ਅਮਰੀਕਾ ’ਚ ਕ੍ਰਿਸਮਸ ਮੌਕੇ ਧਮਾਕਾ, ਤਿੰਨ ਜ਼ਖਮੀ
ਨੈਸ਼ਵਿਲ -ਅਮਰੀਕਾ ਦੇ ਨੈਸ਼ਵਿਲ ’ਚ ਕ੍ਰਿਸਮਸ ਦੀ ਸਵੇਰ ਇਕ ਵਾਹਨ ’ਚ ਧਮਾਕਾ ਹੋਇਆ ਅਤੇ ਇਕ ਵੱਡੇ ਖੇਤਰ ’ਚ ਖਿੜਕੀਆਂ ਦੇ ਕੱਚ ਟੁੱਟ ਗਏ ਅਤੇ ਨੇੜੇ ਦੀਆਂ ਇਮਾਰਤਾਂ ’ਚ ਧਮਕ ਮਹਿਸੂਸ ਕੀਤੀ ਗਈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਧਮਾਕਾ ਜਾਨਬੁੱਝ ਕੇ ਕੀਤਾ ਗਿਆ ਹੈ। ਐੱਫ.ਬੀ.ਆਈ. ਮਾਮਲੇ ਦੀ ਜਾਂਚ ਕਰ ਰਿਹਾ ਹੈ।
ਪੁਲਸ ਬੁਲਾਰੇ ਡਾਨ ਏਰੋਨ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਸਾਢੇ ਛੇ ਵਜੇ ਧਮਾਕਾ ਹੋੋਇਆ ਅਤੇ ਧਮਾਕੇ ਕਾਰਣ 3 ਲੋਕ ਜ਼ਖਮੀ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਲਸ ਦਾ ਪਹਿਲਾਂ ਮੰਨਣਾ ਸੀ ਕਿ ਧਮਾਕੇ ’ਚ ਕੋਈ ਵਾਹਨ ਸ਼ਾਮਲ ਹੈ। ਏਰੋਨ ਨੇ ਦੱਸਿਆ ਕਿ ਤਿੰਨ ਲੋਕ ਇਲਾਜ ਅਧੀਨ ਹਨ ਅਤੇ ਉਨ੍ਹਾਂ ’ਚੋਂ ਕਿਸੇ ਦੀ ਹੀ ਹਾਲਾਤ ਗੰਭੀਰ ਨਹੀਂ ਹੈ।
ਘਟਨਾ ਸਥਾਨ ’ਤੇ ਅੱਗ ਦੀਆਂ ਲਪਟਾਂ ਅਤੇ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ। ਇਥੇ ਸੈਲਾਨੀਆਂ ਦੀ ਭੀੜ ਰਹਿੰਦੀ ਹੈ ਅਤੇ ਰੈਸਟੋਰੈਂਟ ਅਤੇ ਕਈ ਹੋਰ ਖੁਦਰਾ ਦੁਕਾਨਾਂ ਹਨ। ਇਸ ਧਮਾਕੇ ਦੇ ਚੱਲਦੇ ਨੇੜੇ ਦੇ ਭਵਨਾਂ ’ਚ ਝਟਕੇ ਮਹਿਸੂਸ ਕੀਤੇ ਗਏ। ਗਵਰਨਰ ਬਿਲ ਲੀ ਨੇ ਟਵੀਟ ਕੀਤਾ ਕਿ ਸੂਬਾ ਇਹ ਪਤਾ ਲਾਉਣ ਲਈ ਜ਼ਰੂਰੀ ਸਰੋਤ ਮੁਹੱਈਆ ਕਰਵਾਵੇਗਾ ਕਿ ਕੀ ਹੋਇਆ ਅਤੇ ਉਸ ਦੇ ਲਈ ਕੌਣ ਜ਼ਿੰਮੇਵਾਰ ਹੈ।