ਅਜਿਹਾ ਕੋਈ ਮੁਲਕ ਨਹੀਂ ਜੋ ਸਾਰਿਆਂ ਨੂੰ ਜੀ ਆਇਆਂ ਆਖੇ: ਜੈਸ਼ੰਕਰ
ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਨੇ ਸ਼ਨਿੱਚਰਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਬਾਰੇ ਭਾਰਤ ਦੀ ਆਲੋਚਨਾ ਕਰਨ ਵਾਲਿਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਵਿਸ਼ਵ ਭਰ ਵਿੱਚ ਅਜਿਹਾ ਕੋਈ ਮੁਲਕ ਨਹੀਂ ਜਿਹੜਾ ਸਾਰਿਆਂ ਨੂੰ ਜੀ ਆਇਆਂ ਆਖਦਾ ਹੋਵੇ। ਜੈਸ਼ੰਕਰ ਨੇ ਜੰਮੂ-ਕਸ਼ਮੀਰ ਵਿਚਲੇ ਹਾਲਾਤ ਦੀ ਨਿੰਦਾ ਕਰਨ ਲਈ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਸਬੰਧੀ ਕੌਂਸਲ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕੌਂਸਲ ਦੇ ਡਾਇਰੈਕਟਰ ਪਹਿਲਾਂ ਵੀ ਗ਼ਲਤ ਸਾਬਤ ਹੋਏ ਹਨ ਅਤੇ ਇਨ੍ਹਾਂ ਨੂੰ ਸੰਯੁਕਤ ਰਾਸ਼ਟਰ ਸੰਗਠਨ ਦੇ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਲਈ ਪਿਛਲੇ ਸਮੇਂ ਵਿੱਚ ਕੀਤੇ ਯਤਨਾਂ ਨੂੰ ਦੇਖ ਲੈਣਾ ਚਾਹੀਦਾ ਹੈ। ਈਟੀ ਗਲੋਬਲ ਬਿਜ਼ਨੈੱਸ ਸੰਮੇਲਨ ਵਿੱਚ ਸੀਏਏ ਬਾਰੇ ਪੁੱਛਣ ’ਤੇ ਮੰਤਰੀ ਨੇ ਕਿਹਾ ਕਿ ਇਸ ਕਾਨੂੰਨ ਰਾਹੀਂ ਉਨ੍ਹਾਂ ਨਾਗਰਿਕਤਾ ਵਿਹੂਣੇ ਲੋਕਾਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ, ਇਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਮੁਲਕ ਨਹੀਂ ਜਿਹੜਾ ਲੋਕਾਂ ਦਾ ਆਪਣੇ ਦੇਸ਼ ਵਿੱਚ ਸਵਾਗਤ ਕਰਦਾ ਹੋਵੇ।