ਦੇਸ਼ ਵਿਦੇਸ਼ ਵਸਦੀਆਂ ਸਿੱਖ ਸੰਗਤਾਂ ਦੀ ਸਹੂਲਤ ਲਈ ਐੱਸ.ਜੀ.ਪੀ.ਸੀ. ਨੂੰ ਆਪਣਾ ਮੁਫ਼ਤ ਟੀ.ਵੀ. ਚੈੱਨਲ ਲਾਂਚ ਕਰਨਾ ਚਾਹੀਦਾ ਹੈ!

ਦੇਸ਼ ਵਿਦੇਸ਼ ਵਸਦੀਆਂ ਸਿੱਖ ਸੰਗਤਾਂ ਦੀ ਸਹੂਲਤ ਲਈ ਐੱਸ.ਜੀ.ਪੀ.ਸੀ. ਨੂੰ ਆਪਣਾ ਮੁਫ਼ਤ ਟੀ.ਵੀ. ਚੈੱਨਲ ਲਾਂਚ ਕਰਨਾ ਚਾਹੀਦਾ ਹੈ!

ਨਵੇਂ ਯੱੁਗ ਵਿਚ ਗੁਰਬਾਣੀ ਪ੍ਰਸਾਰਣ ਦੇ ਅਨੇਕਾਂ ਮਾਧਿਅਮ ਪੈਦਾ ਹੋ ਚੱੁਕੇ ਹਨ। ਤੁਸੀਂ ਯੂ.ਟਿਊਬ ਚੈੱਨਲ, ਇੰਟਰਨੈੱਟ ਚੈੱਨਲ, ਫੇਸਬੱੁਕ, ਇੰਸਟਾਗ੍ਰਾਮ ਆਦਿਕ ਸੋਸ਼ਲ ਮੀਡੀਆ ’ਤੇ ਗੁਰਬਾਣੀ ਪ੍ਰਸਾਰਣ ਕਰ ਸਕਦੇ ਹੋ। ਬਹੁਤ ਹੀ ਘੱਟ ਮਾਇਆ ਨਾਲ ਹਜ਼ਾਰਾਂ ਲੋਕਾਂ ਨੇ ਯੂਟਿਊਬ ਚੈੱਨਲ ਬਣਾਏ ਹੋਏ ਹਨ। ਅੱਜ-ਕੱਲ ਤਾਂ ਕਈ ਪ੍ਰਸਿੱਧ ਰਾਗੀ, ਢਾਡੀ, ਕਥਾਕਾਰ ਯੂਟਿਊਬ ਚੈੱਨਲ ਖੋਲ ਕੇ ਬੈਠੇ ਹਨ ਅਤੇ ਪੈਸੇ ਕਮਾ ਰਹੇ ਹਨ। ਇਹ ਦੇਖਣ ਨੂੰ ਆਮ ਮਿਲਦਾ ਹੈ ਧਾਰਮਿਕ ਯੂਟਿਊਬ ਚੈੱਨਲਾਂ ’ਤੇ ਅਸ਼ਲੀਲ ਇਸ਼ਤਿਹਾਰ ਦੇਖਣ ਨੂੰ ਮਿਲਦੇ ਹਨ ਤੇ ਕਈ ਵਾਰ ਦਰਸ਼ਕਾਂ ਵਲੋਂ ਇਤਰਾਜ਼ ਵੀ ਜ਼ਾਹਿਰ ਕੀਤਾ ਜਾਂਦਾ ਹੈ ਕਿ ਧਾਰਮਿਕ ਚੈਨਲਾਂ ’ਤੇ ਗੁਰਬਾਣੀ ਵਿਚ ਇਸ਼ਤਿਹਾਰਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਪਰ ਯੂਟਿਊਬ ਕੀ ਕਰੇ, ਕਿਉਂਕਿ ਉਸ ਨੇ ਯੂਟਿਊਬ ਚੈੱਨਲ ਦੇ ਮਾਲਕ ਨੂੰ ਪੈਸੇ ਵੀ ਤਾਂ ਦੇਣੇ ਹੁੰਦੇ ਹਨ। ਸੋਸ਼ਲ ਮੀਡੀਆ ’ਤੇ ਵਧੇਰੇ ਲਾਇਕਸ ਦੀ ਖੇਡ ਵਿਚ ਬਹੁਤ ਕੁਝ ਕੀਤਾ ਜਾਂਦਾ ਹੈ। ਕਈ ਵਾਰੀ ਧਾਰਮਿਕ ਚੈੱਨਲਾਂ ’ਤੇ ਸਿਰਫ਼ ਵਧੇਰੇ ਲਾਈਕਸ ਲੈਣ ਲਈ ਧਾਰਮਿਕਤਾ ਨੂੰ ਪਰਾਂ ਸੱੁਟ ਕੇ ਸਨਸਨੀ ਪੈਦਾ ਕਰਨ ਲਈ ਧਾਰਮਿਕਤਾ ਦੇ ਉਲਟ ਚੈੱਨਲਾਂ ’ਤੇ ਸਿਰਲੇਖ ਜਮਾਏ ਜਾਂਦੇ ਹਨ। ਪਿਛਲੇ ਲਗਭਗ ਡੇਢ ਦਹਾਕੇ ਤੋਂ ਪੀ.ਟੀ.ਸੀ. ਅਦਾਰਾ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਕਰਦਾ ਆ ਰਿਹਾ ਹੈ ਜਿਸ ਬਾਰੇ ਦੁਨੀਆਂ ਜਾਣਦੀ ਹੈ ਕਿ ਇਹ ਸੁਖਬੀਰ ਸਿੰਘ ਬਾਦਲ ਦਾ ਚੈੱਨਲ ਹੈ ਜੋ ਲਗਭਗ ਪਿਛਲੇ ਡੇਢ ਦਹਾਕੇ ਤੋਂ ਗੁਰਬਾਣੀ ਪ੍ਰਸਾਰਣ ਕਰਨ ’ਤੇ ਏਕਾਅਧਿਕਾਰ ਜਮਾਈ ਬੈਠਾ ਹੈ। ਪਿਛਲੇ ਦਿਨਾਂ ਵਿਚ ਪੰਜਾਬ ਦੇ ਮੱੁਖ ਮੰਤਰੀ ਭਗਵੰਤ ਮਾਨ ਨੇ ਇਸ ਮੱੁਦੇ ਨੂੰ ਛੋਹਿਆ ਅਤੇ ਉਨਾਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਕਰਨ ਦਾ ਅਧਿਕਾਰ ਮੁਫ਼ਤ ਵਿਚ ਹਰ ਚੈੱਨਲ ਨੂੰ ਮਿਲਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਪ੍ਰਸਾਰਣ ਦਾ ਖਰਚਾ ਚੱੁਕਣ ਲਈ ਵੀ ਤਿਆਰ ਹੈ। ਭਗਵੰਤ ਮਾਨ ਹੁਰਾਂ ਨੇ ਆਪਣੇ ਬਿਆਨ ਵਿਚ ਇਹ ਵੀ ਜ਼ਿਕਰ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੇਲੋੜੇ ਬਿਆਨ ਦੇ ਕੇ ਮੇਰੇ ਬਿਆਨਾਂ ਨੂੰ ਸਿੱਖ ਧਰਮ ਵਿਚ ਅੰਦਾਜ਼ੀ ਦੱਸੀ ਜਾ ਰਹੇ ਹਨ। ਜਦ ਉਨਾਂ ਦੀ ਆਪਣੀ ਵਾਰੀ ਆਉਂਦੀ ਹੈ ਤਾਂ ਉਹ ਖੁਦ ਸਿਆਸਤ ਵਿਚ ਕੁੱਦ ਪੈਂਦੇ ਹਨ ਅਤੇ ਤੱਕੜੀ ਲਈ ਵੋਟ ਮੰਗਣ ਤੁਰ ਪੈਂਦੇ ਹਨ। ਫਿਰ ਸ਼੍ਰੋਮਣੀ ਕਮੇਟੀ ਤੇ ਬਾਦਲ ਦਲੀਏ ਇਹ ਕਹਿੰਦੇ ਹਨ ਕਿ ਇਹ ਪ੍ਰਧਾਨ ਸਾਹਿਬ ਦਾ ਨਿੱਜੀ ਫ਼ੈਸਲਾ ਹੈ। ਨਵੀਂ ਜਾਣਕਾਰੀ ਮੁਤਾਬਿਕ ਭਗਵੰਤ ਮਾਨ ਦੇ ਬਿਆਨ ਨੂੰ ਉਦੋਂ ਹੋਰ ਬਲ ਮਿਲਿਆ ਹੈ ਜਦੋਂ ਕਾਂਗਰਸ ਨੇ ਵੀ ਉਸਦਾ ਸਮਰਥਨ ਕਰ ਦਿੱਤਾ। 
ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਤੋਂ 1998 ’ਚ ਗੁਰਬਾਣੀ ਦਾ ਪ੍ਰਸਾਰਣ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੇ ਹੱਕ ‘ਪੰਜਾਬੀ ਵਰਲਡ’ ਟੀ.ਵੀ. ਨੂੰ ਦਿੱਤੇ ਗਏ ਸਨ ਜਿਨਾਂ ਨੇ ਸਿਰਫ਼ ਇਕ ਸਾਲ ਹੀ ਜ਼ਿੰਮੇਵਾਰੀ ਨਿਭਾਈ। ਫਿਰ ਇਹ ਅਧਿਕਾਰ ‘ਖਾਲਸਾ ਵਰਲਡ ਟੀ.ਵੀ.’ ਨੂੰ ਦਿੱਤੇ ਗਏ ਉਨਾਂ ਵੀ ਲਾਈਵ ਪ੍ਰਸਾਰਣ ਲਗਭਗ ਇਕ ਸਾਲ ਹੀ ਕੀਤਾ। ਸੰਨ 2000 ਵਿਚ ਗੁਰਬਾਣੀ ਪ੍ਰਸਾਰਣ ਲਈ ਐੱਸ.ਜੀ.ਪੀ.ਸੀ. ਦਾ ਕਰਾਰ ‘ਈ.ਟੀ.ਸੀ.’ ਨਾਲ ਹੋਇਆ ਕਿ ਉਹ ਗੁਰਬਾਣੀ ਪ੍ਰਸਾਰਣ ਕਰਨਗੇ ਅਤੇ ਐੱਸ.ਜੀ.ਪੀ.ਸੀ. ਨੂੰ ਪੰਜਾਹ ਲੱਖ ਰੁਪਿਆ ਸਲਾਨਾ ਦੇਣਗੇ। ਈ.ਟੀ.ਸੀ. ਨੇ ਲਗਭਗ ਸੱਤ ਸਾਲ ਤੱਕ ਇਹ ਸੇਵਾ ਨਿਭਾਈ। ਐੱਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਬਿਆਨਾਂ ਵਿਚ ਕਿਹਾ ਕਿ ਉਪਰੋਕਤ ਸਾਰੀਆਂ ਹੀ ਕੰਪਨੀਆਂ ਨੇ ਗੁਰਬਾਣੀ ਪ੍ਰਸਾਰਣ ਕਰਨ ਵਿਚ ਆਪਣੀ ਅਸਮਰੱਥਤਾ ਪ੍ਰਗਟ ਕੀਤੀ ਜਿਸ ਕਰ ਕੇ ਉਨਾਂ ਦੇ ਕਰਾਰ ਰੱਦ ਕਰ ਦਿੱਤੇ ਗਏ। ਐਡਵੋਕੇਟ ਧਾਮੀ ਦੇ ਬਿਆਨਾਂ ਵਿਚ ਕੋਈ ਵੀ ਸਚਾਈ ਨਹੀਂ ਜਾਪਦੀ। ਜੇ ‘ਈ.