ਅਮਰੀਕਾ ਤੇ ਬ੍ਰਿਟੇਨ ਤੋਂ ਭਾਰਤੀਆਂ ਨੂੰ ਲਿਆਉਣ ਵਾਲੀਆਂ ਉਡਾਣਾਂ ਫਿਲਹਾਲ ਟਲੀਆਂ

ਅਮਰੀਕਾ ਤੇ ਬ੍ਰਿਟੇਨ ਤੋਂ ਭਾਰਤੀਆਂ ਨੂੰ ਲਿਆਉਣ ਵਾਲੀਆਂ ਉਡਾਣਾਂ ਫਿਲਹਾਲ ਟਲੀਆਂ

ਵਾਸ਼ਿੰਗਟਨ- ਕੋਰੋਨਾ ਵਾਇਰਸ ਫੈਲਣ ਕਾਰਨ ਵਿਸ਼ਵ ਦੇ ਕਈ ਦੇਸ਼ਾਂ ਵਿਚ ਲਾਕਡਾਊਨ ਚੱਲ ਰਿਹਾ ਹੈ। ਇਸ ਦੌਰਾਨ ਵਿਸ਼ਾਲ ਮੁਹਿੰਮ ਵੰਦੇ ਭਾਰਤ ਦੀਆਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਦੂਜੇ ਦੇਸ਼ਾਂ ਵਿਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵੀਰਵਾਰ ਤੋਂ ਸ਼ੁਰੂ ਹੋਣੀਆਂ ਸਨ ਪਰ ਹੁਣ ਇਹ ਇਕ ਦਿਨ ਲਈ ਟਾਲ ਦਿੱਤੀਆਂ ਗਈਆਂ ਹਨ। ਹਵਾਈ ਅੱਡੇ 'ਤੇ ਦੇਰ ਰਾਤ ਤੱਕ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਸਨ ਪਰ ਕੁਝ ਪਾਇਲਟਾਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਕੋਰੋਨਾ ਜਾਂਚ ਰਿਪੋਰਟ ਨਾ ਮਿਲਣ ਕਾਰਨ ਅਮਰੀਕਾ ਅਤੇ ਬ੍ਰਿਟੇਨ ਦੀ ਉਡਾਣ ਨੂੰ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ। ਇਹ ਉਡਾਣਾਂ ਹੁਣ ਸ਼ੁੱਕਰਵਾਰ ਨੂੰ ਚੱਲਣਗੀਆਂ। 
ਏਅਰ ਇੰਡੀਆ ਦੇ ਸੂਤਰਾਂ ਅਨੁਸਾਰ ਸਬੰਧਤ ਦੇਸ਼ਾਂ ਦੀ ਸਥਿਤੀ ਮੁਤਾਬਕ ਚਾਲਕ ਦਲ ਦੇ ਮੈਂਬਰਾਂ ਦੀ ਕੋਰੋਨਾ ਰਿਪੋਰਟ ਦਾ ਨੈਗੇਟਿਵ ਹੋਣਾ ਜ਼ਰੂਰੀ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਸੂਬਿਆਂ ਨਾਲ ਤਾਲਮੇਲ ਸਥਾਪਤ ਕਰਨ ਲਈ ਅਧਿਕਾਰੀਆਂ ਦੀ ਸੂਚੀ ਜਾਰੀ ਕੀਤੀ ਹੈ। 
ਹਰ ਸੂਬੇ ਲਈ ਇਕ ਅਧਿਕਾਰੀ ਨਾਮਜ਼ਦ ਕੀਤਾ ਗਿਆ ਹੈ ਜੋ ਕਿ ਉਸ ਸੂਬੇ ਦੇ ਨਿਵਾਸੀ ਨੂੰ ਵਿਦੇਸ਼ ਤੋਂ ਕੱਢਣ ਵਿਚ ਮਦਦ ਕਰੇਗਾ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਵਿਦੇਸ਼ਾਂ ਵਿਚ ਫਸੇ ਲੋਕਾਂ ਨੂੰ ਭਾਰਤ ਲਿਆਉਣ ਦੀ ਘੋਸ਼ਣਾ ਕੀਤੀ ਸੀ। ਪਹਿਲੇ ਪੜਾਅ ਵਿਚ 13 ਦੇਸ਼ਾਂ ਤੋਂ ਤਕਰੀਬਨ 14,800 ਨੂੰ ਲਿਆਉਣ ਦੀ ਤਿਆਰੀ ਹੈ। 
ਏਅਰਲਾਈਨਜ਼ ਦੇ ਇਲਾਵਾ ਜਲ ਸੈਨਾ ਦੇ ਜਹਾਜ਼ਾਂ ਰਾਹੀਂ ਵੀ ਲੋਕਾਂ ਨੂੰ ਲਿਆਂਦਾ ਜਾਵੇਗਾ। ਹਰ ਦੇਸ਼ ਤੋਂ ਵਾਪਸ ਆਉਣ ਦਾ ਕਿਰਾਇਆ ਨਿਰਧਾਰਤ ਕਰ ਦਿੱਤਾ ਗਿਆ ਹੈ। ਹੁਣ ਸ਼ੁੱਕਰਵਾਰ ਨੂੰ ਤੜਕਸਾਰ ਸੈਨਫਰਾਂਸਿਸਕੋ ਲਈ ਜਹਾਜ਼ ਰਵਾਨਾ ਹੋਵੇਗਾ।

Radio Mirchi