ਅਮਰੀਕਾ ਦੇ ਪੂਰਬ ਵੱਲ ਭਾਰੀ ਬਰਫ਼ਬਾਰੀ ਨਾਲ ਵੱਧ ਰਿਹਾ ਹੈ ਪੱਛਮੀ ਤੂਫਾਨ
ਫਰਿਜ਼ਨੋ/ਕੈਲੀਫੋਰਨੀਆ : ਅਮਰੀਕਾ ਦੇ ਪੱਛਮ ਵਿੱਚ ਆਇਆ ਤੂਫਾਨ ਅੱਗੇ ਵੱਲ ਨੂੰ ਵੱਧ ਰਿਹਾ ਹੈ। ਦੇਸ਼ ਵਿੱਚ ਪੱਛਮ ਨੂੰ ਛੱਡ ਕੇ ਇਹ ਤੂਫਾਨ ਸ਼ਨੀਵਾਰ ਨੂੰ ਮਿਡਵੈਸਟ ਅਤੇ ਐਤਵਾਰ ਤੱਕ ਉੱਤਰ ਪੂਰਬ ਵੱਲ ਵੱਧ ਰਿਹਾ ਹੈ। ਇਸ ਬਰਫ਼ਬਾਰੀ ਨਾਲ ਭਰੇ ਤੂਫਾਨ ਨਾਲ ਤੱਟਵਰਤੀ ਕੈਲੀਫੋਰਨੀਆ ਦੇ ਕੁੱਝ ਹਿੱਸਿਆਂ ਵਿੱਚ 15 ਇੰਚ ਤੋਂ ਵੱਧ ਬਰਫ ਪਈ ਅਤੇ ਸੀਏਰਾ ਨੇਵਾਦਾ ਦੇ ਪਹਾੜਾਂ ਵਿੱਚ 107 ਇੰਚ ਤੱਕ ਬਰਫ਼ਬਾਰੀ ਹੋਈ ਜੋ ਕਿ ਕੁੱਝ ਹੀ ਦਿਨਾਂ ਵਿੱਚ 9 ਫੁੱਟ ਦੇ ਕਰੀਬ ਬਰਫ਼ਬਾਰੀ ਹੈ।
ਇਸ ਦੇ ਇਲਾਵਾ ਇਸ ਤੂਫਾਨ ਨਾਲ ਹੋਈ ਭਾਰੀ ਬਾਰਸ਼ ਕਾਰਨ ਬਹੁਤ ਜ਼ਿਆਦਾ ਹੋਏ ਚਿੱਕੜ ਨੇ ਘਰਾਂ ਨੂੰ ਦੱਬ ਦਿੱਤਾ ਅਤੇ ਸੜਕਾਂ ਬੰਦ ਹੋਣ ਦੇ ਨਾਲ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਜਾਣ ਲਈ ਕਿਹਾ ਗਿਆ। ਜਦਕਿ ਪਹਾੜਾਂ ਵਿੱਚ, ਭਾਰੀ ਬਰਫ਼ਬਾਰੀ ਕਾਰਨ ਕਈ ਥਾਵਾਂ ਨੂੰ ਬੰਦ ਕਰਨਾ ਪਿਆ। ਇਸ ਤੂਫਾਨ ਦੇ ਪੂਰਬ ਵੱਲ ਜਾਣ ਕਰਕੇ 21 ਰਾਜ ਡਕੋਟਾ ਤੋਂ ਲੈ ਕੇ ਉੱਤਰੀ ਕੈਰੋਲਿਨਾ ਤੱਕ ਭਾਰੀ ਬਰਫ਼ਬਾਰੀ ਲਈ ਅਲਰਟ ਤੇ ਹਨ। ਸ਼ਿਕਾਗੋ ਲਈ ਵੀ ਸਰਦੀਆਂ ਦੀ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿੱਥੇ ਸ਼ਨੀਵਾਰ ਦੁਪਹਿਰ ਤੋਂ ਐਤਵਾਰ ਤੱਕ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।
ਇਸ ਦੇ ਇਲਾਵਾ ਵਾਸ਼ਿੰਗਟਨ, ਡੀ.ਸੀ. ਐਤਵਾਰ ਅਤੇ ਫਿਲਾਡੇਲਫੀਆ ਤੇ ਨਿਊਯਾਰਕ ਸਿਟੀ ਸੋਮਵਾਰ ਤੱਕ ਤੂਫਾਨ ਦਾ ਸਾਹਮਣਾ ਕਰ ਸਕਦੇ ਹਨ। ਮੌਸਮ ਵਿਗਿਆਨੀਆਂ ਮੁਤਾਬਕ ਇਸ ਤੂਫਾਨ ਕਾਰਨ ਸ਼ਿਕਾਗੋ ਵਿੱਚ 5 ਤੋਂ 9 ਇੰਚ ਬਰਫ ਹੋਵੇਗੀ, ਜਦੋਂ ਕਿ ਵਾਸ਼ਿੰਗਟਨ, ਡੀ.ਸੀ. ਵਿੱਚ 4 ਤੋਂ 8, ਫਿਲਾਡੇਲਫੀਆ 'ਚ 5 ਤੋਂ 11, ਨਿਊਯਾਰਕ ਸਿਟੀ ਵਿੱਚ 6 ਤੋਂ 10 ਇੰਚ ਤੱਕ ਬਰਫ ਪੈਣ ਦੀ ਸੰਭਾਵਨਾ ਹੈ।