ਅਚਾਨਕ ਕਾਬੁਲ ਪਹੁੰਚੇ ਰਾਸ਼ਟਰਪਤੀ ਟਰੰਪ ਨੇ ਅਮਰੀਕੀ ਫੌਜੀਆਂ ਨੂੰ ਕਿਹਾ ਥੈਂਕਿਊ

ਕਾਬੁਲ- ਅਮਰੀਕੀ ਰਾਸ਼ਟਰਪਤੀ ਡੇਨਾਲਡ ਟਰੰਪ ਵੀਰਵਾਰ ਨੂੰ ਅਚਾਨਕ ਹੀ ਅਫਗਨਿਸਤਾਨ ਦੀ ਰਾਜਧਾਨੀ ਕਾਬੁਲ ਪਹੁੰਚੇ। ਇਥੇ ਥੈਂਕਸਗਿਵਿੰਗ ਮੌਕੇ ਉਹਨਾਂ ਨੇ ਬਰਗਾਮ ਏਅਰਫੀਲਡ 'ਤੇ ਤਾਇਨਾਤ ਅਮਰੀਕੀ ਫੌਜੀਆਂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਦਾਅਵਾ ਕੀਤਾ ਕਿ ਤਾਲਿਬਾਨ ਦੇ ਨਾਲ ਗੱਲਬਾਤ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਹੈ। ਟਰੰਪ ਦੀ ਮੰਨੀਏ ਤਾਂ ਇਸ ਵਾਰ ਤਾਲਿਬਾਨ ਦੇ ਨਾਲ ਜੋ ਸਮਝੌਤਾ ਗੱਲਬਾਤ ਸ਼ੁਰੂ ਕੀਤੀ ਗਈ ਹੈ। ਉਸ ਤੋਂ ਬਾਅਦ 18 ਸਾਲਾਂ ਤੋਂ ਜਾਰੀ ਜੰਗ ਦੇ ਖਤਮ ਹੋਣ ਦੀਆਂ ਉਮੀਦਾਂ ਹਨ।
18 ਸਾਲਾਂ ਤੋਂ ਅਫਗਾਨਿਸਤਾਨ ਵਿਚ ਫੌਜੀ
ਕਾਬੁਲ ਸਥਿਤ ਬਰਗਾਮ ਏਅਰਫੀਲਡ ਪਿਛਲੇ 18 ਸਾਲਾਂ ਤੋਂ ਅਮਰੀਕੀ ਫੌਜਾਂ ਦਾ ਟਿਕਾਣਾ ਬਣਿਆ ਹੋਇਆ ਹੈ। ਟਰੰਪ ਦੇ ਨਾਲ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਵੀ ਮੌਜੂਦ ਸਨ। ਟਰੰਪ ਨੇ ਗਨੀ ਨਾਲ ਮੁਲਾਕਾਤ ਕਰਦੇ ਹੋਏ ਕਿਹਾ ਕਿ ਤਾਲਿਬਾਨ ਇਕ ਡੀਲ ਚਾਹੁੰਦਾ ਹੈ ਤੇ ਅਸੀਂ ਉਹਨਾਂ ਨਾਲ ਮੁਲਾਕਾਤ ਕਰ ਰਹੇ ਹਾਂ। ਟਰੰਪ ਨੇ ਅੱਗੇ ਕਿਹਾ ਕਿ ਅਸੀਂ ਉਦੋਂ ਤੱਕ ਇਥੇ ਹਾਂ ਜਦੋਂ ਤੱਕ ਕੋਈ ਡੀਲ ਨਹੀਂ ਹੋ ਜਾਂਦੀ ਜਾਂ ਸਾਨੂੰ ਪੂਰੀ ਤਰ੍ਹਾਂ ਜਿੱਤ ਹਾਸਲ ਨਹੀਂ ਹੋ ਜਾਂਦੀ। ਉਹ ਇਸ ਡੀਲ ਨੂੰ ਕਿਸੇ ਵੀ ਕੀਮਤ 'ਤੇ ਚਾਹੁੰਦੇ ਹਨ। ਟਰੰਪ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਇੱਛਾ ਹੈ ਕਿ ਅਫਗਾਨਿਸਤਾਨ ਵਿਚ ਅਮਰੀਕੀ ਫੌਜੀਆਂ ਦੀ ਗਿਣਤੀ 8600 ਤੱਕ ਕਰਨਾ ਹੈ, ਜੋ ਅਜੇ 12 ਹਜ਼ਾਰ ਤੋਂ 13 ਹਜ਼ਾਰ ਦੇ ਵਿਚਾਲੇ ਹੈ। ਇਸ ਦੇ ਨਾਲ ਹੀ ਟਰੰਪ ਨੇ ਅਮਰੀਕੀ ਫੌਜੀਆਂ ਦਾ ਉਹਨਾਂ ਦੀਆਂ ਸੇਵਾਵਾਂ ਲਈ ਧੰਨਵਾਦ ਵੀ ਕੀਤਾ।
9/11 ਤੋਂ ਬਾਅਦ ਹੋਈ ਤਾਇਨਾਤੀ
ਟਰੰਪ ਵਲੋਂ ਅਚਾਨਕ ਸ਼ਾਂਤੀ ਗੱਲਬਾਤ ਦਾ ਐਲਾਨ ਅਮਰੀਕਾ ਦੇ ਲਈ ਇਕ ਨਾਜ਼ੁਕ ਮੌਕਾ ਮੰਨਿਆ ਜਾ ਰਿਹਾ ਹੈ। 11 ਸਤੰਬਰ 2001 ਵਿਚ ਅਮਰੀਕਾ 'ਤੇ ਹੋਏ ਅੱਤਵਾਦੀ ਹਮਲਿਆਂ ਤੋਂ ਤੁਰੰਤ ਬਾਅਦ ਅਮਰੀਕੀ ਫੌਜ ਅਫਗਾਨਿਸਤਾਨ ਵਿਚ ਦਾਖਲ ਹੋਈ ਸੀ। ਦੇਸ਼ ਵਿਚ ਕਈ ਲੋਕ ਹੁਣ ਮਹਿਸੂਸ ਕਰਦੇ ਹਨ ਕਿ ਫੌਜੀ ਇੰਨੀਂ ਲੰਬੀ ਤਾਇਨਾਤੀ ਨਾਲ ਬਹੁਤ ਥੱਕ ਗਏ ਹਨ ਤੇ ਬਹੁਤ ਨਿਰਾਸ਼ ਵੀ ਹਨ। ਅਮਰੀਕੀ ਨਾਗਰਿਕਾਂ ਵਿਚ ਵੀ ਹੁਣ ਸਰਕਾਰ ਨੂੰ ਲੈ ਕੇ ਗੁੱਸਾ ਹੈ। ਵਾਈਟ ਹਾਊਸ ਦੇ ਅਧਿਕਾਰੀਆਂ ਵਲੋਂ ਰਾਸ਼ਟਰਪਤੀ ਟਰੰਪ ਦੇ ਇਸ ਅਚਾਨਕ ਦੌਰੇ ਨੂੰ ਲੈ ਕੇ ਵੀ ਥੋੜੀ ਹੀ ਜਾਣਕਾਰੀ ਦਿੱਤੀ ਗਈ। ਅਫਗਾਨਿਸਤਾਨ ਦੇ ਲਈ ਰਵਾਨਾ ਹੋਣ ਵਾਲੀ ਫਲਾਈਟ ਵਿਚ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਟੈਫਨੀ ਗ੍ਰੇਸ਼ਨ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਯਾਤਰਾ ਥੈਂਕਸਗਿਵਿੰਗ ਨਾਲ ਜੁੜੀ ਹੋਈ ਸੀ ਤੇ ਸੈਨਿਕਾਂ ਦੇ ਸਮਰਥਨ ਦੇ ਲਈ ਸੀ।