ਅਮਰੀਕਾ: ਚੌਵੀ ਘੰਟਿਆਂ ’ਚ 4591 ਮੌਤਾਂ
ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਨਾਲ 4,591 ਲੋਕਾਂ ਦੀ ਮੌਤ ਹੋ ਗਈ ਹੈ। ਵਾਇਰਸ ਨਾਲ ਐਨੇ ਘੱਟ ਸਮੇਂ ਵਿਚ ਐਨੀਆਂ ਜ਼ਿਆਦਾ ਮੌਤਾਂ ਦਾ ਇਹ ਇਕ ਕਿਸਮ ਦਾ ਵਿਸ਼ਵ ਰਿਕਾਰਡ ਹੈ। ਜੌਹਨ ਹੌਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਵੀਰਵਾਰ ਰਾਤ 8 ਵਜੇ ਤੱਕ ਇਹ ਮੌਤਾਂ ਹੋਈਆਂ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 2,569 ਮੌਤਾਂ ਹੋਈਆਂ ਸਨ। ਵੀਰਵਾਰ ਤੱਕ 6,62,000 ਅਮਰੀਕੀ ਕੋਵਿਡ-19 ਲਈ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਅਮਰੀਕਾ ਵਿਚ ਵਾਇਰਸ ਨਾਲ ਸੰਸਾਰ ’ਚ ਸਭ ਤੋਂ ਵੱਧ 33,000 ਮੌਤਾਂ ਹੋ ਚੁੱਕੀਆਂ ਹਨ। ਨਿਊ ਯਾਰਕ ਸ਼ਹਿਰ, ਨਿਊ ਜਰਸੀ ਤੇ ਕਨੈਕਟੀਕਟ ਸੂਬੇ ਵਾਇਰਸ ਦਾ ਕੇਂਦਰ ਬਣੇ ਹੋਏ ਹਨ। ਇਕੱਲੇ ਨਿਊ ਯਾਰਕ ਵਿਚ ਹੀ 2,26,000 ਲੋਕ ਪਾਜ਼ੇਟਿਵ ਹਨ ਤੇ 16,106 ਜਣਿਆਂ ਦੀ ਮੌਤ ਹੋ ਚੁੱਕੀ ਹੈ। ਨਿਊ ਜਰਸੀ ਵਿਚ 3,518 ਮੌਤਾਂ ਹੋਈਆਂ ਹਨ ਤੇ ਹੁਣ ਤੱਕ 75,317 ਪਾਜ਼ੇਟਿਵ ਪਾਏ ਗਏ ਹਨ। ਬੀਮਾਰੀਆਂ ’ਤੇ ਕਾਬੂ ਪਾਉਣ ਤੇ ਇਲਾਜ ਨਾਲ ਜੁੜੇ ਅਮਰੀਕੀ ਕੇਂਦਰ ਮੁਤਾਬਕ ਕੋਵਿਡ-19 ਨਾਲ ਪੀੜਤ ਚਾਰ ਫ਼ੀਸਦ ਏਸ਼ਿਆਈ ਮੂਲ ਦੇ ਹਨ ਤੇ ਕਰੀਬ 30 ਫ਼ੀਸਦ ਅਫ਼ਰੀਕੀ-ਅਮਰੀਕੀ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਵਿਚ ਮੀਡੀਆ ਨੂੰ ਦੱਸਿਆ ਕਿ ਸੰਘੀ ਸਰਕਾਰ ਵੱਲੋਂ ਅਪਣਾਈ ਰਣਨੀਤੀ ਨਾਲ ਲੱਖਾਂ ਜਾਨਾਂ ਬਚ ਗਈਆਂ ਹਨ। ਉਨ੍ਹਾਂ ਇਹ ਦਾਅਵਾ ਕਰਦਿਆਂ ਵਿਗਿਆਨਕਾਂ ਤੇ ਹੋਰ ਮਾਹਿਰਾਂ ਦੀ ਰਿਪੋਰਟ ਦਾ ਹਵਾਲਾ ਦਿੱਤਾ। ਟਰੰਪ ਨੇ ਕਿਹਾ ਕਿ ਵਿਗਿਆਨਕ ਮਾਡਲ ਨੇ 15 ਤੋਂ 20 ਲੱਖ ਮੌਤਾਂ ਦਾ ਖ਼ਦਸ਼ਾ ਜਤਾਇਆ ਸੀ। ਹੁਣ ਪਾਬੰਦੀਆਂ ਲਾਗੂ ਹਨ ਤਾਂ ਮੌਤਾਂ ਦਾ ਅੰਕੜਾ ਇਕ ਲੱਖ ਤੋਂ ਦੋ ਲੱਖ 40 ਹਜ਼ਾਰ ਵਿਚਾਲੇ ਰਹਿਣ ਦੀ ਸੰਭਾਵਨਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਮਾਹਿਰਾਂ ਮੁਤਾਬਕ ਨਵੇਂ ਕੇਸਾਂ ਦਾ ਸਿਖ਼ਰ ਹੋ ਹਟਿਆ ਹੈ ਤੇ ਹੁਣ ਮਾਮਲੇ ਘੱਟ ਰਹੇ ਹਨ। 850 ਕਾਊਂਟੀਆਂ ਤੇ ਮੁਲਕ ਦੇ 30 ਫ਼ੀਸਦ ਹਿੱਸੇ ਵਿਚੋਂ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ।