ਅਕਾਲ ਤਖਤ ਦੇ ਜਥੇਦਾਰ ਵੱਲੋਂ ਧਾਰਮਿਕ ਸਥਾਨ ਖੋਲ੍ਹਣ ਦੀ ਹਮਾਇਤ

ਅਕਾਲ ਤਖਤ ਦੇ ਜਥੇਦਾਰ ਵੱਲੋਂ ਧਾਰਮਿਕ ਸਥਾਨ ਖੋਲ੍ਹਣ ਦੀ ਹਮਾਇਤ

ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਾਲਾਬੰਦੀ ਦੌਰਾਨ ਸ਼ਰਧਾਲੂਆਂ ਲਈ ਧਾਰਮਿਕ ਸਥਾਨ ਖੋਲ੍ਹਣ ਦੀ ਹਮਾਇਤ ਕੀਤੀ ਹੈ। ਉਨ੍ਹਾਂ ਸਿੱਖ ਸੰਗਤ ਨੂੰ ਆਖਿਆ ਕਿ ਗੁਰਦੁਆਰਿਆਂ ਵਿਚ ਬਿਜਲੀ ਉਪਕਰਨ ਦੀ ਵਰਤੋਂ ਲੋੜ ਮੁਤਾਬਕ ਹੀ ਕੀਤੀ ਜਾਵੇ, ਤਾਂ ਜੋ ਅੱਗ ਲੱਗਣ ਦੀਆਂ ਘਟਨਾਵਾਂ ਰੋਕੀਆਂ ਜਾ ਸਕਣ।
ਅੱਜ ਇਥੇ ਸ੍ਰੀ ਅਕਾਲ ਤਖ਼ਤ ਦੇ ਸਕਤਰੇਤ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿ ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਨੇ ਇਕ ਬਿਆਨ ਵਿਚ ਆਖਿਆ ਕਿ ਧਾਰਮਿਕ ਅਸਥਾਨਾਂ ਨੂੰ ਵੀ ਹੰਗਾਮੀ ਸੇਵਾਵਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਲੋਕ ਆਪਣੀ ਆਸਥਾ ਮੁਤਾਬਕ ਧਾਰਮਿਕ ਅਸਥਾਨਾਂ ਵਿਚ ਨਤਮਸਤਕ ਹੋ ਸਕਣ। ਉਨ੍ਹਾਂ ਕਿਹਾ ਕਿ ਭਾਰਤ ਤਾਂ ਗੁਰੂਆਂ, ਪੀਰਾਂ ਦੀ ਧਰਤੀ ਹੈ। ਇਥੇ ਵੀ ਸ਼ਰਧਾਲੂਆਂ ਲਈ ਸਾਰੇ ਧਾਰਮਿਕ ਅਸਥਾਨ ਖੋਲ੍ਹੇ ਜਾਣੇ ਚਾਹੀਦੇ ਹਨ। ਦੂਜੇ ਪਾਸੇ ਸ਼ਰਧਾਲੂਆਂ ਨੂੰ ਵੀ ਨਤਮਸਤਕ ਹੋਣ ਵੇਲੇ ਸਿਹਤ ਵਿਭਾਗ ਵੱਲੋਂ ਦੱਸੇ ਗਏ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਸ ਦੌਰਾਨ ਉਨ੍ਹਾਂ ਨੇ ਗੁਰਦੁਆਰਿਆਂ ਵਿਚ ਅੱਗ ਲੱਗਣ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਨੁਕਸਾਨ ਪੁੱਜਣ ਦੀਆਂ ਘਟਨਾਵਾਂ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸਬੰਧੀ ਕਈ ਵਾਰ ਸੰਗਤ ਨੂੰ ਸੁਚੇਤ ਕੀਤਾ ਗਿਆ ਹੈ ਕਿ ਗੁਰਦੁਆਰਿਆਂ ਵਿਚ ਚੰਗੀ ਵਾਇਰਿੰਗ ਅਤੇ ਚੰਗਾ ਬਿਜਲੀ ਦਾ ਸਾਮਾਨ ਵਰਤਿਆ ਜਾਵੇ। ਪਾਲਕੀ ਸਾਹਿਬ ਦੇ ਨਾਲ ਲੜੀਆਂ ਅਤੇ ਪਲਾਸਟਿਕ ਦਾ ਪੱਖਾ ਆਦਿ ਨਾ ਲਾਇਆ ਜਾਵੇ। ਜਦੋਂ ਇਹ ਉਪਕਰਨ ਚੱਲਦੇ ਹਨ ਤਾਂ ਗਰਮ ਹੋ ਕੇ ਇਨ੍ਹਾਂ ਨੂੰ ਅੱਗ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ। ਉਨ੍ਹਾਂ ਆਖਿਆ ਕਿ ਸੰਗਤ ਨੂੰ ਸੁਚੇਤ ਕੀਤੇ ਜਾਣ ਦੇ ਬਾਵਜੂਦ ਅਣਗਹਿਲੀ ਵਰਤੀ ਜਾ ਰਹੀ ਹੈ। ਉਨ੍ਹਾਂ ਸਮੂਹ ਸੰਗਤ ਨੂੰ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਆਖਿਆ।
