ਸ਼ਿਸ਼ਟਾਚਾਰ ਪੱਖੋਂ ਨਿਘਾਰ ਵੱਲ ਵਧ ਰਹੀ ਪੰਜਾਬ ਦੀ ਸਿਆਸਤ

ਸ਼ਿਸ਼ਟਾਚਾਰ ਪੱਖੋਂ ਨਿਘਾਰ ਵੱਲ ਵਧ ਰਹੀ ਪੰਜਾਬ ਦੀ ਸਿਆਸਤ

ਵੈਸੇ ਤਾਂ ਸਿਆਸਤ ਉੱਪਰ ਨਜ਼ਰ ਮਾਰੀਏ ਤਾਂ ਹਰ ਸਿਆਸੀ ਬੰਦਾ ਆਪਣੇ ਵਿਰੋਧੀ ਨੂੰ ਹਰ ਅਸਲੀ ਨਕਲੀ ਮੁੱਦੇ ’ਤੇ ਘੇਰਦਾ ਹੈ। ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਕਿ ਗੱਲਬਾਤ ਦਾ ਕੇਂਦਰ ਬਿੰਦੂ ਉਹ ਵਿਸ਼ਾ ਬਣ ਜਾਂਦਾ ਹੈ ਜਿਸ ਦਾ ਲੋਕ ਮਸਲਿਆਂ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੁੰਦਾ। ਇਹ ਨਮੂਨਾ ਪਿਛਲੇ ਕੁਝ ਕੁ ਦਹਾਕਿਆਂ ਤੋਂ ਪੰਜਾਬ ਦੀ ਸਿਆਸਤ ਵਿਚ ਆਮ ਵੇਖਣ ਨੂੰ ਮਿਲਦਾ ਹੈ। ਜਿੱਥੇ ਸਿਆਸਤਦਾਨਾਂ ਵਲੋਂ ਆਪਣੇ ਵਿਰੋਧੀਆਂ ਦੇ ਜੀਵਨ ’ਤੇ ਨਿੱਜੀ ਪੱਧਰ ’ਤੇ ਜਾ ਕੇ ਹਮਲੇ ਕੀਤੇ ਜਾਂਦੇ ਹਨ, ਕਈ ਵਾਰ ਤਾਂ ਉਨਾਂ ਦੇ ਧਰਮ, ਜ਼ਾਤ, ਇਲਾਕਾ ਇੱਥੋਂ ਤੱਕ ਕਿ ਉਸ ਦੀ ਸਰੀਰਕ ਦਿੱਖ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ। ਅਜਿਹਾ ਵਰਤਾਰਾ ਭਾਰਤੀ ਸਿਆਸਤ ਵਿਚ ਵੀ ਆਮ ਗੱਲ ਹੈ। ਜੇਕਰ ਇਸ ਅਲੋਚਨਾ ਦੀ ਚੀਰ ਫਾੜ ਕੀਤੀ ਜਾਵੇ ਤਾਂ ਇਸ ਵਿੱਚੋਂ ਲੋਕ ਹਿੱਤਾਂ ਦੀ ਕੋਈ ਵੀ ਗੱਲ ਨਹੀਂ ਨਿਕਲਦੀ। ਇਕ ਖਾਸ ਫਿਰਕੇ ਦੇ ਲੋਕਾਂ ਪ੍ਰਤੀ ਅਪਸ਼ਬਦ ਬੋਲਣੇ ਆਮ ਵਰਤਾਰਾ ਬਣ ਚੱੁਕਾ ਹੈ। ਅਗਰ ਅਸੀਂ ਪੰਜਾਬ ਦੀ ਸਿਆਸਤ ’ਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ ਸਿਆਸੀ ਲੋਕ ਵੀ ਇਸ ਬਿਮਾਰੀ ਤੋਂ ਬੁਰੀ ਤਰਾਂ ਪੀੜਤ ਹਨ। ਕੁਝ ਦਿਨ ਪਹਿਲਾਂ ਆਗੂ ਨਵਜੋਤ ਸਿੰਘ ਸਿੱਧੂ ਵਲੋਂ ਭਗਵੰਤ ਮਾਨ ’ਤੇ ਜ਼ਾਤੀ ਹਮਲਾ ਕੀਤਾ ਗਿਆ ਕਿ ਉਹਨੇ (ਭਗਵੰਤ ਮਾਨ) ਕਿਹਾ ਤਾਂ ਇਹ ਸੀ ਕਿ ਉਹ ਪੰਜਾਬ ਵਿਚ ਸਿਆਸੀ ਬਦਲਾਅ ਲਿਆਵੇਗਾ ਪਰ ਇਸ ਨੇ ਸਿਆਸੀ ਬਦਲਾਅ ਤਾਂ ਕੀ ਲਿਆਉਣਾ ਸੀ ਹਾਂ ਇਕ ਬਦਲਾਅ ਜ਼ਰੂਰ ਕਰ ਦਿੱਤਾ ਹੈ ਕਿ ਉਸ ਨੇ ਆਪਣੀ ਪਤਨੀ ਬਦਲ ਲਈ ਹੈ। ਇਸ ’ਤੇ ਉਲਟਾ ਵਾਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘ਨਵਜੋਤ ਸਿੰਘ ਸਿੱਧੂ ਜੀ ਤੁਹਾਡੇ ਬਾਪ ਦੀਆਂ ਵੀ ਦੋ ਸ਼ਾਦੀਆਂ ਸਨ। ਅਗਰ ਉਹ ਬਦਲਾਅ ਨਾ ਕਰਦਾ ਤਾਂ ਤੁਸੀ ਇਸ ਧਰਤੀ ’ਤੇ ਵੀ ਨਹੀਂ ਸੀ ਹੋਣਾ।’ ਇਸੇ ਤਰਾਂ ਦੀ ਘਟੀਆ ਦੂਸ਼ਣਬਾਜ਼ੀ ਵਿਚ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਕੁੱਦਦਿਆਂ ਕਿ ਭਗਵੰਤ ਮਾਨ ਜੀ ਤੁਹਾਡੇ ਪਾਸ ਸੂਚਨਾ ਦੀ ਕਮੀ ਹੈ, ਜਿੱਥੇ ਤੱਕ ਮੈਨੂੰ ਪਤਾ ਹੈ ਕਿ ਸਿੱਧੂ ਸਾਬ ਦੇ ਪਿਤਾ ਦੀਆਂ ਦੋ ਸ਼ਾਦੀਆਂ ਨਹੀਂ ਸਨ, ਉਨਾਂ ਦੀ ਮਾਤਾ ਨੇ ਦੂਸਰੀ ਸ਼ਾਦੀ ਇਹਨਾਂ ਦੇ ਪਿਤਾ ਨਾਲ ਕਰਵਾਈ ਸੀ। ਨਵਜੋਤ ਕੌਰ ਸਿੱਧੂ ਦੇ ਕਹਿਣ ਨਾਲ ਕੁਝ ਵੀ ਨਹੀਂ ਬਦਲਿਆ। ਅਗਰ ਭਗਵੰਤ ਮਾਨ ਇਹ ਕਹਿ ਦਿੰਦੇ ਕਿ, ‘ਸਿੱਧੂ ਸਾਬ ਤੁਹਾਡੀ ਮਾਤਾ ਜੀ ਜੇਕਰ ਬਦਲਾਅ ਨਹੀਂ ਕਰਦੇ ਤਾਂ ਤੁਸੀਂ ਧਰਤੀ ’ਤੇ ਨਹੀਂ ਸੀ ਆਉਣਾ।’ ਸ਼ਾਦੀ ਪਿਓ ਦੂਜੀ ਕਰੇ ਜਾਂ ਮਾਤਾ, ਦੂਸਰੀ ਸ਼ਾਦੀ ਤਾਂ ਦੂਸਰੀ ਸ਼ਾਦੀ ਹੀ ਹੈ। ਇਹ ਕਹਿ ਕਿ ਪਿਓ ਨੇ ਨਹੀਂ ਕੀਤੀ, ਮਾਂ ਨੇ ਕੀਤੀ ਹੈ, ਨਾਲ ਹਕੀਕਤ ਨਹੀਂ ਬਦਲਣ ਲੱਗੀ। 
ਇਸੇ ਤਰਾਂ ਹੀ ਕਾਂਗਰਸ ਦੇ ਸੀਨੀਅਰ ਆਗੂ ਸ੍ਰ. ਪ੍ਰਤਾਪ ਸਿੰਘ ਬਾਜਵਾ ਨੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘ਇਹ ਸਾਡੇ ਸਾਹਮਣੇ ਲੋਕਾਂ ਨੇ ਇਹੋ ਜਿਹਾ ਮਟੀਰੀਅਲ ਬਿਠਾ ਦਿੱਤਾ ਹੈ ਜਿਨਾਂ ਨੂੰ ਕਿਸੇ ਤਰਾਂ ਦਾ ਕੋਈ ਸਿਆਸੀ ਗਿਆਨ ਨਹੀਂ। ਉਹ ਲੋਕ ਜੋ ਪੰਚੀ ਸਰਪੰਚੀ ਜਿੱਤਣ ਦੇ ਕਾਬਲ ਵੀ ਨਹੀਂ ਸੀ, ਅੱਜ ਸਾਡੇ ਸਾਹਮਣੇ ਐੱਮ.ਐੱਲ.ਏ ਬਣ ਕੇ ਸਜ ਗਏ ਹਨ ਅਤੇ ਨਾਲ ਹੀ ਇਕ ਆਗੂ ਨੇ ਬਿਆਨ ਦੇ ਦਿੱਤਾ ਕਿ ਆਪ ਦੇ ਨੇਤਾਵਾਂ ਨੂੰ ਕੋਈ ਵੀ ਤਜ਼ਰਬਾ ਨਹੀਂ। ਇਸ ’ਤੇ ਵਿਅੰਗ ਕੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਲੋਂ ਦਿੱਤੇ ਫ਼ਤਵੇ ਨੂੰ ਸਿਰ ਝੁਕਾ ਕੇ ਕਬੂਲ ਕਰੋ, ਇਹ ਲੋਕ ਹੀ ਹਨ ਜਿਨਾਂ ਨਾਤਜ਼ਰਬੇਕਾਰ ਲੋਕਾਂ ਨੂੰ ਸੱਤਾ ’ਤੇ ਬਿਠਾਇਆ ਹੈ ਅਤੇ ਤੁਹਾਡੇ ਵਰਗੇ ਤਜ਼ਰਬੇਕਾਰਾਂ ਨੂੰ ਕੁਰਸੀਆਂ ਤੋਂ ਉਤਾਰਿਆ ਹੈ। ਨਾਲ ਹੀ ਉਨਾਂ ਨੇ ਪ੍ਰਸ਼ਨ ਕੀਤਾ ਕਿ ਤਜ਼ਰਬੇਕਾਰਾਂ ਨੇ ਪੰਜਾਬ ਦਾ ਕਿਹੜਾ ਭਲਾ ਕੀਤਾ ਹੈ? 
ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਹੁਰਾਂ ਇਕ ਸਭਾ ’ਚ ਬੋਲਦਿਆਂ ਕਿਹਾ ਗਿਆ ਕਿ ਬਾਦਲ ਸਾਬ 20 ਸਾਲ ਮੁੱਖ ਮੰਤਰੀ ਰਹੇ, ਸ੍ਰ. ਅਮਰਿੰਦਰ ਸਿੰਘ ਸਾਬ 10 ਸਾਲ, ਬੇਅੰਤ ਸਿੰਘ ਸਾਬ 5 ਸਾਲ ਅਤੇ ਆ ਪਾਗਲ ਜਿਹੇ ਨੂੰ ਇਕ ਸਾਲ ਹੋ ਗਿਆ ਹੈ। ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਆਪਣੇ ਫੇਸਬੱੁਕ ਪੇਜ ’ਤੇ ਝੱਟ ਜਵਾਬ ਦਿੱਤਾ ਕਿ, ‘ਆਹ ਦੇਖੋ ਪੰਜਾਬੀਓ, ਇਹਨਾਂ ਦੀ ਬੁਖਲਾਹਟ ਜਾਂ ਦਿਮਾਗੀ ਸੰਤੁਲਨ ਖਰਾਬ ਹੈ। ਬਾਦਲ ਵੀ ਸਾਬ, ਬਰਨਾਲਾ ਵੀ ਸਾਬ, ਬੇਅੰਤ ਸਿੰਘ ਵੀ ਅਤੇ ਕੈਪਟਨ ਵੀ ਸਾਬ ਅਤੇ ਮੈਨੂੰ ਪਾਗਲ ਜਿਹਾ। ਕੋਈ ਗੱਲ ਨਹੀਂ ਸੁਖਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਐ, ਮੇਰੇ ਨਾਲ ਲੋਕ ਨੇ, ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਤਾਂ ਨਹੀਂ ਤੁਹਾਡੇ ਵਾਂਗ।’ ਅਗਰ ਪਿਛਲੇ ਇਕ ਦਹਾਕੇ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜਦ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਵਿਚ ਹੁੰਦਾ ਸੀ ਤਾਂ ਉਸ ਦਾ ਅੜਿੱਕਾ ਕੈਪਟਨ ਅਮਰਿੰਦਰ ਸਿੰਘ ਨਾਲ ਹੁੰਦਾ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਸਭਾਵਾਂ ਵਿਚ ਆਮ ਹੀ ਨਵਜੋਤ ਸਿੰਘ ਸਿੱਧੂ ਨੂੰ ‘ਜੋਕਰ’ ਦੱਸਦੇ ਹੁੰਦੇ ਸਨ ਅਤੇ ਸਲਾਹ ਦਿੰਦੇ ਹੁੰਦੇ ਸਨ ਕਿ, ‘ਤੇਰੇ ਵਰਗੇ ਲੋਕਾਂ ਦੀ ਸਿਆਸਤ ਵਿਚ ਕੋਈ ਥਾਂ ਨਹੀਂ। ਤੁਹਾਨੂੰ ਕਾਮੇਡੀ ਵਾਲਾ ਕਿੱਤਾ ਅਪਣਾ ਲੈਣਾ ਚਾਹੀਦਾ ਹੈ।’ ਲੋਕਾਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਬਾਅਦ ਵਿਚ ਕਪਿਲ ਸ਼ਰਮਾਂ ਦੇ ਕਾਮੇਡੀ ਸ਼ੋਆਂ ਨੂੰ ਜੁਆਇਨ ਵੀ ਕਰ ਲਿਆ ਸੀ। ਜਦ ਨਵਜੋਤ ਸਿੰਘ ਸਿੱਧੂ ਜਦੋਂ ਕੈਪਟਨ ਅਮਰਿੰਦਰ ਸਿੰਘ ’ਤੇ ਸ਼ਬਦੀ ਵਾਰ ਕਰਦਾ ਹੁੰਦਾ ਸੀ ਤਾਂ ਉਹ ਸਿਆਸਤ ਤੋਂ ਪਰਾਂ ਜਾ ਕੇ ਕੈਪਟਨ ਅਮਰਿੰਦਰ ਸਿੰਘ ’ਤੇ ਨਿੱਜੀ ਟਿੱਪਣੀਆਂ ਕਰ ਜਾਂਦਾ ਸੀ ਅਤੇ ਪੰਜਾਬ ਦੇ ਬਹੁਤ ਸਾਰੇ ਸਿਆਸਤਦਾਨਾਂ ਨੇ ਕੈਪਟਨ ਅਮਰਿੰਦਰ ਨੂੰ ਅਰੂਸਾ ਆਲਮ ਦੇ ਕੇਸ ਵਿਚ ਪਾਣੀ ਪੀ-ਪੀ ਕੇ ਕੋਸਿਆ ਸੀ ਅਤੇ ਕਈਆਂ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਰਾਜਾਸ਼ਾਹੀ ਦੀ ਪੈਦਾਇਸ਼ ਦੱਸਿਆ ਸੀ। 
ਪਰ ਸਮਾਂ ਪਾ ਕੇ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ’ਚੋਂ ਰੁਖਸਤ ਹੋ ਗਏ ਅਤੇ ਉਹਨਾਂ ਨੇ ਕਾਂਗਰਸ ਦਾ ਪੱਲਾ ਫੜ ਲਿਆ ਅਤੇ ਮਿਹਣੋ ਮਿਹਣੀ ਹੋਣ ਵਾਲੇ ਆਗੂ ਇੱਕੋ ਪਾਰਟੀ ਵਿਚ ’ਕੱਠੇ ਹੋ ਗਏ ਅਤੇ ਇਕ ਦੂਜੇ ਦੀਆਂ ਤਰੀਫਾਂ ਦੇ ਪੁਲ ਬੰਨਣ ਲੱਗੇ ਪਰ ਬਾਅਦ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਸੌਂਕਣਾਂ ਵਾਲੀ ਲੜਾਈ ਸਾਰੇ ਪੰਜਾਬ ਦੇ ਲੋਕਾਂ ਨੇ ਵੇਖੀ। ਅਖੀਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ’ਚੋਂ ਪਲਾਕੀ ਮਾਰ ਗਏ, ਪਹਿਲਾਂ ਤਾਂ ਉਹਨਾਂ ਆਪਣੀ ਪਾਰਟੀ ਬਣਾਈ ਤੇ ਫਿਰ ਉਹਨਾਂ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਕਰ ਦਿੱਤੀ। 
ਨਵਜੋਤ ਸਿੰਘ ਸਿੱਧੂ, ਬਿਕਰਮਜੀਤ ਸਿੰਘ ਮਜੀਠੀਆ ਦੀਆਂ ਆਪਣੇ ਭਾਸ਼ਣਾ ਵਿਚ ਨਕਲਾਂ ਲਾਉਂਦੇ ਆਮ ਦਿਖਾਈ ਦਿੰਦੇ ਰਹੇ ਹਨ। ਜਲੰਧਰ ਵਿਚ ਹੋਏ ਇਕ ਭਾਰੀ ਸਰਬਪਾਰਟੀ ਇਕੱਠ ਵਿਚ ਉਨਾਂ ਆਪ ਆਵਾਜ਼ ਮਾਰ ਕੇ ਸਟੇਜ ਉੱਪਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਬੁਲਾਇਆ ਅਤੇ ਜੱਫ਼ੀ ਪਾ ਲਈ। ਇਸ ਜੱਫ਼ੀ ’ਤੇ ਜਦੋਂ ਕਾਨਾਫੂਸੀ ਹੋਣੀ ਸ਼ੁਰੂ ਹੋਈ ਤਾਂ ਨਵਜੋਤ ਸਿੱਧੂ ਹੁਰਾਂ ਨੇ ਗੱਲ ਨੂੰ ਬਦਲਦਿਆਂ ਕਿਹਾ, ‘ਯਾਰ ਮੈਂ ਤਾਂ ਜੱਫ਼ੀ ਪਾਈ ਆ ਪੱਪੀ ਤਾਂ ਨਹੀਂ ਲੈ ਲਈ।’ 
ਉਪਰੋਕਤ ਉਦਾਹਰਣਾਂ ਇਹ ਸਮਝਣ ਲਈ ਕਾਫੀ ਹਨ ਕਿ ਪੰਜਾਬ ਦੇ ਸਿਆਸਤਦਾਨ ਆਪਣੇ ਵਿਰੋਧੀਆਂ ਤੇ ਨਿੱਜੀ ਹਮਲੇ ਕਰਨ ਦੇ ਆਦੀ ਹਨ ਅਤੇ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਕਦ ਬੇਸ਼ਰਮੀ ਦੀਆਂ ਹੱਦਾਂ ਲੰਘਦਿਆਂ ਕਿਹਨੂੰ ਕਦ ਜੱਫ਼ੀ ਪਾ ਲੈਣੀ ਹੈ। ਪੰਜਾਬ ਦੀ ਜਨਤਾ ਇਹਨਾਂ ਦੇ ਬਿਆਨ ਸੁਣਨ ਤੋਂ ਬਾਅਦ ਆਪਸ ਵਿਚ ਹੀ ਲੜਨਾਂ ਸ਼ੁਰੂ ਕਰ ਦਿੰਦੀ ਹੈ ਕਿ ਅਖੇ, ‘ਅੱਜ ਫਲਾਨੇ ਨੇਤਾ ਨੇ ਆਪਣੇ ਵਿਰੋਧੀ ਦੀ ਬੜੀ ਤਹਿ ਜਮਾਈ’। ਸਾਰੀਆਂ ਧਿਰਾਂ ਦੇ ਪਿਛਲੱਗ ਲੋਕ ਇਹਨਾਂ ਨੇਤਾਵਾਂ ਦੇ ਜ਼ਾਤੀ ਹਮਲਿਆਂ ਪਿੱਛੇ ਲਗ ਕੇ ਆਪਣਾ ਹੀ ਝੁੱਗਾ ਚੌੜ ਆਪ ਹੀ ਕਰਵਾ ਲੈਂਦੇ ਹਨ। ਜਿਸ ਤਰੀਕੇ ਦੇ ਨਿੱਜੀ ਹਮਲੇ ਕਰ ਕੇ ਇਹ ਲੋਕ ਅਖ਼ਬਾਰਾਂ ਦੀਆਂ ਸੁਰਖੀਆਂ ਬਣਾਉਂਦੇ ਹਨ ਅਤੇ ਆਮ ਲੋਕ ਉਨਾਂ ਨੂੰ ਹੀ ਆਧਾਰ ਬਣਾ ਕੇ ਆਪਸ ਵਿਚ ਛਿੱਤਰਪਤਾਂਗ ਅਤੇ ਡਾਂਗੋ ਡਾਂਗੀ ਹੋਏ ਰਹਿੰਦੇ ਹਨ। ਅਗਰ ਧਿਆਨ ਨਾਲ ਉਪਰੋਕਤ ਬਿਆਨਾਂ ਨੂੰ ਵਿਚਾਰਿਆ ਜਾਵੇ ਤਾਂ ਇਹਨਾਂ ਬਿਆਨਾਂ ’ਚੋਂ ਇਕ ਵੀ ਅਜਿਹੀ ਗੱਲ ਨਹੀਂ ਝਲਕਦੀ ਕਿ ਸਿਆਸਤਦਾਨਾਂ ਦੇ ਇਹ ਵਿਚਾਰ ਪੰਜਾਬ ਦੇ ਲੋਕਾਂ ਦੇ ਦੁੱਖਾਂ ਤਕਲੀਫਾਂ ਦੀ ਗੱਲ ਕਰਦੇ ਹੋਣ। ਪੰਜਾਬ ਦੇ ਲੋਕਾਂ ਨੂੰ ਕੱੁਲੀ, ਗੱੁਲੀ ਅਤੇ ਜੱੁਲੀ ਦੀ ਲੋੜ ਹੈ। ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਦੀ ਚਾਹਤ ਹੈ। ਅੱਜ ਪੰਜਾਬ ਦਾ ਨੌਜਵਾਨ ਆਪਣਾ ਘਰ-ਬਾਰ ਵੇਚ ਵੱਟ ਵਿਦੇਸ਼ਾਂ ਨੂੰ ਦੌੜਨ ਦੀ ਦੌੜ ਵਿਚ ਸ਼ਾਮਿਲ ਹੈ। ਮਸਲਾ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਮੌਕੇ ਪੈਦਾ ਕਰਨ ਅਤੇ ਇਸ ਬੇਲੋੜੇ ਪਰਵਾਸ ਨੂੰ ਰੋਕਣ ਦਾ ਹੈ। ਮਸਲਾ ਕੇਂਦਰ ਵਲੋਂ ਪੰਜਾਬ ਦੇ ਕੁਦਰਤੀ ਸੋਮਿਆਂ ਦੀ ਲੱੁਟ ਦਾ ਹੈ ਤੇ ਸਭ ਧਿਰਾਂ ਨੂੰ ਇਹਨਾਂ ਮਾਮਲਿਆਂ ਦੇ ਹੱਲ ਲੱਭਣ ਦੀ ਲੋੜ ਹੈ। ਮਸਲਾ ਪੰਜਾਬ ਵਿਚ ਫੈਲੇ ਨਸ਼ਾ ਤਸਕਰਾਂ ਦੇ ਤਾਣੇ ਬਾਣੇ ਦਾ ਹੈ। ਮਸਲਾ ਪੰਜਾਬ ਦੀ ਡੱੁਬਦੀ ਆਰਥਿਕਤਾ ਅਤੇ ਕਿਸਾਨੀ ਦੇ ਡੁੱਬਣ ਦਾ ਅਤੇ ਖੁਦਕੁਸ਼ੀਆਂ ਵੱਲ ਨੂੰ ਵਧਣ ਦਾ ਹੈ। ਪੰਜਾਬ ਦੇ ਆਮ ਲੋਕਾਂ ਦਾ ਇਹ ਮਸਲਾ ਨਹੀਂ ਹੈ, ਕਿਹੜਾ ਜੋਕਰ ਹੈ, ਕਿਹੜੇ ਨੇ ਕਿੰਨੇ ਵਿਆਹ ਕਰਵਾਏ ਹਨ, ਕਿਹੜਾ ਪਾਗਲ ਜਿਹਾ ਹੈ, ਆਦਿ ਆਦਿ ਆਦਿ... ਪੰਜਾਬ ਦੇ ਸਿਆਸਤਦਾਨਾਂ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਹੈ ਅਤੇ ਸ਼ਿਸ਼ਟਾਚਾਰ ਦੀ ਦੁਨੀਆਂ ਵਿਚ ਵਾਪਸ ਪਰਤਣਾ ਚਾਹੀਦਾ ਹੈ ਅਤੇ ਭੰਡਬਾਜੀ ਛੱਡ ਕੇ ਪੰਜਾਬ ਦੇ ਅਸਲੀ ਮੁੱਦਿਆਂ ’ਤੇ ਚਰਚਾ ਕਰਨੀ ਚਾਹੀਦੀ ਹੈ।   
     
   

Radio Mirchi