ਅਫਗਾਨਿਸਤਾਨ ਦੇ ਲੋਕ ਅਮਨ-ਸ਼ਾਂਤੀ ਤੇ ਖੁਸ਼ਹਾਲੀ ਦੇ ਹੱਕਦਾਰ: ਗੁਟੇਰੇਜ਼

ਅਫਗਾਨਿਸਤਾਨ ਦੇ ਲੋਕ ਅਮਨ-ਸ਼ਾਂਤੀ ਤੇ ਖੁਸ਼ਹਾਲੀ ਦੇ ਹੱਕਦਾਰ: ਗੁਟੇਰੇਜ਼

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਆਲਮੀ ਭਾਈਚਾਰੇ ਨੂੰ ਜੰਗ-ਗ੍ਰਸਤ ਅਫਗਾਨਿਸਤਾਨ ਵਿੱਚ ਅਮਨ-ਸ਼ਾਂਤੀ ਲਿਆਉਣ ਲਈ ਹੋਰ ਕੋਸ਼ਿਸ਼ਾਂ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੇ ਲੋਕ ਅਮਨ-ਸ਼ਾਂਤੀ, ਖ਼ੁਸ਼ਹਾਲੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਹੱਕਦਾਰ ਹਨ।
ਉਹ ਇੱਥੇ ‘ਪਾਕਿਸਤਾਨ ਵਿੱਚ ਅਫਗਾਨੀ ਸ਼ਰਨਾਰਥੀਆਂ ਦੀ ਮੌਜੂਦਗੀ ਦੇ 40 ਵਰ੍ਹੇ: ਇਕਜੁਟਤਾ ਲਈ ਨਵੀਂ ਭਾਈਵਾਲਤਾ’ ਵਿਸ਼ੇ ’ਤੇ ਕੌਮਾਂਤਰੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਕਾਨਫਰੰਸ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਣੇ ਕਰੀਬ 20 ਮੁਲਕਾਂ ਦੇ ਮੰਤਰੀ ਅਤੇ ਸੀਨੀਅਰ ਅਧਿਕਾਰੀ ਹਿੱਸਾ ਲੈ ਰਹੇ ਹਨ। ‘ਡਾਅਨ’ ਅਖਬਾਰ ਦੀ ਰਿਪੋਰਟ ਅਨੁਸਾਰ ਗੁਟੇਰੇਜ਼ ਨੇ ਅਫਗਾਨਿਸਤਾਨ ਦੇ ਸ਼ਰਨਾਰਥੀਆਂ ਦੇ ਸੰਕਟ ਨੂੰ ਦੁਨੀਆਂ ਭਰ ਦੇ ਇਤਿਹਾਸ ਦਾ ਸਭ ਤੋਂ ਲੰਬਾ ਸ਼ਰਨਾਰਥੀ ਸੰਕਟ ਦੱਸਦਿਆਂ ਕਿਹਾ ਕਿ ਇਹ ਵਿਵਾਦ ਬਹੁਤ ਲੰਬਾ ਖਿੱਚਿਆ ਜਾਣ ਕਾਰਨ ਅਤੇ ਅਤਿ ਦੀ ਗਰੀਬੀ ਤੇ ਜਬਰੀ ਉਜਾੜੇ ਕਾਰਨ ਇਸ ਦਾ ਅਫ਼ਗਾਨਿਸਤਾਨ ਦੇ ਲੋਕਾਂ ’ਤੇ ਡੂੰਘਾ ਅਸਰ ਹੋਇਆ ਹੈ। ਗੁਟੇਰੇਜ਼ ਨੇ ਜ਼ੋਰ ਦੇ ਕੇ ਕਿਹਾ ਕਿ ਅਫ਼ਗਾਨਿਸਤਾਨ ਦੇ ਲੋਕ ਅਮਨ-ਸ਼ਾਂਤੀ ਤੇ ਖ਼ੁਸ਼ਹਾਲੀ ਦੇ ਹੱਕਦਾਰ ਹਨ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਪੂਰਾ ਸਨਮਾਨ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਆਲਮੀ ਭਾਈਚਾਰੇ ਨੂੰ ਅੱਗੇ ਆਉਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੇ ਸ਼ਰਨਾਰਥੀਆਂ ਦੀ ਸਫਲਤਾਪੂਰਵਕ ਵਤਨ ਵਾਪਸੀ ਲਈ ਅਮਨ-ਸ਼ਾਂਤੀ ਲਈ ਵੱਚਨਬੱਧਤਾ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਸਾਨੂੰ ਅਸਲੀਅਤ ਦੇਖਣੀ ਚਾਹੀਦੀ ਹੈ ਅਤੇ ਅੱਗੇ ਆ ਰਹੀਆਂ ਵੱਡੀਆਂ ਚੁਣੌਤੀਆਂ ਬਾਰੇ ਜਾਣੂ ਹੋਣਾ ਚਾਹੀਦਾ ਹੈ। ਇਸ ਕਾਨਫਰੰਸ ਵਿੱਚ ਦੁਨੀਆਂ ਭਰ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ ਸਾਡੀ ਇਕਜੁਟਤਾ ਲਈ ਨਵੀਂ ਭਾਈਵਾਲੀ ਦੀ ਵਚਨਬੱਧਤਾ ਦਾ ਪ੍ਰਤੀਕ ਹੈ ਅਤੇ ਅਫਗਾਨਿਸਤਾਨ ਦੇ ਬਿਹਤਰ ਭਵਿੱਖ ਲਈ ਆਸ ਹੈ।’’

Radio Mirchi