ਅਮਰੀਕਾ ਦੇ ਰਵੱਈਏ ਚ ਤਬਦੀਲੀ, ਵ੍ਹਾਈਟ ਹਾਊਸ ਨੇ ਟਵਿੱਟਰ ਤੇ ਮੋਦੀ ਨੂੰ ਕੀਤਾ ਅਨਫਾਲੋ
ਵਾਸ਼ਿੰਗਟਨ : ਕੋਰੋਨਾਵਾਇਰਸ ਮਹਾਸੰਕਟ ਦੇ ਵਿਚ ਭਾਰਤ ਸਰਕਾਰ ਦੇ ਟਵਿੱਟਰ ਹੈਂਡਲ ਨੂੰ ਲੈ ਕੇ ਅਮਰੀਕਾ ਦਾ ਬਦਲਿਆ ਹੋਇਆ ਰਵੱਈਆ ਸਾਹਮਣੇ ਆਇਆ ਹੈ। ਵ੍ਹਾਈਟ ਹਾਊਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਦਫਤਰ, ਰਾਸ਼ਟਰਪਰੀ ਭਵਨ ਸਮੇਤ ਭਾਰਤ ਦੇ ਕੁੱਲ 6 ਟਵਿੱਟਰ ਹੈਂਡਲ ਨੂੰ ਅਚਾਨਕ ਅਨਫਾਲੋ ਕਰ ਦਿੱਤਾ ਹੈ। ਭਾਰਤ ਵੱਲੋਂ ਹਾਈਡ੍ਰੋਕਸੀਕਲੋਰੋਕਵਿਨ ਦੇਣ ਦਾ ਫੈਸਲਾ ਲੈਣ ਦੇ ਬਾਅਦ 10 ਅਪ੍ਰੈਲ ਨੂੰ ਵ੍ਹਾਈਟ ਹਾਊਸ ਦੇ ਟਵਿੱਟਰ ਹੈਂਡਲ ਨੇ ਇਹਨਾਂ ਭਾਰਤੀ ਟਵਿੱਟਰ ਹੈਂਡਲ ਨੂੰ ਫਾਲੋ ਕੀਤਾ ਸੀ।
ਅਸਲ ਵਿਚ ਅਮਰੀਕਾ ਹੋਰ ਕਿਸੇ ਦੇਸ਼ ਜਾ ਉਸ ਦੇ ਰਾਸ਼ਟਰੀ ਪ੍ਰਧਾਨਾਂ ਦੇ ਟਵਿੱਟਰ ਹੈਂਡਲ ਨੂੰ ਫਾਲੋ ਨਹੀਂ ਕਰਦਾ ਪਰ ਭਾਰਤ ਦੇ ਇਹ ਹੈਂਡਲ ਅਪਵਾਦ ਦੇ ਰੂਪ ਵਿਚ ਫਾਲੋ ਕੀਤੇ ਗਏ ਸੀ। ਹੁਣ ਅਮਰੀਕਾ ਨੇ ਆਪਣੇ ਇਸ ਰਵੱਈਏ ਵਿਚ ਤਬਦੀਲੀ ਕੀਤੀ ਹੈ ਅਤੇ ਵ੍ਹਾਈਟ ਹਾਊਸ ਅਮਰੀਕਾ ਦੇ ਬਾਹਰ ਕਿਸੇ ਨੂੰ ਫਾਲੋ ਨਹੀਂ ਕਰ ਰਿਹਾ ਹੈ।
ਕੋਰੋਨਾਵਾਇਰਸ ਮਹਾਸੰਕਟ ਦੇ ਵਿਚ ਜਦੋਂ ਅਮਰੀਕਾ ਨੂੰ ਹਾਈਡ੍ਰੋਕਸੀਕਲੋਰੋਕਵਿਨ ਦਵਾਈ ਦੀ ਲੋੜ ਸੀ ਉਦੋਂ ਭਾਰਤ ਨੇ ਅੱਗੇ ਵੱਧ ਕੇ ਉਸ ਦੀ ਮਦਦ ਕੀਤੀ। ਇਸ ਦੇ ਕੁਝ ਦਿਨ ਬਾਅਦ ਹੀ ਵ੍ਹਾਈਟ ਹਾਊਸ ਨੇ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਰਤ ਦੇ 6 ਟਵਿੱਟਰ ਹੈਂਡਲ ਨੂੰ ਫਾਲੋ ਕਰਨਾ ਸ਼ੁਰੂ ਕੀਤਾ ਸੀ ਪਰ ਹੁਣ ਕੁਝ ਦਿਨ ਬਾਅਦ ਹੀ ਵ੍ਹਾਈਟ ਹਾਊਸ ਨੇ ਇਕ ਵਾਰ ਫਿਰ ਇਹਨਾਂ ਸਾਰੇ ਹੈਂਡਲਾਂ ਨੂੰ ਅਨਫਾਲੋ ਕਰ ਦਿੱਤਾ ਹੈ। ਇਹਨਾਂ ਸਾਰਿਆਂ ਦੇ ਨਾਲ ਵ੍ਹਾਈਟ ਹਾਊਸ ਵੱਲੋਂ ਫਾਲੋ ਕੀਤੇ ਜਾਣ ਵਾਲੇ ਲੋਕਾਂ ਦੀ ਗਿਣਤੀ 19 ਹੋ ਗਈ ਸੀ। ਜਿਸ ਵਿਚ ਸਾਰੇ ਵਿਦੇਸ਼ੀ ਹੈਂਡਲ ਭਾਰਤ ਨਾਲ ਸਬੰਧਤ ਸਨ। ਹੁਣ ਕੁਝ ਦਿਨ ਦੇ ਬਾਅਦ ਵ੍ਹਾਈਟ ਹਾਊਸ ਨੇ ਵਾਪਸ ਇਹਨਾਂ ਸਾਰੇ ਟਵਿੱਟਰ ਹੈਂਡਲ ਨੂੰ ਅਨਫਾਲੋ ਕਰ ਦਿੱਤਾ ਹੈ ਅਤੇ ਸਿਰਫ ਅਮਰੀਕੀ ਪ੍ਰਸ਼ਾਸਨ, ਡੋਨਾਲਡ ਟਰੰਪ ਨਾਲ ਜੁੜੇ ਟਵਿੱਟਰ ਹੈਂਡਲ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਵ੍ਹਾਈਟ ਹਾਊਸ ਹੁਣ ਸਿਰਫ 13 ਟਵਿੱਟਰ ਹੈਂਡਲ ਨੂੰ ਫਾਲੋ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਸ ਸੰਬੰਧੀ ਕਈ ਤਰ੍ਹਾਂ ਦੀਆਂ ਚਰਚਾਵਾਂ ਅਤੇ ਅਟਕਲਾਂ ਸ਼ੁਰੂ ਹੋ ਗਈਆਂ ਹਨ।