ਅਮਰੀਕਾ ’ਚ ਕਰੋਨਾ ਕਾਰਨ ਇੱਕੋ ਦਿਨ ਵਿਚ ਦੋ ਹਜ਼ਾਰ ਤੋਂ ਵੱਧ ਮੌਤਾਂ

ਅਮਰੀਕਾ ’ਚ ਕਰੋਨਾ ਕਾਰਨ ਇੱਕੋ ਦਿਨ ਵਿਚ ਦੋ ਹਜ਼ਾਰ ਤੋਂ ਵੱਧ ਮੌਤਾਂ

ਅਮਰੀਕਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿੱਥੇ ਇੱਕ ਦਿਨ ’ਚ ਕੋਵਿਡ-19 ਕਾਰਨ 2000 ਤੋਂ ਵੱਧ ਵਿਅਕਤੀਆਂ ਦੀ ਮੌਤ ਹੋਈ ਹੈ। ਦੂਜੇ ਪਾਸੇ ਇਸ ਮਹਾਮਾਰੀ ਕਾਰਨ ਦੁਨੀਆ ਭਰ ’ਚ ਮਰਨ ਵਾਲਿਆਂ ਦਾ ਅੰਕੜਾ ਇੱਕ ਲੱਖ ਤੋਂ ਟੱਪ ਗਿਆ ਹੈ।
ਜੌਹਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਅਮਰੀਕਾ ’ਚ ਲੰਘੇ 24 ਘੰਟਿਆਂ ਅੰਦਰ 2108 ਵਿਅਕਤੀਆਂ ਦੀ ਮੌਤ ਹੋਈ ਹੈ ਜਦਕਿ ਪੰਜ ਲੱਖ ਤੋਂ ਵੱਧ ਵਿਅਕਤੀ ਇਸ ਬਿਮਾਰੀ ਤੋਂ ਪੀੜਤ ਹਨ। ਅਮਰੀਕਾ ’ਚ ਕਰੋਨਾਵਾਇਰਸ ਦਾ ਕੇਂਦਰ ਬਣੇ ਨਿਊਯਾਰਕ ਤੇ ਨਿਊ ਜਰਸੀ ’ਚ ਹੁਣ ਤੱਕ ਸਭ ਤੋਂ ਵੱਧ ਜਾਨਾਂ ਗਈਆਂ ਹਨ। ਅਮਰੀਕਾ ’ਚ ਹੁਣ ਤੱਕ ਕਰੋਨਾਵਾਇਰਸ ਕਾਰਨ 18,679 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਯੂਨੀਵਰਸਿਟੀ ਅਨੁਸਾਰ ਅਮਰੀਕਾ ’ਚ ਇਸ ਸਮੇਂ 5,00,399 ਵਿਅਕਤੀ ਕਰੋਨਾ ਪੀੜਤ ਹਨ। ਅਮਰੀਕਾ ’ਚ ਇਸ ਸਮੇਂ ਦੁਨੀਆ ਦੇ ਕਿਸੇ ਵੀ ਮੁਲਕ ਨਾਲੋਂ ਵੱਧ ਕਰੋਨਾ ਦੇ ਮਰੀਜ਼ ਹਨ। ਅਮਰੀਕਾ ਦੇ ਨਿਊਯਾਰਕ ’ਚ ਕਰੋਨਾ ਦੇ 1.7 ਲੱਖ ਜਦਕਿ ਨਿਊਜਰਸੀ ’ਚ 54 ਹਜ਼ਾਰ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਦੂਜੇ ਪਾਸੇ ਦੁਨੀਆਂ ਭਰ ’ਚ ਕਰੋਨਾਵਾਇਰਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਇੱਕ ਲੱਖ ਨੂੰ ਪਾਰ ਕਰ ਗਈ ਹੈ। ਦੁਨੀਆਂ ਭਰ ’ਚ ਕਰੋੜਾਂ ਲੋਕਾਂ ਨੂੰ ਕੋਵਿਡ-19 ਕਾਰਨ ਲਾਗੂ ਕੀਤੇ ਗਏ ਲੌਕਡਾਊਨ ਕਾਰਨ ਘਰਾਂ ’ਚ ਈਸਟਰ ਮਨਾਉਣਾ ਪਵੇਗਾ।
ਕਰੋਨਾ ਕਾਰਨ ਇਟਲੀ ’ਚ 18,849 ਵਿਅਕਤੀਆਂ ਦੀ ਮੌਤ ਹੋਈ ਹੈ। ਇਹ ਵਿਸ਼ਵ ਭਰ ’ਚ ਕਿਸੇ ਦੇਸ਼ ’ਚ ਸਭ ਵੱਧ ਮ੍ਰਿਤਕਾਂ ਦੀ ਗਿਣਤੀ ਹੈ, ਜਦਕਿ ਉਸ ਤੋਂ ਬਾਅਦ ਅਮਰੀਕਾ ਦਾ ਨੰਬਰ ਹੈ ਜਿੱਥੇ 18,679 ਵਿਅਕਤੀਆਂ ਦੀ ਮੌਤ ਹੋਈ ਹੈ। ਸਪੇਨ ’ਚ ਹੁਣ ਤੱਕ 15,853 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਭਰ ’ਚ ਇਸ ਬਿਮਾਰੀ ਕਾਰਨ ਹੁਣ ਤੱਕ 16 ਲੱਖ ਤੋਂ ਵੱਧ ਵਿਅਕਤੀ ਪੀੜਤ ਹੋ ਚੁੱਕੇ ਹਨ ਅਤੇ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1,00,661 ਤੱਕ ਪਹੁੰਚ ਗਈ ਹੈ। ਇਨ੍ਹਾਂ ’ਚੋਂ 70 ਫੀਸਦ ਵਿਅਕਤੀਆਂ ਦੀ ਮੌਤ ਇਕੱਲੇ ਯੂਰੋਪ ’ਚ ਹੋਈ ਹੈ। ਯੂਰੋਪ ’ਚ ਹੁਣ ਤੱਕ 70,245 ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਚੀਨ ਜਿੱਥੇ ਲੰਘੇ ਸਾਲ ਦਸੰਬਰ ’ਚ ਕਰੋਨਵਾਇਰਸ ਫੈਲਣ ਦੀ ਸ਼ੁਰੂਆਤ ਹੋਈ ਸੀ, ’ਚ ਹੁਣ ਤੱਕ 81 ਹਜ਼ਾਰ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ 3,339 ਵਿਅਕਤੀਆਂ ਦੀ ਮੌਤ ਹੋਈ ਹੈ। ਇਸੇ ਤਰ੍ਹਾਂ ਸਪੇਨ ’ਚ ਤਕਰੀਬਨ 1,58,000 ਕੇਸ ਹਨ ਜਦਕਿ 16 ਹਜ਼ਾਰ ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਟਲੀ ’ਚ 1,47,000 ਕਰੋਨਾ ਪੀੜਤ ਹਨ ਤੇ ਉੱਥੇ 18,848 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਜਰਮਨੀ ’ਚ 1,22,000 ਕੇਸ ਹਨ ਤੇ ਇੱਥੇ 13 ਹਜ਼ਾਰ ਦੇ ਕਰੀਬ ਮੌਤਾਂ ਹੋਈਆਂ ਹਨ। ਇਸੇ ਤਰ੍ਹਾਂ ਫਰਾਂਸ ’ਚ ਕਰੋਨਾ ਦੇ ਕੇਸਾਂ ਦੀ ਗਿਣਤੀ 1,12,000 ਹੈ।

Radio Mirchi