ਟੀ.ਸੀ.’ ਦੀ ਅਸਮਰੱਥਤਾ ਹੁੰਦੀ ਤਾਂ ਉਹ ਲਗਾਤਾਰ ਸੱਤ ਸਾਲ ਦਾ ਗੁਰਬਾਣੀ ਪ੍ਰਸਾਰਣ ਨਾ ਕਰਦੇ। ਸਚਾਈ ਤਾਂ ਇਹ ਹੈ ਕਿ 2007 ਵਿਚ ਸੁਖਬੀਰ ਸਿੰਘ ਬਾਦਲ ਹੁਰਾਂ ਵਲੋਂ ਆਪਣਾ ਟੀ.ਵੀ. ਚੈੱਨਲ ‘ਪੀ.ਟੀ.ਸੀ.’ ਖੋਲ ਦਿੱਤਾ ਗਿਆ ਸੀ ਅਤੇ ਇਸ ਦੀ ਮਲਕੀਅਤ ‘ਜੀ. ਨੈਕਸਟ ਮੀਡੀਆ ਪ੍ਰਾਈਵੇਟ ਲਿਮਟਡ’ ਦੀ ਦਰਸਾਈ ਗਈ ਸੀ। ਐੱਸ.ਜੀ.ਪੀ.ਸੀ. ਨੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ‘ਈ.ਟੀ.ਸੀ.’ ਤੋਂ ਖੋਹ ਕੇ ‘ਜੀ. ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ’ ਨੂੰ ਦੇ ਦਿੱਤੇ ਸਨ ਜੋ ਕਿ ਉਸ ਵਕਤ ਪੀ.ਟੀ.ਸੀ. ਅਦਾਰੇ ਦੀ ਮਾਲਕ ਕੰਪਨੀ ਸੀ ਅਤੇ ਦੋਸ਼ ਇਹ ਲਗਾਇਆ ਗਿਆ ਸੀ ਕਿ ਈ.ਟੀ.ਸੀ. ਅਦਾਰਾ ਇਕਰਾਨਾਮੇ ਅਨੁਸਾਰ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ। 2012 ਤੱਕ ਪੀ.ਟੀ.ਸੀ. ਅਦਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀ ਦਿੰਦਾ ਸੀ, ਨੂੰ ਕਦੇ ਵੀ ਜਨਤਕ ਨਹੀਂ ਕੀਤਾ ਗਿਆ ਪਰ ਪਿਛਲੇ ਦਿਨੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕ ਨਵਾਂ ਇੰਕਸ਼ਾਫ਼ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਪੀ.ਟੀ.