ਅਮਰੀਕਾ ’ਚ ਸਿੱਖ ਟੈਕਸੀ ਡਰਾਈਵਰ ਉੱਤੇ ਹਮਲਾ

ਅਮਰੀਕਾ ’ਚ ਸਿੱਖ ਟੈਕਸੀ ਡਰਾਈਵਰ ਉੱਤੇ ਹਮਲਾ

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ਨੂੰ ਸ਼ੱਕੀ ਨਸਲੀ ਅਪਰਾਧ ਮੰਨਿਆ ਜਾ ਰਿਹੈ। ਬੈਲਿੰਗਮ ਹੇਰਾਲਡ ਨੇ ਪੁਲੀਸ ਦੇ ਹਵਾਲੇ ਨਾਲ ਕਿਹਾ ਕਿ ਗ੍ਰਿਫਿਨ ਲੇਵੀ ਸੇਅਰਜ਼ (22) ਨਾਂ ਦੇ ਅਮਰੀਕੀ ਨੌਜਵਾਨ ਨੇ 5 ਦਸੰਬਰ ਨੂੰ ਬੈਲਿੰਗਮ ਸ਼ਹਿਰ ਵਿੱਚ ਸਿੱਖ ਊਬਰ ਡਰਾਈਵਰ ਨੂੰ ਪਹਿਲਾਂ ਗਾਲ੍ਹਾਂ ਕੱਢੀਆਂ ਤੇ ਮਗਰੋਂ ਉਸ ਨਾਲ ਦੀ ਖਿੱਚਧੂਹ ਵੀ ਕੀਤੀ। ਪੁਲੀਸ ਅਧਿਕਾਰੀ ਕਲਾਉਡੀਆ ਮਰਫ਼ੀ ਨੇ ਇਸ ਰੋਜ਼ਨਾਮਚੇ ਨੂੰ ਦੱਸਿਆ ਕਿ ਖਿੱਚਧੂਹ ਦੌਰਾਨ ਸੇਅਰਜ਼ ਨੇ ਸਿੱਖ ਡਰਾਈਵਰ ਦਾ ਗ਼ਲ ਘੁੱਟਣ ਦੀ ਵੀ ਕੋਸ਼ਿਸ਼ ਕੀਤੀ ਤੇ ਪੀੜਤ ਦੀ ਚਮੜੀ ਦੇ ਰੰਗ ਬਾਰੇ ਨਸਲੀ ਟਿੱਪਣੀਆਂ ਕੀਤੀਆਂ। ਕੋਮੋ ਨਿਊਜ਼ ਨੇ ਕਿਹਾ ਕਿ ਸਿੱੱਖ ਡਰਾਈਵਰ ਤੇ ਅਮਰੀਕੀ ਨੌਜਵਾਨ ਦਰਮਿਆਨ ਹੋਈ ਖਿੱਚਧੂਹ ਦੌਰਾਨ ਡਰਾਈਵਰ, ਜਿਸ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ, ਕਿਸੇ ਤਰ੍ਹਾਂ ਕਾਰ ਵਿੱਚੋਂ ਬਾਹਰ ਆ ਗਿਆ। ਉਸ ਨੇ ਮਦਦ ਲਈ 911 ’ਤੇ ਫੋਨ ਕੀਤਾ। ਰਿਪੋਰਟ ਮੁਤਾਬਕ ਪੁਲੀਸ ਨੇ ਹਮਲਾਵਰ (ਸੇਅਰਜ਼) ਨੂੰ ਮਗਰੋਂ ਉਹਦੇ ਅਪਾਰਟਮੈਂਟ ਵਿਚਲੇ ਪੋਰਚ ਤੋਂ ਗ੍ਰਿਫਤਾਰ ਕਰ ਲਿਆ। ਬੈਲਿੰਗਮ ਪੁਲੀਸ ਨੇ ਸੇਅਰਜ਼ ’ਤੇ ਦੂਜੇ ਦਰਜੇ ਦੇ ਹਮਲੇ ਤਹਿਤ ਦੋਸ਼ ਆਇਦ ਕੀਤੇ ਸਨ। ਉਂਜ, ਸੇਅਰਜ਼ ਨੂੰ 6 ਦਸੰਬਰ ਨੂੰ 13 ਹਜ਼ਾਰ ਅਮਰੀਕੀ ਡਾਲਰ ਦੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਸਿੱਖ ਡਰਾਈਵਰ ਨੇ ਪੁਲੀਸ ਨੂੰ ਦੱਸਿਆ ਕਿ ਸੇਅਰਜ਼ ਨੇ 5 ਦਸੰਬਰ ਦੀ ਸ਼ਾਮ ਨੂੰ ਉਹਦੀ ਟੈਕਸੀ ਹਾਇਰ ਕੀਤੀ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Radio Mirchi