ਅਫ਼ਗਾਨਿਸਤਾਨ ’ਚ ਅਮਰੀਕਾ ਦਾ ਫ਼ੌਜੀ ਮਿਸ਼ਨ 31 ਅਗਸਤ ਨੂੰ ਖ਼ਤਮ ਹੋਵੇਗਾ: ਬਾਇਡਨ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਅਫ਼ਗਾਨਿਸਤਾਨ ’ਚ ਅਮਰੀਕਾ ਦਾ ਲੱਗਪਗ ਸਾਲ ਲੰਬਾ ਫ਼ੌਜੀ ਮਿਸ਼ਨ 31 ਅਗਸਤ ਨੂੰ ਖ਼ਤਮ ਹੋ ਜਾਵੇਗਾ ਅਤੇ ਕਿਹਾ ਕਿ ਅਮਰੀਕਾ ਜੰਗ ਪ੍ਰਭਾਵਿਤ ਦੇਸ਼ ਵਿੱਚ ‘ਰਾਸ਼ਟਰ ਨਿਰਮਾਣ’ ਲਈ ਨਹੀਂ ਗਿਆ ਸੀ। ਅਮਰੀਕਾ ਦੀ ਸਭ ਤੋਂ ਲੰਬੀ ਜੰਗ ’ਚੋਂ ਅਮਰੀਕੀ ਸੈਨਿਕਾਂ ਨੂੰ ਵਾਪਸ ਸੱਦਣ ਦੇ ਆਪਣੇ ਫ਼ੈਸਲੇ ਦਾ ਦ੍ਰਿੜਤਾ ਨਾਲ ਬਚਾਅ ਕਰਦਿਆਂ ਬਾਇਡਨ ਨੇ ਕਿਹਾ ਕਿ ਭਾਵੇਂ ਅਮਰੀਕਾ ਦੇ ਜਿੰਨੇ ਮਰਜ਼ੀ ਸੈਨਿਕ ਅਫ਼ਗਾਨਿਸਤਾਨ ਵਿੱਚ ਰਹਿਣ ਪਰ ਉਥੋਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੱਢਿਆ ਜਾ ਸਕਦਾ। ਬਾਇਡਨ ਨੇ ਅੱਜ ਕੌਮੀ ਸੁਰੱਖਿਆ ਦਲ ਨਾਲ ਮੀਟਿੰਗ ਦੌਰਾਨ ਅਫ਼ਗਾਨਿਸਤਾਨ ਬਾਰੇ ਆਪਣੇ ਮੁੱਖ ਨੀਤੀ ਸੰਬੋਧਨ ’ਚ ਕਿਹਾ ਕਿ ਅਮਰੀਕਾ ਨੇ ਦੇਸ਼ ’ਚ ਆਪਣੇ ਟੀਚੇ ਪੂਰੇ ਕਰ ਲਏ ਹਨ ਅਤੇ ਫੌਜਾਂ ਦੀ ਵਾਪਸੀ ਲਈ ਇਹ ਸਹੀ ਸਮਾਂ ਹੈ। ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਅਫ਼ਗਾਨਿਸਤਾਨ ਵਿੱਚ ਸਾਡਾ ਮਿਸ਼ਨ 31 ਅਗਸਤ ਨੂੰ ਪੂਰਾ ਹੋ ਜਾਵੇਗਾ। ਫ਼ੌਜਾਂ ਦੀ ਵਾਪਸੀ ਦਾ ਕੰਮ ਸੁਰੱਖਿਅਤ ਅਤੇ ਵਧੀਆ ਤਰੀਕੇ ਨਾਲ ਹੋ ਰਿਹਾ ਹੈ, ਜਿਸ ਵਿੱਚ ਵਾਪਸ ਆ ਰਹੇ ਸਾਡੇ ਸੈਨਿਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ।’ ਉਨ੍ਹਾਂ ਕਿਹਾ, ‘ਅਸੀਂ ਅਫ਼ਗਾਨਿਸਤਾਨ ਵਿੱਚ ਰਾਸ਼ਟਰ ਨਿਰਮਾਣ ਲਈ ਨਹੀਂ ਗਏ ਸੀ, ਆਪਣੇ ਭਵਿੱਖ ਦਾ ਫ਼ੈਸਲਾ ਕਰਨ ਦਾ ਅਤੇ ਦੇਸ਼ ਨੂੰ ਕਿਵੇਂ ਚਲਾਉਣਾ ਹੈ, ਇਹ ਅਧਿਕਾਰ ਅਤੇ ਜ਼ਿੰਮੇਵਾਰੀ ਸਿਰਫ ਅਫ਼ਗਾਨ ਲੋਕਾਂ ਦੀ ਹੈ।’