ਅਕਾਲੀ ਦਲ ਦਿੱਲੀ ਚੋਣਾਂ ਨਹੀਂ ਲੜੇਗਾ
ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਚੋਣ ਨਿਸ਼ਾਨ ਉਪਰ ਚੋਣਾਂ ਲੜਨ ਦੇ ਮੁੱਦੇ ’ਤੇ ਪਏ ਰੱਫੜ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਰਾਹ ਕੱਢ ਲਿਆ ਗਿਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਦਲ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਲ ਦੀ ਸਥਿਤੀ ਸਾਫ਼ ਕੀਤੀ ਕਿ ਨਾਗਰਿਕਤਾ ਸੋਧ ਕਾਨੂੰਨ ਵਿੱਚ ਭਾਜਪਾ ਵੱਲੋਂ ਅਕਾਲੀ ਦਲ ਉਪਰ ਸਟੈਂਡ ਬਦਲਣ ਦਾ ਦਬਾਅ ਪਾਇਆ ਜਾ ਰਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੌਮੀ ਨਾਗਰਿਕਤਾ ਰਜਿਸਟਰ (ਐੱਨਸੀਆਰ) ਬਾਰੇ ਵੀ ਦਲ ਦੀ ਰਾਇ ਵਿਰੋਧ ਵਾਲੀ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਭਾਜਪਾ ਆਗੂਆਂ ਨਾਲ ਕਈ ਦੌਰ ਦੀਆਂ ਬੈਠਕਾਂ ਹੋਈਆਂ ਜਿਸ ਦੌਰਾਨ ਭਾਜਪਾ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਬਾਰੇ ਅਕਾਲੀਆਂ ਨੂੰ ਸਟੈਂਡ ਬਦਲਣ ਲਈ ਕਿਹਾ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਗਰਿਕਤਾ ਸੋਧ ਕਾਨੂੰਨ ਬਾਰੇ ਸਪੱਸ਼ਟ ਸਟੈਂਡ ਰੱਖਦਾ ਹੈ ਕਿ ਸੀਏਏ ਵਿੱਚੋਂ ਮੁਸਲਮਾਨ ਨਹੀਂ ਛੱਡੇ ਜਾਣੇ ਚਾਹੀਦੇ। ਉਨ੍ਹਾਂ ਕਿਹਾ, ‘‘ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਅਗਾਮੀ ਦਿੱਲੀ ਵਿੱਚ ਹੋਣ ਜਾ ਰਹੇ ਵਿਧਾਨ ਸਭਾ ਚੋਣਾਂ ਵਿੱਚ ਚੋਣ ਪ੍ਰਕਿਰਿਆ ਤੋਂ ਦੂਰ ਰਹੇਗੀ। ਭਾਰਤ ਧਾਰਮਿਕ, ਸੱਭਿਆਚਾਰਕ, ਭਾਸ਼ਾਈ ਅਤੇ ਨਸਲੀ ਵਿਭਿੰਨਤਾ ਵਾਲਾ ਅਮੀਰ ਧਰਮ ਨਿਰਪੱਖ ਦੇਸ਼ ਹੈ। ਇਹ ਵਿਭਿੰਨਤਾ ਸਾਡੀ ਏਕਤਾ ਦੀ ਤਾਕਤ ਹੈ ਅਸੀਂ ਭਾਰਤ ਦੇ ਇਸ ਦ੍ਰਿਸ਼ਟੀਕੋਣ ’ਤੇ ਸਮਝੌਤਾ ਨਹੀਂ ਕਰ ਸਕਦੇ ਜਿਸ ਲਈ ਪੁਰਖਿਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ।’’
ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ’ਤੇ ਵੀ ਦੋਵਾਂ ਧਿਰਾਂ ਵਿਚਾਲੇ ਸਖ਼ਤ ਵਿਚਾਰਕ ਮੱਤਭੇਦ ਹਨ, ਜਿਸ ’ਤੇ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਮੁਸਲਮਾਨਾਂ ਨੂੰ ਐਕਟ ਵਿੱਚ ਸ਼ਾਮਲ ਕੀਤਾ ਜਾਵੇ। ਅਕਾਲੀ ਦਲ ਐੱਨਆਰਸੀ ਦੇ ਪੂਰੀ ਤਰ੍ਹਾਂ ਵਿਰੁੱਧ ਹੈ ਅਤੇ ਕਦੇ ਵੀ ਇਸ ਦਾ ਸਮਰਥਨ ਨਹੀਂ ਕਰ ਸਕਦਾ।
ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਸ ਵਾਰ ਤੱਕੜੀ ਉਪਰ ਚੋਣਾਂ ਨਹੀਂ ਸੀ ਲੜਨਾ ਚਾਹੁੰਦੇ ਜਦੋਂ ਕਿ 2015 ਵਾਲੀਆਂ ਹੀ ਸੀਟਾਂ ਅਕਾਲੀਆਂ ਨੂੰ ਛੱਡਣ ਲਈ ਭਾਜਪਾ ਰਾਜ਼ੀ ਸੀ। ਸੂਤਰਾਂ ਅਨੁਸਾਰ ਭਾਜਪਾ ਵੱਲੋਂ ਅਕਾਲੀ ਦਲ ਨੂੰ ਤਿੰਨ ਸੀਟਾਂ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਸ ਨੇ ਸੀਏਏ ਅਤੇ ਐੱਨਆਰਸੀ ਦੇ ਮੁੱਦੇ ’ਤੇ ਆਪਣਾ ਸਟੈਂਡ ਨਾ ਛੱਡਦਿਆਂ ਪੇਸ਼ਕਸ਼ ਠੁਕਰਾ ਦਿੱਤੀ। ਇੱਕ ਏਜੰਸੀ (ਆਈਏਐੱਨਐੱਸ) ਮੁਤਾਬਕ ਭਾਜਪਾ ਨੇ ਦਿੱਲੀ ਵਿੱਚ ਜਨਤਾ ਦਲ-ਯੂਨਾਈਟਿਡ ਲਈ ਦੋ ਸੀਟਾਂ ਅਤੇ ਲੋਕ ਜਨਸ਼ਕਤੀ ਪਾਰਟੀ ਲਈ ਇੱਕ ਸੀਟ ਰੱਖੀ ਸੀ ਜਦਕਿ ਅਕਾਲੀ ਦਲ ਲਈ ਕੋਈ ਸੀਟ ਨਹੀਂ ਰੱਖੀ ਸੀ।