ਸੀ ਨੂੰ 24 ਜੁਲਾਈ 2011 ਤੋਂ 24 ਜੁਲਾਈ 2023 ਤੱਕ 12 ਸਾਲਾਂ ਲਈ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਹੱਕ ਦਿੱਤੇ ਗਏ ਸਨ ਜੋ ਕਿ ਇਸੇ ਸਾਲ 24 ਜੁਲਾਈ ਨੂੰ ਖਤਮ ਹੋ ਜਾਣਗੇ। ਐਡਵੋਕੇਟ ਧਾਮੀ ਅਨੁਸਾਰ ਇਕਰਾਰਨਾਮੇ ਮੁਤਾਬਿਕ ਪੀ.ਟੀ.ਸੀ. ਸ਼੍ਰੋਮਣੀ ਕਮੇਟੀ ਨੂੰ ਸਲਾਨਾ ਇਕ ਕਰੋੜ ਰੁਪਿਆ ਦਿੰਦਾ ਹੈ ਅਤੇ ਹਰ ਸਾਲ ਦਸ ਪ੍ਰਤੀਸ਼ਤ ਦੇ ਵਾਧੇ ਨਾਲ ਹੁਣ ਇਹ ਸਲਾਨਾ ਕੀਮਤ ਦੋ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਨਾਲ ਹੀ ਐਡਵੋਕੇਟ ਧਾਮੀ ਨੇ ਕਿਹਾ ਕਿ ਕੁਝ ਕੁ ਹੋਰ ਸਮਾਗਮਾ ਦਾ ਚੈੱਨਲ ਵਲੋਂ ਮੁਫ਼ਤ ਪ੍ਰਸਾਰਣ ਕੀਤਾ ਜਾਂਦਾ ਹੈ। 
ਐੱਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਨਵੇਂ ਬਿਆਨ ਵਿਚ ਕਿਹਾ ਹੈ ਕਿ ਐੱਸ.ਜੀ.ਪੀ.ਸੀ. ਵਲੋਂ ਜੁਲਾਈ ਵਾਸਤੇ ਸਾਰਿਆਂ ਚੈਨਲਾਂ ਤੋਂ ਟੈਂਡਰ ਮੰਗੇ ਜਾ ਰਹੇ ਹਨ। ਟੈਂਡਰ ਭਰ ਕੇ ਕੋਈ ਵੀ ਚੈੱਨਲ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਲੈ ਸਕਦਾ ਹੈ। ਸੰਗਤ ਜੀ ਜਦ ਅਸੀਂ ਟੈਂਡਰ ਭਰਨ ਦੀ ਗੱਲ ਕਰਦੇ ਹਾਂ ਤਾਂ ਇਸ ਤਰਾਂ ਲੱਗਦਾ ਹੈ ਕਿ ਜਿਵੇਂ ਗੁਰਬਾਣੀ ਪ੍ਰਸਾਰਣ ਦਾ ਠੇਕਾ ਕਿਸੇ ਅਦਾਰੇ ਨੂੰ ਦੇ ਰਹੇ ਹੋਈਏ। ਬਹੁਤ ਸਾਰੇ ਚੈੱਨਲ ਟੈਂਡਰ ਭਰਨ ਆਉਣਗੇ। ਹੋ ਸਕਦਾ ਹੈ ਕਿ ਪੀ.ਟੀ.ਸੀ. ਜਾਂ ਕੋਈ ਹੋਰ ਚੈੱਨਲ ਦੋ ਢਾਈ ਕਰੋੜ ਰੁਪਿਆ ਸਲਾਨਾ ਦੇ ਕੇ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਕਰਨ ਦਾ ਅਧਿਕਾਰ ਪ੍ਰਾਪਤ ਕਰ ਲਵੇ। ਅਗਰ ਅਸੀਂ ਮੌਜੂਦਾ ਪੀ.