ਅਮਰੀਕਾ ਗਏ ਪੰਜਾਬ ਦੇ ਛੇ ਨੌਜਵਾਨ ਢਾਈ ਸਾਲ ਤੋਂ ਲਾਪਤਾ

ਅਮਰੀਕਾ ਗਏ ਪੰਜਾਬ ਦੇ ਛੇ ਨੌਜਵਾਨ ਢਾਈ ਸਾਲ ਤੋਂ ਲਾਪਤਾ

ਆਪਣਾ ਤੇ ਮਾਪਿਆਂ ਦੇ ਚੰਗੇ ਭਵਿੱਖ ਦੀ ਆਸ ’ਚ ਅਮਰੀਕਾ ਲਈ ਢਾਈ ਸਾਲ ਪਹਿਲਾਂ ਗਏ ਛੇ ਨੌਜਵਾਨ ਰਾਹ ਵਿਚੋਂ ਹੀ ਲਾਪਤਾ ਹੋ ਗਏ। ਇਨ੍ਹਾਂ ਨੌਜਵਾਨਾਂ ਦੇ ਮਾਪੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਵਿਦੇਸ਼ ਮੰਤਰੀ ਦੇ ਦਫਤਰਾਂ ਵਿਚ ਚਿੱਠੀਆਂ ਪਾ-ਪਾ ਕੇ ਥੱਕ ਗਏ ਹਨ। ਜਿਹੜੇ ਟਰੈਵਲ ਏਜੰਟ ਨੇ ਉਨ੍ਹਾਂ ਦੇ ਬੱਚਿਆਂ ਨੂੰ ਮਾਸਕੋ ਤੋਂ ਹਵਾਨਾ ਤੇ ਹਵਾਨਾ ਤੋਂ ਬਾਹਮਾਸ ਦੇ ਰਸਤੇ ਅਮਰੀਕਾ ਭੇਜਣ ਦੀਆਂ ਘਰ ਆ ਕੇ ਵਧਾਈਆਂ ਦਿੱਤੀਆਂ ਸਨ, ਉਹ ਹੁਣ ਬੱਚਿਆਂ ਦਾ ਕੋਈ ਥਹੁ-ਪਤਾ ਵੀ ਨਹੀਂ ਦੱਸਦੇ। ਤਿੰਨ ਨੌਜਵਾਨਾਂ ਦੇ ਮਾਪਿਆਂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲੀਸ ਵੱਲੋਂ ਕਈ ਦਿਨ ਪਹਿਲਾਂ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਉਸ ਦਾ ਕੋਈ ਰਿਮਾਂਡ ਲਏ ਬਿਨਾਂ ਹੀ ਜੇਲ੍ਹ ਭੇਜ ਦਿੱਤਾ ਤੇ ਪੀੜਤ ਮਾਪਿਆਂ ਨੂੰ ਫੜੇ ਗਏ ਟਰੈਵਲ ਏਜੰਟ ਦੀ ਭਿਣਕ ਤੱਕ ਨਹੀਂ ਪੈਣ ਦਿੱਤੀ।
ਸੂਬੇਦਾਰ ਸ਼ਮਸ਼ੇਰ ਸਿੰਘ ਦਾ ਪੁੱਤਰ ਇੰਦਰਜੀਤ ਸਿੰਘ, ਜਰਨੈਲ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਅਤੇ ਮਹਿੰਦਰ ਸਿੰਘ ਦਾ ਪੁੱਤਰ ਨਵਦੀਪ ਸਿੰਘ, ਟਰੈਵਲ ਏਜੰਟ ਸੁਖਵਿੰਦਰ ਸਿੰਘ ਵਾਸੀ ਪਿੰਡ ਮਹਿੰਦੀਪੁਰਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਟਰੈਵਲ ਏਜੰਟ ਰਾਣਾ ਖੱਸਣ ਰਾਹੀਂ ਅਮਰੀਕਾ ਜਾਣ ਲਈ ਗਏ ਸਨ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਮਸ਼ੇਰ ਸਿੰਘ, ਜਰਨੈਲ ਸਿੰਘ ਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਬੱਚਿਆਂ ਨਾਲ 2 ਅਗਸਤ 2017 ਨੂੰ ਆਖਰੀ ਵਾਰ ਗੱਲਬਾਤ ਹੋਈ ਸੀ। ਢਾਈ ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਨ੍ਹਾਂ ਦੇ ਬੱਚੇ ਕਿੱਥੇ ਹਨ। ਜਦਕਿ ਟਰੈਵਲ ਏਜੰਟ ਨੇ 4 ਅਗਸਤ 2017 ਨੂੰ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਮੁੰਡੇ ਅਮਰੀਕਾ ਪਹੁੰਚ ਚੁੱਕੇ ਹਨ ਤੇ ਉਨ੍ਹਾਂ ਨੂੰ ਵਧਾਈਆਂ ਵੀ ਦਿੱਤੀਆਂ ਸਨ। ਦੋ ਮਹੀਨੇ ਬਾਅਦ ਜਦੋਂ ਉਸ ਨੇ ਬਾਕੀ ਪੈਸੇ ਮੰਗੇ ਤਾਂ ਮਾਪਿਆਂ ਨੇ ਕਿਹਾ ਕਿ ਪਹਿਲਾਂ ਮੁੰਡਿਆਂ ਨਾਲ ਗੱਲ ਕਰਵਾਈ ਜਾਵੇ। ਫਿਰ ਟਰੈਵਲ ਏਜੰਟ ਨੇ 25 ਲੱਖ ਇਹ ਕਹਿ ਕੇ ਵਾਪਸ ਕਰ ਦਿੱਤਾ ਕਿ ਤੁਸੀਂ ਵੀ ਆਪਣੇ ਮੁੰਡੇ ਲੱਭੋ ਤੇ ਉਹ ਵੀ ਲੱਭਣ ਵਿਚ ਮਦਦ ਕਰਦਾ ਹੈ।
ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ, ਜਿਹੜਾ ਕਿ ਪੰਜਾਬ ਪੁਲੀਸ ਵਿਚ ਏਐੱਸਆਈ ਵਜੋਂ ਤਾਇਨਾਤ ਸੀ, ਉਹ ਟਰੈਵਲ ਏਜੰਟ ਦਾ ਵੀ ਕੰਮ ਕਰਦਾ ਸੀ। ਹੁਣ ਉਹ ਸੇਵਾਮੁਕਤ ਹੋ ਚੁੱਕਾ ਹੈ। ਪਹਿਲਾਂ ਤਾਂ ਪੁਲੀਸ ਉਸ ਨੂੰ ਗ੍ਰਿਫਤਾਰ ਨਹੀਂ ਸੀ ਕਰਦੀ, ਹੁਣ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਪੁਲੀਸ ਨੇ ਦਸਹਿਰੇ ਵਾਲੇ ਦਿਨ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਰਿਮਾਂਡ ਨਾ ਲੈਣ ਕਾਰਨ ਮਾਪਿਆਂ ਦੀ ਸ਼ੰਕਾ ਪੱਕੀ ਹੋ ਰਹੀ ਹੈ ਕਿ ਪੰਜਾਬ ਪੁਲੀਸ ਤੇ ਵੱਡੇ ਅਫਸਰਾਂ ਦੀ ਮਿਲੀਭੁਗਤ ਨਾਲ ਉਕਤ ਏਜੰਟ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਏਜੰਟ ਰਾਣਾ ਖੱਸਣ ਤੇ ਸੁਖਵਿੰਦਰ ਸਿੰਘ ਜੇਲ੍ਹ ਵਿੱਚ ਹਨ ਪਰ ਪੁਲੀਸ ਪੁੱਛਗਿੱਛ ਵਿਚ ਉਨ੍ਹਾਂ ਕੋਲੋਂ ਇਹ ਪਤਾ ਲਾਉਣ ਵਿਚ ਸਫਲ ਨਹੀਂ ਹੋ ਸਕੀ ਕਿ ਉਨ੍ਹਾਂ ਦੇ ਬੱਚੇ ਕਿੱਥੇ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਲੱਭਿਆ ਜਾਵੇ ਤੇ ਵਾਪਸ ਲਿਆਂਦਾ ਜਾਵੇ। ਲਾਪਤਾ ਮੁੰਡਿਆਂ ਵਿਚ ਮਹਿੰਦਰ ਸਿੰਘ ਦਾ ਇਕ ਰਿਸ਼ੇਤਦਾਰ ਜਸਪ੍ਰੀਤ ਸਿੰਘ, ਅੰਮ੍ਰਿਤਸਰ ਤੋਂ ਜਸਵਿੰਦਰ ਸਿੰਘ ਤੇ ਗੁਰਦਾਸਪੁਰ ਤੋਂ ਗੁਰਦੀਪ ਸਿੰਘ ਵੀ ਸ਼ਾਮਲ ਸਨ।

Radio Mirchi