ਅਮਰੀਕੀ ਮਹਿਮਾਨਾਂ ਦਾ ਹੋਵੇਗਾ ਯਾਦਗਾਰੀ ਸਵਾਗਤ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮਿਲਾਨੀਆ ਟਰੰਪ ਦੀ ਇਸ ਮਹੀਨੇ ਦੇ ਆਖਰੀ ਹਫ਼ਤੇ ਲਈ ਨਿਰਧਾਰਿਤ ਭਾਰਤ ਫੇਰੀ ’ਤੇ ‘ਬੇਹੱਦ ਖ਼ੁਸ਼ੀ’ ਦਾ ਪ੍ਰਗਟਾਵਾ ਕਰਦਿਆਂ ਆਖਿਆ ਹੈ ਕਿ ਉਨ੍ਹਾਂ ਦਾ ‘ਯਾਦਗਾਰੀ ਸਵਾਗਤ’ ਕੀਤਾ ਜਾਵੇਗਾ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਆਪਣੇ ਭਾਰਤ ਦੌਰੇ ਪ੍ਰਤੀ ਆਸਵੰਦ ਹਨ। ਟਰੰਪ ਨੇ ਦੋਵਾਂ ਮੁਲਕਾਂ ਵਲੋਂ ਵਪਾਰ ਸੰਧੀ ਕੀਤੇ ਜਾਣ ਦੇ ਸੰਕੇਤ ਵੀ ਦਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਈ ਟਵੀਟ ਕਰਦਿਆਂ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚ ਲੋਕਤੰਤਰ ਅਤੇ ਬਹੁਲਤਾ ਪ੍ਰਤੀ ਵਚਨਬੱਧਤਾ ਦੀ ਸਮਾਨਤਾ ਹੈ। ਉਨ੍ਹਾਂ ਕਿਹਾ, ‘‘ਸਾਡੇ ਮੁਲਕ ਵੱਖ-ਵੱਖ ਮੁੱਦਿਆਂ ’ਤੇ ਸਹਿਯੋਗ ਕਰ ਰਹੇ ਹਨ। ਦੋਵਾਂ ਮੁਲਕਾਂ ਵਿਚਾਲੇ ਮਜ਼ਬੂਤ ਦੋਸਤੀ ਕੇਵਲ ਸਾਡੇ ਨਾਗਰਿਕਾਂ ਲਈ ਹੀ ਨਹੀਂ ਬਲਕਿ ਪੂਰੀ ਦੁਨੀਆਂ ਲਈ ਸ਼ੁਭ-ਸੰਕੇਤ ਹੈ।’’ ਟਰੰਪ ਵਲੋਂ 24 ਅਤੇ 25 ਫਰਵਰੀ ਨੂੰ ਭਾਰਤ ਦੌਰਾ ਕੀਤਾ ਜਾ ਰਿਹਾ ਹੈ। ਮੋਦੀ ਨੇ ਕਿਹਾ ਕਿ ਇਹ ਫੇਰੀ ਬਹੁਤ ਖਾਸ ਹੈ ਅਤੇ ਇਹ ਭਾਰਤ-ਅਮਰੀਕਾ ਦੀ ਦੋਸਤੀ ਹੋਰ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗੀ।
ਓਧਰ, ਵ੍ਹਾਈਟ ਹਾਊਸ ਵਿੱਚ ਮੀਡੀਆ ਨਾਲ ਗੱਲਬਾਤ ਮੌਕੇ ਟਰੰਪ ਨੇ ਕਿਹਾ, ‘‘ਉਹ (ਮੋਦੀ) ਬਹੁਤ ਭੱਦਰ ਪੁਰਸ਼ ਹਨ ਅਤੇ ਮੈਂ ਭਾਰਤ ਜਾਣ ਲਈ ਉਤਸੁਕ ਹਾਂ। ਅਸੀਂ ਮਹੀਨੇ ਦੇ ਅਖੀਰ ਵਿੱਚ ਜਾਵਾਂਗੇ।’’ ਟਰੰਪ ਨੇ ਮਜ਼ਾਕ ਵਿੱਚ ਕਿਹਾ ਕਿ ਉਨ੍ਹਾਂ ਨੂੰ ਮੋਦੀ ਨੇ ਦੱਸਿਆ ਹੈ ਕਿ ਹਵਾਈ ਅੱਡੇ ਤੋਂ ਸਟੇਡੀਅਮ ਤੱਕ ਲੱਖਾਂ ਲੋਕ ਹੋਣਗੇ ਅਤੇ ਉਨ੍ਹਾਂ ਨੂੰ ਥੋੜ੍ਹਾ ਬੁਰਾ ਲੱਗੇਗਾ ਕਿਉਂਕਿ ਅਮਰੀਕਾ ਵਿੱਚ 40-50 ਹਜ਼ਾਰ ਲੋਕਾਂ ਦਾ ਇਕੱਠ ਹੀ ਹੁੰਦਾ ਹੈ।
ਅਹਿਮਦਾਬਾਦ: ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਆਪਣੀ ਭਾਰਤ ਫੇਰੀ ਦੌਰਾਨ ਅਹਿਮਦਾਬਾਦ ਵਿੱਚ ਵਿਸ਼ਾਲ ਰੋਡ ਸ਼ੋਅ ਵਿੱਚ ਹਿੱਸਾ ਲੈਣ ਮਗਰੋਂ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਥੇ ਨਵੇਂ ਬਣੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਵੀ ਕਰਨਗੇ। ਸੂਤਰਾਂ ਅਨੁਸਾਰ ਟਰੰਪ ਵਲੋਂ ਮੋਦੀ ਨਾਲ ਅਹਿਮਦਾਬਾਦ ਹਵਾਈ ਅੱਡੇ ਤੋਂ ਸਾਬਰਮਤੀ ਆਸ਼ਰਮ ਤੱਕ ਰੋਡ ਸ਼ੋਅ ਵਿੱਚ ਹਿੱਸਾ ਲਿਆ ਜਾਵੇਗਾ। -