ਟੀ.ਸੀ. ਅਦਾਰੇ ਨੂੰ ਦੇਖੀਏ ਤਾਂ ਦੁਨੀਆਂਭਰ ’ਚ ਪੀ.ਟੀ.ਸੀ. ਚੈੱਨਲ ਕਿਸੇ ਨਾ ਕਿਸੇ ਕੇਬਲ ਕੰਪਨੀ, ਡਿਸ਼ ਨੈੱਟਵਰਕ ਜਾਂ ਕਿਸੇ ਸੈਟੇਲਾਈਟ ਮਾਧਿਅਮ ਰਾਹੀਂ ਸਬਸਕਿ੍ਰਪਸ਼ਨ ਵੇਚਦਾ ਹੈ। ਪੀ.ਟੀ.ਸੀ. ਵਲੋਂ ਐੱਸ.ਜੀ.ਪੀ.ਸੀ. ਨੂੰ ਦਿੱਤੇ ਗਏ ਟੈਂਡਰ ਦੀ ਵਸੂਲੀ ਗੁਰਬਾਣੀ ਨੂੰ ਅਸਿੱਧੇ ਰੂਪ ਵਿਚ ਵੇਚ ਕੇ ਪੂਰੀ ਕੀਤੀ ਜਾਂਦੀ ਹੈ। ਸਾਡੇ ਪਾਸ ਇਹ ਅੰਕੜੇ ਤਾਂ ਮੌਜੂਦ ਨਹੀਂ ਹਨ ਕਿ ਦੁਨੀਆਂਭਰ ਵਿਚ ਪੀ.ਟੀ.ਸੀ. ਚੈੱਨਲ ਦੇ ਕਿੰਨੇ ਸਬਸਕ੍ਰਾਈਬਰ ਹਨ ਪਰ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਐੱਸ.ਜੀ.ਪੀ.ਸੀ. ਨੂੰ ਦਿੱਤਾ ਜਾਣ ਵਾਲਾ ਪੈਸਾ ਜੋ ਕਿ ਲਗਭਗ ਸਵਾ ਦੋ ਲੱਖ ਅਮਰੀਕੀ ਡਾਲਰ ਹੈ, ਨੂੰ ਗੁਰਬਾਣੀ ਰਾਹੀਂ ਉਗਰਾਹੁਣਾ ਇਕ ਨਿੱਕਾ ਜਿਹਾ ਕੰਮ ਹੈ ਕਿਉਂਕਿ ਦੇਸ਼ ਵਿਦੇਸ਼ ਵਿਚ ਵਸਦੀ ਸੰਗਤ ਨੂੰ ਪੀ.ਟੀ.ਸੀ. ਦੀ ਮਹਿੰਗੀ ਸਬਸਕਿ੍ਰਪਸ਼ਨ ਨਾ ਚਾਹੁੰਦੇ ਹੋਏ ਵੀ ਇਸ ਕਰ ਕੇ ਲੈਣੀ ਪੈਂਦੀ ਹੈ ਕਿਉਂਕਿ ਗੁਰਬਾਣੀ ਪ੍ਰਸਾਰਣ ਸਿਰਫ ਤੇ ਸਿਰਫ ਇਸ ਚੈੱਨਲ ’ਤੇ ਹੀ ਹੁੰਦਾ ਹੈ।  
ਜਦੋਂ ਐਸ ਵੇਲੇ ਹਜ਼ਾਰਾਂ ਹੀ ਟੀ.ਵੀ. ਚੈੱਨਲ ਵੰਨ ਸੁਵੰਨੇ ਢੰਗ ਨਾਲ ਸੰਸਾਰ ਵਿਚ ਉਲਬਧ ਹਨ, ਟੀ.