US : ਕਰਮਨ ਸ਼ਹਿਰ ਦੀ ਕ੍ਰਿਸਮਿਸ ਪਰੇਡ ਚ ਸਿੱਖ ਭਾਈਚਾਰੇ ਨੇ ਲਾਏ ਲੰਗਰ
ਕਰਮਨ, — ਕੈਲੀਫੋਰਨੀਆ ਦੇ ਫਰਿਜ਼ਨੋ ਨੇੜਲੇ ਸ਼ਹਿਰ ਕਰਮਨ ਵਿਖੇ ਉੱਥੋਂ ਸਿਟੀ ਪ੍ਰਬੰਧਕਾਂ ਵੱਲੋਂ ਸਮੁੱਚੇ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਬੀਤੇ ਦਿਨੀ ਰਾਤ ਨੂੰ ਸਲਾਨਾ ਪਰੇਡ ਕੀਤੀ ਗਈ, ਜਿਸ ਦੀ ਰਸਮੀ ਸ਼ੁਰੂਆਤ ਸਿਟੀ ਹਾਲ ਤੋਂ ਹੋਈ। ਇਕ ਵੱਡੇ ਕ੍ਰਿਸਮਸ ਦੇ ਦਰੱਖਤ ਨੂੰ ਰੌਸ਼ਨੀ ਨਾਲ ਸਜਾਇਆ ਗਿਆ ਸੀ। ਸਿਟੀ ਦੇ ਵੱਖ-ਵੱਖ ਵਿਭਾਗਾਂ, ਨਿੱਜੀ ਕੰਪਨੀਆਂ, ਸਟੋਰਾਂ ਅਤੇ ਸੰਸਥਾਵਾਂ ਦੀਆਂ ਲਾਈਟਾਂ ਅਤੇ ਝਾਕੀਆਂ ਆਦਿਕ ਨਾਲ ਬਹੁਤ ਸਾਰੇ ਸਜੇ ਫਲੋਟ ਸੜਕ ਦੇ ਦੋਵੇਂ ਪਾਸੇ ਬੈਠੇ ਲੋਕਾਂ ਦੀ ਖਿੱਚ ਦਾ ਕੇਂਦਰ ਰਹੇ।
ਇਸ ਪਰੇਡ ਵਿੱਚ ਪਹਿਲੀ ਵਾਰ ਪੰਜਾਬੀ ਸਿੱਖ ਭਾਈਚਾਰੇ ਵੱਲੋਂ ਸਿੱਖ ਪਹਿਚਾਣ ਦੀ ਗੱਲ ਕਰਦਾ ਫਲੋਟ ਸ਼ਾਮਲ ਕੀਤਾ ਗਿਆ। ਇਸੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ 1000 ਦੇ ਕਰੀਬ ਖਾਣੇ ਦੇ ਡੱਬੇ ਅਤੇ ਪਾਣੀ ਆਦਿਕ ਦੇ ਲੰਗਰ ਲਾਏ ਗਏ ਅਤੇ ਬੱਚਿਆਂ ਲਈ ਖਿਡੌਣੇ ਵੀ ਵੰਡੇ ਗਏ। ਹਰ ਖਾਣਾ ਪ੍ਰਾਪਤ ਕਰਨ ਵਾਲੇ ਨੂੰ ਖਾਣੇ ਦੇ ਡੱਬੇ ਨਾਲ ਸਿੱਖਾਂ ਦੀ ਪਹਿਚਾਣ ਅਤੇ ਇਤਿਹਾਸ ਦੀ ਜਾਣਕਾਰੀ ਦਿੰਦਾ ਅੰਗਰੇਜ਼ੀ ਵਿੱਚ ਛਪਿਆ ਪੈਫਲਿਟ (ਪਰਚਾ) ਦਿੱਤਾ ਗਿਆ। ਬੇਸ਼ੱਕ ਇੱਥੋਂ ਦੇ ਮੈਕਸੀਕਨ ਮੂਲ ਦੀ ਬਹੁ-ਗਿਣਤੀ ਸਪੈਨਿਸ਼ ਭਾਸ਼ਾ ਦੇ ਜਾਣਕਾਰ ਹਨ, ਜੋ ਕਿ ਆਮ ਤੋਰ 'ਤੇ ਪੰਜਾਬੀ ਭਾਈਚਾਰੇ ਅਤੇ ਸਿੱਖ ਪਛਾਣ ਤੋਂ ਚੰਗੀ ਤਰ੍ਹਾਂ ਜਾਣੂ ਵੀ ਹਨ। ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਵਿੱਚ ਇਹ ਵੰਡਿਆ ਗਿਆ ਪੇਪਰ ਸਹਾਈ ਹੋਵੇਗਾ। ਇਸ ਪਰੇਡ ਵਿੱਚ ਸੇਵਾਦਾਰਾਂ ਤੋਂ ਇਲਾਵਾ ਬਹੁਤੇ ਸਥਾਨਕ ਪੰਜਾਬੀ ਭਾਈਚਾਰੇ ਦੀ ਸ਼ਮੂਲੀਅਤ ਨਜ਼ਰ ਨਹੀਂ ਆਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਮਿਸ਼ਨ ਦੀ ਸੁਰੂਆਤ ਹੋਣ 'ਤੇ ਸਥਾਨਕ ਲੋਕਾਂ ਵਿੱਚ ਚੰਗੀ ਪ੍ਰਸ਼ੰਸਾ ਹੋਈ। ਜਿਸ ਬਾਰੇ ਬੋਲਦਿਆਂ ਕਰਮਨ ਸ਼ਹਿਰ ਦੇ ਪੁਲਸ ਮੁਖੀ ਮਿਸਟਰ ਜਾਨ ਗੋਲਡਨ ਨੇ ਵੀ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ। ਇਸ ਨਾਨਕ ਮਿਸ਼ਨ ਨੂੰ ਅੱਗੇ ਤੋਰਨ ਵਿੱਚ ਵਿਰਸਾ ਫਾਊਡੇਸ਼ਨ ਦੇ ਮੈਂਬਰਾਂ ਨੇ ਸੇਵਾ ਨਿਭਾਈ। ਅੰਤ ਸਮੁੱਚੇ ਅਮਰੀਕਨ ਭਾਈਚਾਰੇ ਵਿੱਚ ਖੁਸ਼ੀਆਂ ਵੰਡਦੀ ਇਹ ਸਲਾਨਾ ਪਰੇਡ ਯਾਦਗਾਰੀ ਹੋ ਨਿੱਬੜੀ।