੀ, ਜਿਸ ਨੇ ਦੱਸਿਆ ਕਿ ਉਸ ਦੇ ਪਰਿਵਾਰ ਦਾ ਬੇਟਾ ਨਸ਼ਿਆਂ ਵਿੱਚ ਫਸ ਚੁੱਕਾ ਹੈ। ਜਿਸ ਦੀਆਂ ਛੇ ਭੈਣਾਂ ਹਨ ਅਤੇ ਸਿਰ ’ਤੇ ਪਿਤਾ ਨਹੀਂ ਹੈ। ਉਸ ਨੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਉਸ ਦੇ ਪੁੱਤਰ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ, ਉਸ ਨੂੰ ਗੁਰਸਿੱਖ ਬਣਨ ਲਈ ਪ੍ਰੇਰਨ ਤਾਂ ਜੋ ਉਹ ਵੀ ਆਮ ਲੋਕਾਂ ਵਾਂਗ ਜੀਵਨ ਜੀਅ ਸਕੇ ਅਤੇ ਆਪਣੇ ਪਰਿਵਾਰ ਨੂੰ ਮੁੜ ਲੀਹਾਂ ’ਤੇ ਲਿਆ ਸਕੇ।
ਕਾਰਜਕਾਰੀ ਜਥੇਦਾਰ ਨੇ ਇਸ ਮੌਕੇ ਨਸ਼ੇ ਤੋਂ ਪ੍ਰਭਾਵਿਤ ਨੌਜਵਾਨ ਨਾਲ ਵੀ ਗੱਲਬਾਤ ਕੀਤੀ ਹੈ। ਨੌਜਵਾਨ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਹੈ। ਇਸ ਗੱਲਬਾਤ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਪਿੰਡ ਵਿੱਚ ਨਸ਼ਾ ਵਿਕ ਰਿਹਾ ਹੈ। ਜਥੇਦਾਰ ਨੇ ਇਸ ਨੌਜਵਾਨ ਨੂੰ ਨਸ਼ੇ ਛੱਡਣ ਲਈ ਪ੍ਰੇਰਿਆ, ਉਸ ਨੂੰ ਰੋਜ਼ ਗੁਰਦੁਆਰੇ ਜਾਣ, ਪਾਠ ਕਰਨ ਅਤੇ ਗੁਰਸਿੱਖ ਬਣਨ ਲਈ ਪ੍ਰੇਰਿਆ ਹੈ। ਨੌਜਵਾਨ ਨੇ ਵੀ ਨਸ਼ੇ ਛੱਡਣ ਲਈ ਹਾਮੀ ਭਰੀ ਹੈ।
ਜਥੇਦਾਰ ਨੇ ਧਰਮ ਪ੍ਰਚਾਰ ਲਹਿਰ ਨੂੰ ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਲੈ ਕੇ ਜਾਣ ਦਾ ਦਾਅਵਾ ਕੀਤਾ ਹੈ। ਜਿਥੇ ਉਹ ਇਸੇ ਤਰ੍ਹਾਂ ਲੋਕਾਂ ਨੂੰ ਮਿਲਣਗੇ, ਉਨ੍ਹਾਂ ਨੂੰ ਧਰਮ ਵਿੱਚ ਪ੍ਰਪੱਕ ਹੋਣ, ਨਸ਼ੇ ਛੱਡਣ ਅਤੇ ਸਿੱਖੀ ਵਿੱਚ ਵਾਪਸ ਪਰਤਣ ਲਈ ਪ੍ਰੇਰਨਗੇ।