ਅਕਾਲੀ ਦਲ ਵਲੋਂ 14 ਨੂੰ ਹਰ ਪਿੰਡ ਚ ਸਰਕਾਰ ਖ਼ਿਲਾਫ਼ ਧਰਨੇ ਦੇਣ ਦਾ ਐਲਾਨ
ਰੂਪਨਗਰ : ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਵੱਲੋਂ 14 ਅਗਸਤ ਨੂੰ ਹਰ ਪਿੰਡ 'ਚ ਸਰਕਾਰ ਖ਼ਿਲਾਫ਼ ਧਰਨੇ ਲਾਏ ਜਾਣਗੇ। ਇਸ ਸਬੰਧੀ ਜ਼ਿਲ੍ਹਾ ਜਥੇਬੰਦੀ ਵੱਲੋਂ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਭੱਠਾ ਸਾਹਿਬ ਵਿਖੇ ਕੀਤੀ ਗਈ, ਜਿਸ 'ਚ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੇ ਨਾਲ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਅਟਵਾਲ ਨੇ ਕਿਹਾ ਕਿ ਪੰਜਾਬ 'ਚ ਜੇਕਰ ਦਲਿਤ ਭਾਈਚਾਰੇ ਅਤੇ ਗਰੀਬ ਲੋਕਾਂ ਨੂੰ ਜਦੋਂ ਵੀ ਕੁਝ ਮਿਲਿਆ ਤਾਂ ਉਹ ਤਾਂ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਦੀ ਹੀ ਸਰਕਾਰ ਸੀ, ਉਨ੍ਹਾਂ ਕਿਹਾ ਇਸ ਦੇ ਉਲਟ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਬਹੁਤ ਵੱਡੀ ਵਾਅਦਾ ਖ਼ਿਲਾਫ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਦਾ ਰੁਪਇਆ ਪੰਜਾਬ ਸਰਕਾਰ ਕੋਲ ਕੇਂਦਰ ਸਰਕਾਰ ਨੇ ਭੇਜਿਆ ਪਿਆ ਹੈ, ਜੋ ਹਾਲੇ ਤੱਕ ਨਹੀਂ ਵੰਡਿਆ ਗਿਆ, ਜਦਕਿ ਗੁਆਂਢੀ ਹਰਿਆਣਾ ਤੋਂ ਇਲਾਵਾ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ ਦੀਆਂ ਸਰਕਾਰ ਇਹ ਸਾਰਾ ਪੈਸਾ ਵੰਡ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਵਜ਼ੀਫੇ ਨਾ ਦੇਣ ਸਬੰਧੀ, ਨੀਲੇ ਕਾਰਡ ਕੱਟਣ ਸਬੰਧੀ, ਰਾਸ਼ਨ ਘਪਲੇ ਸਬੰਧੀ ਬਿਜਲੀ ਦੇ ਬਿੱਲਾਂ 'ਚ ਕੀਤਾ ਅਥਾਹ ਵਾਧਾ ਵਾਪਸ ਲੈਣ ਸਬੰਧੀ ਗਰੀਬ ਲੋਕਾਂ ਦੀ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈਣ ਸਬੰਧੀ, ਗਰੀਬ ਲੋਕਾਂ ਦੇ ਮੁਫਤ ਇਲਾਜ ਦੀ ਸਹੂਲਤ ਵਾਪਸ ਲੈਣ ਸਬੰਧੀ ਅਤੇ ਕੀਤੇ ਵਾਅਦੇ ਮੁਤਾਬਕ ਸ਼ਗਨ ਸਕੀਮ 51,000 ਰੁਪਏ ਨਾ ਜਾਰੀ ਕਰਨ ਸਬੰਧੀ ਪੰਜਾਬ ਦੇ ਹਰ ਹਲਕੇ ਦੇ ਹਰ ਪਿੰਡ 'ਚ ਧਰਨੇ ਲਾਏ ਜਾਣਗੇ।
ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਧਰਨਿਆਂ ਸਬੰਧੀ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਜਾ ਚੁੱਕੀਆਂ ਹਨ। ਇਸ ਮੌਕੇ ਜ਼ਿਲ੍ਹਾ ਜਥੇਬੰਦੀ ਵੱਲੋਂ ਅਟਵਾਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਹਰਮੋਹਨ ਸਿੰਘ ਸੰਧੂ ਹਲਕਾ ਇੰਚਾਰਜ ਚਮਕੌਰ ਸਾਹਿਬ, ਪ੍ਰਿੰਸੀਪਲ ਸੁਰਿੰਦਰ ਸਿੰਘ, ਜਥੇ. ਅਜਮੇਰ ਸਿੰਘ ਖੇੜਾ, ਸਾਬਕਾ ਮੈਂਬਰ ਗੁਰਿੰਦਰ ਸਿੰਘ ਗੋਗੀ, ਕੁਲਵਿੰਦਰ ਕੌਰ ਵਿਰਕ, ਜਥੇ. ਮੋਹਨ ਸਿੰਘ ਢਾਹੇ, ਸੰਦੀਪ ਸਿੰਘ ਕਲੋਤਾ, ਜਸਬੀਰ ਸਿੰਘ ਸਨਾਣਾ ਅਤੇ ਵੱਡੀ ਗਿਣਤੀ 'ਚ ਅਕਾਲੀ ਵਰਕਰ ਹਾਜ਼ਰ ਹਨ।