ਵੀ. ਚਲਾਉਣ ਲਈ ਤੁਹਾਨੂੰ ਪ੍ਰੌਡਕਸ਼ਨ ਟੀਮ ਚਾਹੀਦੀ ਹੈ, ਕੌਂਟੈਂਟ ਚਾਹੀਦੇ ਹਨ, ਫ਼ਿਲਮਾਂ ਤੇ ਗਾਣਿਆਂ ਨੂੰ ਪ੍ਰਸਾਰਿਤ ਕਰਨ ਦੇ ਹੱਕ ਚਾਹੀਦੇ ਹਨ ਜਿਨਾਂ ਦੀ ਕਿ ਰੌਇਲਟੀ ਦੇਣੀ ਪੈਂਦੀ ਹੈ। ਸੈਂਕੜੇ ਮੁਲਾਜ਼ਮ ਚਾਹੀਦੇ ਹਨ। ਫੀਲਡ ਵਿਚ ਰਿਪੋਰਟਰ ਚਾਹੀਦੇ ਹਨ। ਭਾਵ ਟੀ.ਵੀ. ਚਲਾਉਣ ਲਈ ਕਰੋੜਾਂ ਰੁਪਏ ਖਰਚ ਆਉਂਦੇ ਹਨ ਅਗਰ ਇਸ ਨੂੰ ਦੁਨੀਆਂਭਰ ਵਿਚ ਪਹੁੰਚਾਉਣਾ ਹੋਵੇ ਤਾਂ ਖਰਚ ਹੋਰ ਵੀ ਵਧ ਸਕਦਾ ਹੈ। ਦੂਜੇ ਪਾਸੇ ਗੁਰਬਾਣੀ ਪ੍ਰਸਾਰਣ ਕਰਨ ਵਿਚ ਤੁਹਾਨੂੰ ਸੈਂਕੜੇ ਮੁਲਾਜ਼ਮਾਂ ਦੀ ਲੋੜ ਨਹੀਂ ਹੈ। ਦਰਬਾਰ ਸਾਹਿਬ ਵਿਚ ਲਗਾਤਾਰ ਹੁੰਦਾ ਕੀਰਤਨ ਇਕ ਬੇਸ਼ਮਕੀਮਤੀ ਕੌਂਟੈਟ ਹੈ ਜਿਸ ਲਈ ਚੈੱਨਲ ਨੂੰ ਅਲੱਗ ਤੋਂ ਕੋਈ ਮਿਹਨਤ ਨਹੀਂ ਕਰਨੀ ਪੈਂਦੀ। ਇਹੀ ਕਾਰਨ ਹੈ ਕਿ ਪੀ.ਟੀ.ਸੀ. ਐੱਸ.ਜੀ.ਪੀ.ਸੀ. ਨੂੰ ਦੋ ਕੁ ਕਰੋੜ ਰੁਪਏ ਸਲਾਨਾ ਦੇ ਕੇ ਸਬਸਕਿ੍ਰਪਸ਼ਨ ਦੇ ਰਾਹੀਂ ਗੁਰਬਾਣੀ ਅਸਿੱਧੇ ਢੰਗ ਨਾਲ ਵੇਚ ਕੇ ਦੁਨੀਆਂਭਰ ਵਿੱਚੋਂ ਕਰੋੜਾਂ ਰੁਪਏ ਦੀ ਉਗਰਾਹੀ ਕਰਦਾ ਹੈ। 
ਆਓ ਆਪਾਂ ਇਕ ਝਾਤ ਐੱਸ.ਜੀ.ਪੀ.ਸੀ. ਦੇ 2023-2024 ਦੇ ਸਲਾਨਾ ਬੱਜਟ ਉੱਤੇ ਮਾਰੀਏ। ਐੱਸ.ਜੀ.ਪੀ.ਸੀ. ਵਲੋਂ ਪਾਸ ਕੀਤਾ ਗਿਆ ਇਹ ਬੱਜਟ ਦਰਸਾਉਂਦਾ ਹੈ ਕਿ ਐੱਸ.ਜੀ.ਪੀ.ਸੀ. ਨੇ 1138.14 ਕਰੋੜ ਰੁਪਏ ਦਾ ਬੱਜਟ 2023-24 ਵਾਸਤੇ ਰੱਖਿਆ ਜਦਕਿ 2022-23 ਦਾ ਬੱਜਟ 988 ਕਰੋੜ ਦਾ ਸੀ। ਅੰਕੜੇ ਦੱਸਦੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਪਾਸ ਇਕ ਵੱਡਾ ਬੱਜਟ ਹੈ ਜੋ ਹਜ਼ਾਰਾਂ ਕਰੋੜ ਰੁਪਏ ਵਿਚ ਹੈ। ਐੱਸ.