ਅਫ਼ਗਾਨਾਂ ਦੀ ਮਦਦ ਕਰੇ ਕੌਮਾਂਤਰੀ ਭਾਈਚਾਰਾ: ਸੰਯੁਕਤ ਰਾਸ਼ਟਰ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਅਫ਼ਗਾਨਿਸਤਾਨ ਵਿਚ ਮਨੁੱਖੀ ਸੰਕਟ ਨਾਲ ਨਜਿੱਠਣ ਲਈ ਦੋ ਕਰੋੜ ਡਾਲਰ ਦੀ ਮਦਦ ਦਾ ਐਲਾਨ ਕੀਤਾ ਹੈ।
ਗੁਟੇਰੇਜ਼ ਨੇ ਕਿਹਾ ਹੈ ਕਿ ਜੰਗ ਦੇ ਸ਼ਿਕਾਰ ਮੁਲਕ ’ਤੇ ਰਾਜ ਕਰ ਰਹੀ ਅਥਾਰਿਟੀ ਨੇ ‘ਅਹਿਦ’ ਕੀਤਾ ਹੈ ਕਿ ਉਹ ਮਦਦ ਲੋਕਾਂ ਤੱਕ ਪਹੁੰਚਾਉਣੀ ਯਕੀਨੀ ਬਣਾਉਣਗੇ। ਜਨੇਵਾ ਵਿਚ ਅਫ਼ਗਾਨਿਸਤਾਨ ਬਾਰੇ ਇਕ ਕਾਨਫਰੰਸ ਵਿਚ ਸਕੱਤਰ ਜਨਰਲ ਨੇ ਕਿਹਾ ਕਿ ‘ਅਫ਼ਗਾਨ ਲੋਕਾਂ ਨੂੰ ਜੀਵਨ ਰੇਖਾ ਦੀ ਲੋੜ ਹੈ। ਦਹਾਕਿਆਂ ਦੀ ਜੰਗ, ਦੁੱਖ, ਅਸੁਰੱਖਿਆ ਦੀ ਭਾਵਨਾ ਤੋਂ ਬਾਅਦ, ਸ਼ਾਇਦ ਹੁਣ ਉਹ ਸਭ ਤੋਂ ਬੁਰੇ ਦੌਰ ਵਿਚੋਂ ਗੁਜ਼ਰ ਰਹੇ ਹਨ। ਸਮੇਂ ਦੀ ਮੰਗ ਹੈ ਕਿ ਕੌਮਾਂਤਰੀ ਭਾਈਚਾਰਾ ਹੁਣ ਉਨ੍ਹਾਂ ਦੇ ਨਾਲ ਖੜ੍ਹੇ। ਗੁਟੇਰੇਜ਼ ਨੇ ਕਿਹਾ ‘ਸਮਾਂ ਬਹੁਤ ਥੋੜ੍ਹਾ ਹੈ ਤੇ ਉੱਥੇ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ।’ ਗੁਟੇਰੇਜ਼ ਨੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ‘ਅਫ਼ਗਾਨਿਸਤਾਨ ਦੇ ਲੋਕਾਂ ਦੀ ਮਦਦ ਕੀਤੀ ਜਾਵੇ। ਜਿੰਨਾ ਵੀ ਕੀਤਾ ਜਾ ਸਕਦਾ ਹੈ, ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਸਾਡੇ ਤੋਂ ਆਸ ਹੈ।’ ਉਨ੍ਹਾਂ ਕਿਹਾ ਕਿ ਹੋਰ ਮਦਦ ਚਾਹੀਦੀ ਹੈ ਤੇ ਜਲਦੀ ਚਾਹੀਦੀ ਹੈ।
ਸੰਯੁਕਤ ਰਾਸ਼ਟਰ ਨੇ ਅੱਜ ਇਕ ਉੱਚ ਪੱਧਰੀ ਮੀਟਿੰਗ ਸੱਦੀ ਸੀ ਜੋ ਕਿ ਅਫ਼ਗਾਨਿਸਤਾਨ ਵਿਚ ਬਣੇ ਮਨੁੱਖੀ ਸੰਕਟ ਬਾਰੇ ਸੀ। ਮੰਤਰੀ ਪੱਧਰ ਦੀ ਇਸ ਬੈਠਕ ਵਿਚ ਉੱਥੇ ਬਣੀਆਂ ਗੰਭੀਰ ਲੋੜਾਂ ਤੇ ਤੁਰੰਤ ਮਾਲੀ ਮਦਦ ਭੇਜਣ ਬਾਰੇ ਵਿਚਾਰ-ਚਰਚਾ ਕੀਤੀ ਗਈ। ਦੱਸਣਯੋਗ ਹੈ ਕਿ ਅਫ਼ਗਾਨ ਲੋਕਾਂ ਨੂੰ ਤੁਰੰਤ ਭੋਜਨ, ਦਵਾਈਆਂ, ਸਿਹਤ ਸੇਵਾਵਾਂ, ਸਾਫ਼ ਪਾਣੀ, ਸੈਨੀਟੇਸ਼ਨ ਦੀ ਲੋੜ ਹੈ।
ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਤੇ ਗ਼ੈਰ-ਸਰਕਾਰੀ ਸੰਗਠਨਾਂ ਨੇ 60 ਕਰੋੜ ਡਾਲਰ ਤੋਂ ਵੱਧ ਦੀ ਮਦਦ ਅਫ਼ਗਾਨਿਸਤਾਨ ਨੂੰ ਦੇਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਐਮਰਜੈਂਸੀ ਰਾਹਤ ਬਾਰੇ ਸੰਯੁਕਤ ਰਾਸ਼ਟਰ ਦੇ ਕੋਆਰਡੀਨੇਟਰ ਮਾਰਟਿਨ ਗ੍ਰਿਫਿਥ ਨੇ ਪਿਛਲੇ ਹਫ਼ਤੇ ਤਾਲਿਬਾਨ ਦੀ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਹੈ। ਗ੍ਰਿਫਿਥ ਤਾਲਿਬਾਨ ਦੇ ਚੋਟੀ ਦੇ ਆਗੂ ਮੁੱਲ੍ਹਾ ਅਬਦੁਲ ਗ਼ਨੀ ਬਰਾਦਰ ਨੂੰ ਮਿਲੇ ਸਨ ਤਾਂ ਕਿ ਉੱਥੇ ਮਦਦ ਭੇਜਣ ਬਾਰੇ ਗੱਲਬਾਤ ਕੀਤੀ ਜਾ ਸਕੇ। ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਕਿ ਮਦਦ ਭੇਜੇ ਜਾਣ ਦੇ ਨਾਲ ਜ਼ਰੂਰੀ ਹੈ ਕਿ ਕਿ ਉੱਥੇ ਔਰਤਾਂ ਤੇ ਲੜਕੀਆਂ ਦੇ ਹੱਕਾਂ ਦੀ ਰਾਖੀ ਯਕੀਨੀ ਬਣਾਈ ਜਾਵੇ।