ਅਮਰੀਕਾ ਦੇ ਫ਼ਰਿਜ਼ਨੋ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 26ਵੀਂ ਬਰਸੀ ਮੌਕੇ ਵਿਸ਼ੇਸ਼ ਸਮਾਗਮ

ਅਮਰੀਕਾ ਦੇ ਫ਼ਰਿਜ਼ਨੋ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 26ਵੀਂ ਬਰਸੀ ਮੌਕੇ ਵਿਸ਼ੇਸ਼ ਸਮਾਗਮ

ਫਰਿਜ਼ਨੋ (ਕੈਲੀਫੋਰਨੀਆ) -ਸਥਾਨਕ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ’ਚ ਬਣੇ ਖਾਲੜਾ ਪਾਰਕ ’ਚ ਲੰਘੇ ਐਤਵਾਰ ਇੰਡੋ-ਯੂ. ਐੱਸ. ਏ. ਹੈਰੀਟੇਜ ਫਰਿਜ਼ਨੋ (ਗ਼ਦਰੀ ਬਾਬਿਆਂ ਅਤੇ ਸ਼ਹੀਦਾਂ ਨੂੰ ਸਮਰਪਿਤ ਜਥੇਬੰਦੀ) ਵੱਲੋਂ ਪਾਰਕ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤੇ ਜੈਕਾਰਾ ਮੂਵਮੈਂਟ ਦੇ ਨੌਜਵਾਨਾਂ ਦੇ ਉੱਦਮ ਸਦਕਾ ਇੱਕ ਵਿਸ਼ੇਸ਼ ਸਮਾਗਮ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 26ਵੀਂ ਬਰਸੀ ਨੂੰ ਮੁੱਖ ਰੱਖ ਕੇ ਕਰਵਾਇਆ ਗਿਆ। ਇਸ ਮੌਕੇ ਜਿਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਗਿਆ, ਉਥੇ ਹੀ 9/11 ਦੀ 20ਵੀਂ ਬਰਸੀ ਮੌਕੇ ਅਮਰੀਕਾ ’ਚ ਹੋਏ ਅੱਤਵਾਦੀ ਹਮਲੇ ’ਚ ਮਾਰੇ ਗਏ ਤਿੰਨ ਹਜ਼ਾਰ ਤੋਂ ਵੱਧ ਨਿਰਦੋਸ਼ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਭਾਰਤ ’ਚ ਚੱਲ ਰਹੇ ਕਿਸਾਨੀ ਸੰਘਰਸ਼ ’ਚ ਸ਼ਹੀਦ ਹੋਏ 600 ਤੋਂ ਵੱਧ ਕਿਸਾਨਾਂ ਨੂੰ ਵੀ ਨਮਨ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਕੁਲਵੰਤ ਸਿੰਘ ਖਹਿਰਾ ਨੇ ਜਪੁਜੀ ਸਾਹਿਬ ਜੀ ਦਾ ਪਾਠ ਕਰ ਕੇ ਅਰਦਾਸ ਉਪਰੰਤ ਕੀਤੀ। ਇਸ ਮੌਕੇ ਅਮੇਰਿਕਨ ਰਾਸ਼ਟਰੀ ਗੀਤ ਵੀ ਗਾਇਆ ਗਿਆ ਅਤੇ ਇੱਕ ਮਿੰਟ ਦਾ ਮੌਨ ਧਾਰਨ ਕਰ ਕੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਪਿੱਛੋਂ ਢਾਡੀ ਬਲਿਹਾਰ ਸਿੰਘ ਚੋਹਲਾ ਸਾਬ੍ਹ ਦੇ ਕਵੀਸ਼ਰੀ ਜਥੇ ਨੇ ਵਾਰਾਂ ਗਾ ਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਪੰਛੀ ਝਾਤ ਪਾਈ। ਯਮਲੇ ਜੱਟ ਦੇ ਲਾਡਲੇ ਸ਼ਾਗਿਰਦ ਰਾਜ ਬਰਾੜ ਨੇ ਇੱਕ ਇਨਕਲਾਬੀ ਗੀਤ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਨਿਰਮਲ ਸਿੰਘ ਧਨੌਲਾ, ਸਾਧੂ ਸਿੰਘ ਸੰਘਾ, ਰਣਜੀਤ ਗਿੱਲ, ਗੁਰਦੀਪ ਸ਼ੇਰਗਿੱਲ, ਸੁਰਿੰਦਰ ਮੰਡਾਲੀ, ਗੁਰਵਿੰਦਰ ਸਿੰਘ, ਪਰਮਪਾਲ ਸਿੰਘ, ਹੈਰੀ ਮਾਨ, ਦਲਜੀਤ ਰਿਆੜ, ਹਰਜਿੰਦਰ ਢੇਸੀ, ਫਾਰਮਰ ਅਜੀਤ ਸਿੰਘ ਗਿੱਲ, ਹਾਕਮ ਸਿੰਘ ਢਿੱਲੋਂ, ਹਰਦੇਵ ਸਿੰਘ ਰਸੂਲਪੁਰ, ਰਾਜਕਰਨਬੀਰ ਸਿੰਘ, ਹਰਜਿੰਦਰ ਸਿੰਘ ਸੈਣੀ, ਰਾਜ ਕਿਸ਼ਨਪੁਰਾ, ਡਾ. ਅਰਜਨ ਸਿੰਘ ਜੋਸਨ, ਡਾ. ਚੰਨ, ਅਮਰੀਕ ਸਿੰਘ ਸੈਕਟਰੀ ਗੁਰਦੁਆਰਾ ਸਾਹਿਬ ਮਡੇਰਾ, ਮਲਕੀਤ ਸਿੰਘ ਕਿੰਗਰਾ ਆਦਿ ਨੇ ਇਨਕਲਾਬੀ ਕਵਿਤਾਵਾਂ ਅਤੇ ਤਕਰੀਰਾਂ ਨਾਲ ਹਾਜ਼ਰੀ ਭਰੀ।
ਇਸ ਸਮਾਗਮ ’ਚ ਸੌਗੀ ਦੇ ਬਾਦਸ਼ਾਹ ਚਰਨਜੀਤ ਸਿੰਘ ਬਾਠ ਖ਼ਾਸ ਤੌਰ ’ਤੇ ਪਹੁੰਚੇ ਹੋਏ ਸਨ। ਇਸ ਮੌਕੇ ਗੁਰਦੁਆਰਾ ਸਾਹਿਬ ਮਡੇਰਾ ਦੀ ਕਮੇਟੀ ਨੇ ਸ਼ਾਨਦਾਰ ਪ੍ਰਦਰਸ਼ਨੀ ਵੀ ਲਾਈ, ਜੋ ਲੋਕਾਂ ਲਈ ਖ਼ਾਸ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਿਕੰਦਰ ਸਿੰਘ ਚੀਮਾਂ, ਮਨਜਿੰਦਰ ਸਿੰਘ ਅਤੇ ਤਲਵਿੰਦਰ ਸਿੰਘ ਦੇ ਸਹਿਯੋਗ ਨਾਲ ਚਾਹ-ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਅਖੀਰ ’ਚ ਪ੍ਰਬੰਧਕਾਂ ਵੱਲੋਂ ਜੈਕਾਰਾ ਮੂਵਮੈਂਟ ਅਤੇ ਸਕੂਲ ਟਰੱਸਟੀ ਨੈਣਦੀਪ ਸਿੰਘ ਚੰਨ, ਹਰਜਿੰਦਰ ਸੈਣੀ ਅਤੇ ਗੁਰਦੀਪ ਸ਼ੇਰਗਿੱਲ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਿਰੋਪਾਓ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਸਰਪੰਚ ਅਵਤਾਰ ਸਿੰਘ ਚੌਹਾਨ, ਹਰਦੇਵ ਸਿੰਘ ਰਸੂਲਪੁਰ, ਸਿਕੰਦਰ ਸਿੰਘ ਚੀਮਾਂ ਅਤੇ ਸਾਥੀਆਂ ਨੂੰ ਵੀ ਸਹਿਯੋਗ ਲਈ ਸਿਰੋਪਾਓ ਦਿੱਤੇ ਗਏ। ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਿਹਰਾ ਸਮੂਹ ਇੰਡੋ-ਯੂ. ਐੱਸ. ਏ. ਹੈਰੀਟੇਜ, ਸਮੂਹ ਪਾਰਕ ਕਮੇਟੀ ਮੈਂਬਰ ਅਤੇ ਜੈਕਾਰਾ ਮੂਵਮੈਂਟ ਦੇ ਅਣਥੱਕ ਮੈਂਬਰਾਂ ਸਿਰ ਬੱਝਦਾ ਹੈ। ਇਸ ਮੌਕੇ ਇੰਡੋ-ਯੂ. ਐੱਸ. ਏ. ਹੈਰੀਟੇਜ ਵੱਲੋਂ ਐਲਾਨ ਕੀਤਾ ਗਿਆ ਕਿ ਸਤੰਬਰ ਦੇ ਤੀਸਰੇ ਐਤਵਾਰ ਨੂੰ ਭਰਾਤਰੀ ਜਥੇਬੰਦੀਆਂ ਅਤੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਇਹ ਬਰਸੀ ਹਰੇਕ ਸਾਲ ਮਨਾਈ ਜਾਇਆ ਕਰੇਗੀ ਅਤੇ ਸੰਗਤ ਦੇ ਸਹਿਯੋਗ ਅਤੇ ਵਲੰਟੀਅਰ ਵੀਰਾਂ ਦੀ ਮਿਹਨਤ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਅਖੀਰ ਅਗਲੇ ਸਾਲ ਮੁੜ ਇਕੱਠੇ ਹੋਣ ਦਾ ਪ੍ਰਣ ਕਰਦੇ ਹੋਏ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ। ਪੂਰੇ ਸਮਾਗਮ ਦੌਰਾਨ ਸਟੇਜ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਬਾਖੂਬੀ ਕੀਤਾ।

Radio Mirchi