ਜੀ.ਪੀ.ਸੀ. ਨੂੰ ਚਾਹੀਦਾ ਹੈ ਕਿ ਉਹ ਪ੍ਰਾਈਵੇਟ ਚੈੱਨਲਾਂ ਕੋਲੋਂ ਟੈਂਡਰ ਮੰਗਣ ਦੀ ਬਜਾਏ ਆਪਣਾ ਖੁਦ ਦਾ ਚੈੱਨਲ ਲਾਂਚ ਕਰੇ ਅਤੇ ਇਹ ਚੈੱਨਲ ਦੁਨੀਆਂਭਰ ਵਿਚ ਵਸਦੇ ਸਿੱਖਾਂ ਨੂੰ ਗੁਰਬਾਣੀ ਦਾ ਅਨੰਦ ਮਾਨਣ ਵਾਸਤੇ ਮੁਫਤ ਮੁਹੱਈਆ ਕਰਵਾਏ ਅਤੇ ਵੱਧ ਤੋਂ ਵੱਧ ਜੇ ਐੱਸ.ਜੀ.ਪੀ.ਸੀ. ਨੇ ਪੈਸੇ ਲੈਣੇ ਹੀ ਹਨ ਤਾਂ ਉਹ ਦਾਨ ਦੇ ਰੂਪ ਵਿਚ ਲਵੇ ਜਿਸ ਤਰਾਂ ਗੁਰੂਘਰਾਂ ਵਿਚ ਸੰਗਤ ਦਸਾਂ ਨਹੁੰਆਂ ਦੀ ਕਿਰਤ ਵਿਚੋਂ ਦਸਵੰਦ ਭੇਂਟ ਕਰਦੀ ਹੈ। ਗੁਰੂ ਨਾਨਕ ਨਾਮ ਲੇਵਾ ਸਿੱਖ ਬਹੁਤ ਵੱਡੇ-ਵੱਡੇ ਦਾਨੀ ਹਨ ਅਤੇ ਇਹ ਆਮ ਪਾਇਆ ਜਾਂਦਾ ਹੈ ਕਿ ਸਿੱਖ ਆਪਣੀ ਸ਼ਰਧਾ ਮੁਤਾਬਿਕ ਹੁਣ ਵੀ ਐੱਸ.ਜੀ.ਪੀ.ਸੀ. ਦਾ ਬੱਜਟ ਹਜ਼ਾਰਾਂ ਕਰੋੜ ਰੁਪਏ ਤੱਕ ਪਹੁੰਚਾ ਰਹੇ ਹਨ। ਅਗਰ ਐੱਸ.ਜੀ.ਪੀ.ਸੀ. ਨੂੰ ਇਸ ਬੱਜਟ ਵਿਚੋਂ ਪੰਜ ਸੱਤ ਕਰੋੜ ਰੁਪਏ ਗੁਰਬਾਣੀ ਨੂੰ ਸਮਰਪਿਤ ਇਸ ਚੈੱਨਲ ਉੱਪਰ ਲਾਉਣੇ ਵੀ ਪੈਂਦੇ ਹਨ ਤਾਂ ਇਸ ਤੋਂ ਕਿਤੇ ਵੱਧ ਐੱਸ.ਜੀ.ਪੀ.ਸੀ. ਸੰਗਤ ਵਲੋਂ ਦਿੱਤੇ ਦਾਨ ਦੇ ਰੂਪ ਵਿਚ ਹਾਸਲ ਕਰ ਸਕਦੀ ਹੈ, ਗੁਰਬਾਣੀ ਦੇ ਵਪਾਰੀਕਰਨ ਦੇ ਵਿਵਾਦ ਤੋਂ ਸਿੱਖ ਪੰਥ ਨੂੰ ਮੁਕਤੀ ਦੁਆ ਸਕਦੀ ਹੈ ਅਤੇ ਦੇਸ਼ ਵਿਦੇਸ਼ ਵਸਦੀਆਂ ਸੰਗਤਾਂ ਨੂੰ ਮੁਫ਼ਤ ਵਿਚ ਗੁਰਬਾਣੀ  ਪ੍ਰਸਾਰਣ ਦਾ ਲਾਭ ਵੀ ਪ੍ਰਾਪਤ ਹੋ ਸਕਦਾ ਹੈ।             
   

Radio Mirchi