ਅਮਰੀਕਾ-ਕੈਨੇਡਾ ਸਰਹੱਦ ’ਤੇ ਪੰਜਾਬੀ 60 ਕਿਲੋ ਕੋਕੀਨ ਨਾਲ ਕਾਬੂ
ਲਾਗਲੇ ਪਿੰਡ ਸਹੌਲੀ ਦੇ 41 ਸਾਲਾ ਅਜੀਤਪਾਲ ਸਿੰਘ ਸੰਘੇੜਾ ਨੂੰ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ’ਤੇ 60 ਕਿੱਲੋ ਕੋਕੀਨ ਸਮੇਤ ਫੜਨ ਮੌਕੇ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਮਰੀਕਾ ਦੇ ਹੋਮ ਲੈਂਡ ਸੁਰੱਖਿਆ ਵਿਭਾਗ ਅਤੇ ਕਸਟਮ ਬਾਰਡਰ ਸੁਰੱਖਿਆ ਵਿਭਾਗ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਉਸ ਨੂੰ ਕਾਬੂ ਕੀਤਾ ਸੀ। ਅਮਰੀਕਾ ਅਤੇ ਕੈਨੇਡਾ ਦੇ ਬਾਰਡਰ ’ਤੇ ਹੁਣ ਤੱਕ ਕਿਸੇ ਪਰਵਾਸੀ ਪੰਜਾਬੀ ਤੋਂ ਫੜੀ ਗਈ ਕੋਕੀਨ ਦੀ ਇਹ ਸਭ ਤੋਂ ਵੱਡੀ ਖੇਪ ਹੈ।ਅਜੀਤਪਾਲ ਸਿੰਘ ਦਾ ਟਰਾਲਾ ਅਮਰੀਕਾ ਦੇ ਵਾਸ਼ਿੰਗਟਨ ਅਤੇ ਕੈਨੇਡਾ ਦੇ ਓਂਟਾਰੀਓ ਸਟੇਟ ਦੀ ਸੀਮਾ ‘ਤੇ ਸਾਂਝੇ ਅਪ੍ਰੇਸ਼ਨ ਦੌਰਾਨ ਰੋਕਿਆ ਗਿਆ, ਜਿਸ ਦੇ ਕਨਟੇਨਰ ਵਿਚੋਂ 5 ਥੈਲਿਆਂ ਵਿਚ ਲੁਕਾ ਕੇ ਰੱਖੀ ਕੋਕੀਨ ਬਰਾਮਦ ਹੋ ਗਈ। ਅਮਰੀਕਾ ਦੇ ਹੋਮ ਲੈਂਡ ਸੁਰੱਖਿਆ ਵਿਭਾਗ ਅਤੇ ਕਸਟਮ ਬਾਰਡਰ ਸੁਰੱਖਿਆ ਵਿਭਾਗ ਨੇ ਗ੍ਰਿਫ਼ਤਾਰੀ ਬਾਅਦ ਵਾਟਕੌਮ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਇਸ ਮੌਕੇ ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਵਾਟਕੌਮ ਪੁਲੀਸ ਦੀ ਨਿਗਰਾਨੀ ਹੇਠ ਹਸਪਤਾਲ ਵਿਚ ਲਿਜਾਇਆ ਗਿਆ। ਉਹ ਇੱਕ ਟਰਾਲੇ ਦਾ ਹੀ ਮਾਲਕ ਹੈ ਪਰ ਹੁਣ ਤੱਕ ਉਸ ਨੇ ਘੱਟੋ-ਘੱਟ 40 ਦਫ਼ਾ ਬਾਰਡਰ ਪਾਰ ਗੇੜਾ ਲਾਇਆ ਹੈ। ਇਸ ਵਾਰ ਵੀ ਉਹ ਅਮਰੀਕਾ ਦੇ ਸਿਆਟਲ ਤੋਂ ਮਾਲ ਚੁੱਕਣ ਗਿਆ ਸੀ। ਮੁੱਢਲੀ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਨਿਰਧਾਰਿਤ ਰਸਤੇ ਦੀ ਥਾਂ ਛੋਟੇ ਮਾਰਗ ਰਾਹੀਂ ਕੈਨੇਡਾ ਦਾਖਲ ਹੋਣ ਲਈ ਆਇਆ ਸੀ। ਉਸ ਦੇ ਟਰਾਲੇ ਉੱਪਰ ਲੱਦੇ ਕੰਟੇਨਰ ਦੀ ਸੀਲ ਨਾਲ ਵੀ ਛੇੜ-ਛਾੜ ਕੀਤੀ ਗਈ ਸੀ ਅਤੇ ਪਾਰਸਲ ਦੇ ਦਸਤਾਵੇਜ਼ ਵੀ ਮੇਲ ਨਹੀਂ ਖਾਂਦੇ ਸਨ। ਅਜੀਤਪਾਲ ਸਿੰਘ ਸੰਘੇੜਾ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ। ਸੂਤਰਾਂ ਅਨੁਸਾਰ ਅਜੀਤਪਾਲ ਸੰਘੇੜਾ ਪਿਛਲੇ ਸਮੇਂ ਦੌਰਾਨ ਕਰਜ਼ਾਈ ਹੋ ਗਿਆ ਸੀ।