ਇਸ ਦੌਰਾਨ ਉਨ੍ਹਾਂ ਨੇ ਯੂਨਾਈਟਿਡ ਸਿੱਖਜ਼ ਜਥੇਬੰਦੀ ਦੇ ਕਾਰਕੁਨਾਂ ਦਾ ਸਨਮਾਨ ਵੀ ਕੀਤਾ। ਜਥੇਬੰਦੀ ਦੇ ਆਗੂ ਹਰਮੀਤ ਸਿੰਘ ਸਲੂਜਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਕਰੋਨਾ ਸੰਕਟ ਦੌਰਾਨ ਵੱਖ ਵੱਖ ਧਰਮ ਅਸਥਾਨਾਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ।
ਗੁਟਕਾ ਸਾਹਿਬ ਦੀ ਬੇਅਦਬੀ ਦੇ ਦੋਸ਼ ਹੇਠ ਤਿੰਨ ਗ੍ਰਿਫਤਾਰ
ਫਤਹਿਗੜ੍ਹ ਚੂੜੀਆਂ : ਇਥੋਂ ਦੇ ਦਸਮੇਸ਼ ਨਗਰ ਵਿੱਚ ਅੱਜ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦਸਮੇਸ਼ ਨਗਰ ਦੇ ਇੱਕ ਘਰ ਵਿੱਚ ਕਿਤਾਬਾਂ ਨੂੰ ਲਾਈ ਗਈ ਅੱਗ ’ਚ ਗੁਟਕਾ ਸਾਹਿਬ ਦੇ ਅੰਗ ਸੜ ਗਏ। ਹਵਾ ਨਾਲ ਕੁੱਝ ਅੰਗ ਉੱਡ ਕੇ ਘਰੋਂ ਬਾਹਰ ਗਲੀ ਵਿੱਚ ਆ ਗਏ। ਕੁਝ ਲੋਕਾਂ ਨੇ ਇਸ ਨੂੰ ਵੇਖ ਕੇ ਪੁਲੀਸ ਅਤੇ ਧਾਰਮਿਕ ਜਥੇਬੰਦੀਆਂ ਨੂੰ ਸੂਚਿਤ ਕਰ ਦਿੱਤਾ। ਸੂਚਨਾ ਮਿਲਣ ’ਤੇ ਡੀਐੱਸਪੀ ਬਲਬੀਰ ਸਿੰਘ ਅਤੇ ਐੱਸਐੱਚਓ ਸੁਖਵਿੰਦਰ ਸਿੰਘ ਨੇ ਗੁਟਕਾ ਸਾਹਿਬ ਦੇ ਸਾੜੇ ਹੋਏ ਅੰਗ ਇਕੱਠੇ ਕਰ ਕੇ ਆਪਣੇ ਕਬਜ਼ੇ ’ਚ ਲੈ ਲਏ। ਘਟਨਾ ਦੇ ਚਸ਼ਮਦੀਦ ਗਵਾਹ ਹਰਦੁਮਨ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਕਵੀਸ਼ਰ ਬਲਵਿੰਦਰ ਸਿੰਘ ਜੌਹਲ ਦੇ ਬੇਟੇ ਗੁਰਜੀਤ ਸਿੰਘ ਰਾਜੂ ਅਤੇ ਉਸ ਦੀ ਪਤਨੀ ਪਲਵਿੰਦਰ ਕੌਰ ਨੂੰ ਕੁਝ ਸਾੜਦਿਆਂ ਵੇਖਿਆ ਗਿਆ। ਬਲਵਿੰਦਰ ਸਿੰਘ ਜੌਹਲ ਦੀਆਂ ਕਵਿਤਾਵਾਂ ਦੇ ਕੁਝ ਅੱਧ-ਸੜੇ ਟੁਕੜੇ ਮਿਲੇ ਹੋਣ ਕਰਕੇ ਜਦੋ ਬਲਵਿੰਦਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਕੋਲੋਂ ਅਣਜਾਣੇ ’ਚ ਗਲਤੀ ਹੋਈ ਹੈ। ਮੁਲਜ਼ਮਾਂ ਵਿਰੁਧ ਮੁਕੱਦਮਾ ਨੰ. 47 ਧਾਰਾ 295 ਏ ਤਹਿਤ ਕੇਸ ਦਰਜ ਕਰ ਕੇ ਬਲਵਿੰਦਰ ਸਿੰਘ ਜੌਹਲ, ਗੁਰਜੀਤ ਸਿੰਘ ਰਾਜ ਅਤੇ ਪਲਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

 

Radio Mirchi