USA : ਕੋਰੋਨਾ ਨੂੰ ਲੈ ਕੇ ਭਾਰਤੀ ਮੂਲ ਦੀ ਨਿੱਕੀ ਹੇਲੀ ਨੇ ਚੀਨ ਖਿਲਾਫ ਖੋਲ੍ਹਿਆ ਮੋਰਚਾ
ਵਾਸ਼ਿੰਗਟਨ— ਵਿਸ਼ਵ ਭਰ 'ਚ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਲੈ ਕੇ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਵਾਇਰਸ ਨੂੰ ਲੈ ਕੇ ਜ਼ਿਆਦਾਤਰ ਉਂਗਲੀ ਚੀਨ 'ਤੇ ਹੀ ਉੱਠ ਰਹੀ ਹੈ। ਹਾਲ ਹੀ 'ਚ ਚੀਨ ਨੇ ਅਮਰੀਕਾ ਨੂੰ ਵੁਹਾਨ 'ਚ ਜਾ ਕੇ ਇਸ ਦੀ ਜਾਂਚ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ।
ਹੁਣ ਭਾਰਤੀ ਮੂਲ ਦੀ ਅਮਰੀਕੀ ਰੀਪਬਲੀਕਨ ਨੇਤਾ ਅਤੇ ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਸਾਬਕਾ ਰਾਜਦੂਤ ਰਹੀ 48 ਸਾਲਾ ਨਿੱਕੀ ਹੇਲੀ ਨੇ ਚੀਨ ਖਿਲਾਫ ਇਕ ਆਨਲਾਈਨ ਪਟੀਸ਼ਨ ਲਾਂਚ ਕੀਤੀ ਹੈ, ਜਿਸ 'ਚ ਚੀਨ ਨੂੰ ਮਹਾਂਮਾਰੀ ਬਾਰੇ ਝੂਠ ਬੋਲਣ ਲਈ ਜਵਾਬਦੇਹ ਠਹਿਰਾਉਂਦੇ ਹੋਏ ਅਮਰੀਕੀ ਕਾਂਗਰਸ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ। ਹੇਲੀ ਨੇ ਕਿਹਾ, ''ਚੀਨ ਦੀ ਕਮਿਊਨਿਸਟ ਸਰਕਾਰ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਬਾਰੇ ਝੂਠ ਬੋਲਣ 'ਚ ਉਸ ਦੀ ਭੂਮਿਕਾ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਯੂ. ਐੱਸ. ਕਾਂਗਰਸ ਨੂੰ ਹੁਣ ਕਾਰਵਾਈ ਕਰਨ ਦੀ ਲੋੜ ਹੈ।''
ਨਿੱਕੀ ਹੇਲੀ ਨੇ 'ਸਟਾਪ ਕਮਿਊਨਿਸਟ ਚਾਈਨਾ' ਨਾਂ ਨਾਲ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਲਾਂਚ ਹੋਣ ਦੇ ਕੁਝ ਘੰਟਿਆਂ 'ਚ ਹੀ ਸ਼ੁੱਕਰਵਾਰ ਰਾਤ ਤੱਕ 40,000 ਤੋਂ ਵੱਧ ਲੋਕ ਇਸ ਨੂੰ ਸਮਰਥਨ ਦੇ ਚੁੱਕੇ ਹਨ। ਨਿੱਕੀ ਹੇਲੀ ਨੇ ਇਸ ਪਟੀਸ਼ਨ ਦੀ ਗੂੰਜ ਯੂ. ਐੱਸ. ਕਾਂਗਰਸ ਤੱਕ ਪਹੁੰਚਾਉਣ ਲਈ 1,00,000 ਲੋਕਾਂ ਦੇ ਸਮਰਥਨ ਦਾ ਟੀਚਾ ਮਿੱਥਿਆ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸਾਨੂੰ ਚੀਨੀ ਕਮਿਊਨਿਸਟ ਸਰਕਾਰ ਦੇ ਧੋਖੇ ਤੇ ਹੇਰਾਫੇਰੀ ਅਤੇ ਉਸ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਯੂ. ਐੱਸ. ਕਾਂਗਰਸ ਵੱਲੋਂ ਕਾਰਵਾਈ ਦੀ ਤੁਰੰਤ ਜ਼ਰੂਰਤ ਹੈ। ਪਟੀਸ਼ਨ 'ਚ ਯੂ. ਐੱਸ. ਸੰਸਦ ਨੂੰ ਚੀਨ ਵੱਲੋਂ ਕੋਰੋਨਾ ਵਾਇਰਸ ਮਹਾਂਮਾਰੀ ਦਾ ਸੱਚ ਲੁਕਾਉਣ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ, ਨਾਲ ਹੀ ਯੂ. ਐੱਸ. ਨੂੰ ਡਾਕਟਰੀ ਉਪਕਰਣਾਂ ਤੇ ਦਵਾਈਆਂ ਲਈ ਚੀਨ 'ਤੇ ਨਿਰਭਰਤਾ ਖਤਮ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਚੀਨ ਕਾਰਨ ਪ੍ਰੇਸ਼ਾਨੀ ਝੱਲ ਰਹੇ ਤਾਇਵਾਨ ਦਾ ਸਮਰਥਨ ਕਰਨ ਦੀ ਵੀ ਮੰਗ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਨਿੱਕੀ ਹੇਲੀ ਚੀਨ ਦੀ ਸਖਤ ਅਲੋਚਕ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਚੀਨ 'ਤੇ ਦੋਸ਼ ਲਾਇਆ ਸੀ ਕਿ ਉਹ ਕੋਰੋਨਾ ਵਾਇਰਸ ਨੂੰ ਲੈ ਕੇ ਸੱਚ ਲੁਕਾ ਰਿਹਾ ਹੈ। ਤਕਰੀਬਨ 150 ਕਰੋੜ ਲੋਕਾਂ ਦੀ ਆਬਾਦੀ ਵਾਲੇ ਦੇਸ਼ 'ਚ 82 ਹਜ਼ਾਰ ਕੋਰੋਨਾ ਵਾਇਰਸ ਦੇ ਮਾਮਲੇ ਤੇ 3,300 ਮੌਤਾਂ ਇਹ ਸਹੀ ਅੰਕੜਾ ਨਹੀਂ ਹੈ। ਟਰੰਪ ਵੀ ਚੀਨ 'ਤੇ ਸੱਚ ਲੁਕਾਉਣ ਦਾ ਦੋਸ਼ ਲਗਾ ਚੁੱਕੇ ਹਨ।