ਅਮਰੀਕੀ ਰਗਬੀ ਟੀਮ 41,211 ਕਰੋੜ ਰੁਪਏ ਦੇ ਬ੍ਰਾਂਡ ਵੈਲਿਊ ਨਾਲ ਲਗਾਤਾਰ 5ਵੇਂ ਸਾਲ ਸਭ ਤੋਂ ਕੀਮਤੀ
ਨਵੀਂ ਦਿੱਲੀ– ਫੋਰਬਸ ਮੈਗਜ਼ੀਨ ਦੀ ਮੋਸਟ ਵੈਲਿਊਏਬਲ ਸਪੋਰਟਸ ਟੀਮ ਦੀ ਲਿਸਟ ਵਿਚ ਅਮਰੀਕਾ ਦੀ ਰਗਬੀ ਟੀਮ ਡਲਾਸ ਕਾਓਬੋਆਏਜ਼ ਲਗਾਤਾਰ 5ਵੇਂ ਸਾਲ ਚੋਟੀ 'ਤੇ ਬਣੀ ਹੋਈ ਹੈ। ਉਸਦੀ 2020 ਵਿਚ ਬ੍ਰਾਂਡ ਵੈਲਿਊ 5.5 ਮਿਲੀਅਨ ਡਾਲਰ (ਤਕਰੀਬਨ 41,211 ਕਰੋੜ ਰੁਪਏ) ਮਾਪੀ ਗਈ ਹੈ। ਡਲਾਸ ਦਾ ਟੀਮ ਦੀ ਇਹ ਬ੍ਰਾਂਡ ਵੈਲਿਊ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਸਭ ਤੋਂ ਮਹਿੰਗੀ ਟੀਮ ਮੁੰਬਈ ਇੰਡੀਅਨਜ਼ ਤੋਂ 5 ਗੁਣਾ ਵੱਧ ਹੈ। ਡਫ ਐਂਡ ਫੇਲਪਸ ਦੀ ਰਿਪੋਰਟ ਮੁਤਾਬਕ, 2019 ਵਿਚ ਮੁੰਬਈ ਇੰਡੀਅਨਜ਼ ਦੀ ਬ੍ਰਾਂਡ ਵੈਲਿਊ 808 ਕਰੋੜ ਰੁਪਏ ਮਾਪੀ ਗਈ ਸੀ ਜਦਕਿ ਆਈ. ਪੀ. ਐੱਲ. ਦੀ ਕੁਲ ਬ੍ਰਾਂਡ ਵੈਲਿਊ 47,500 ਕਰੋੜ ਰੁਪਏ ਸੀ। ਇਹ ਵੀ ਇਕੱਲੇ ਡਲਾਸ ਤੋਂ ਸਿਰਫ 6289 ਕਰੋੜ ਰੁਪਏ ਵੱਧ ਹੈ।
ਫੋਰਬਸ ਦੀ ਮੋਸਟ ਵੈਲਿਊਏਬਲ ਸਪੋਰਟਸ ਟੀਮ ਦੀ ਲਿਸਟ ਵਿਚ ਟਾਪ-5 ਵਿਚ ਕੋਈ ਫੁੱਟਬਾਲ ਟੀਮ ਨਹੀਂ ਹੈ ਜਦਕਿ ਟਾਪ-50 ਵਿਚ ਇਸ ਲਿਸਟ ਵਿਚ ਕੋਈ ਵੀ ਕ੍ਰਿਕਟ ਟੀਮ ਸ਼ਾਮਲ ਨਹੀਂ ਹੈ। ਕੋਰੋਨਾ ਕਾਲ 'ਚ ਵੀ ਡਲਾਸ ਟੀਮ ਨੂੰ ਕੋਈ ਨੁਕਸਾਨ ਨਹੀਂ ਹੋਇਆ : ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨੇ ਦੁਨੀਆ ਭਰ ਦੀਆਂ ਖੇਡਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ ਪਰ ਸਿਰਫ ਡਲਾਸ ਕਾਓਬੋਆਏਜ਼ ਹੀ ਅਜਿਹੀ ਟੀਮ ਹੈ, ਜਿਸ ਨੂੰ ਨੁਕਸਾਨ ਦੀ ਬਜਾਏ ਵਧੇਰੇ ਫਾਇਦਾ ਹੀ ਹੋਇਆ ਹੈ। ਇਸ ਟੀਮ ਨੂੰ 2018 ਵਿਚ 420 ਮਿਲੀਅਨ ਡਾਲਰ (ਤਕਰੀਬਨ 3147 ਕਰੋੜ ਰੁਪਏ) ਦਾ ਫਾਇਦਾ ਹੋਇਆ ਸੀ। ਇਹ ਖੇਡ ਜਗਤ ਵਿਚ ਕਿਸੇ ਸਪੋਰਟਸ ਟੀਮ ਦੀ ਇਕ ਸਾਲ ਵਿਚ ਕਮਾਈ ਦਾ ਰਿਕਾਰਡ ਵੀ ਹੈ।
ਆਈ. ਪੀ. ਐੱਲ. ਦੀ ਬ੍ਰਾਂਡ ਵੈਲਿਊ ਪਿਛਲੇ ਸਾਲ 13.5 ਫੀਸਦੀ ਵਧੀ ਸੀ- ਗਲੋਬਲ ਐਡਵਾਈਜ਼ਰ ਕੰਪਨੀ ਡਫ ਐਂਡ ਫੇਲਪਸ ਨੇ ਸਤੰਬਰ 2019 ਵਿਚ ਆਈ. ਪੀ. ਐੱਲ. ਦੀ ਬ੍ਰਾਂਡ ਵੈਲਿਊ ਨੂੰ ਲੈ ਕੇ ਇਕ ਰਿਪੋਰਟ ਜਾਰੀ ਕੀਤੀ ਸੀ। ਇਸ ਰਿਪੋਰਟ ਮੁਤਾਬਕ, ਆਈ. ਪੀ. ਐੱਲ. ਦੀ ਬ੍ਰਾਂਡ ਵੈਲਿਊ 2018 ਦੀ ਤੁਲਨਾ ਵਿਚ 2019 ਵਿਚ 13.5 ਫੀਸਦੀ ਵਧੀ ਸੀ। 2018 ਵਿਚ ਆਈ. ਪੀ. ਐੱਲ. ਦੀ ਬ੍ਰਾਂਡ ਵੈਲਿਊ 41 ਹਜ਼ਾਰ 800 ਕਰੋੜ ਰੁਪਏ ਸੀ, ਜਿਹੜੀ 2019 ਵਿਚ ਵਧ ਕੇ 47 ਹਜ਼ਾਰ 500 ਕਰੋੜ ਰੁਪਏ ਹੋ ਗਈ। ਨਾ ਸਿਰਫ ਆਈ. ਪੀ. ਐੱਲ. ਸਗੋਂ ਇਸ ਵਿਚ ਖੇਡਣ ਵਾਲੀਆਂ ਟੀਮਾਂ ਦੀ ਬ੍ਰਾਂਡ ਵੈਲਿਊ ਵੀ ਲਗਾਤਰ ਵਧ ਰਹੀ ਹੈ। ਸਭ ਤੋਂ ਵੱਧ 809 ਕਰੋੜ ਰੁਪਏ ਦੀ ਬ੍ਰਾਂਡ ਵੈਲਿਊ ਮੁੰਬਈ ਇੰਡੀਅਨਜ਼ ਦੀ ਹੈ। ਉਸ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਹੈ। ਮੁੰਬਈ ਦੀ ਬ੍ਰਾਂਡ ਵੈਲਿਊ 2018 ਵਿਚ 746 ਕਰੋੜ ਰੁਪਏ ਸੀ, ਜਿਹੜੀ 2019 ਵਿਚ 8.5 ਫੀਸਦੀ ਵਧੀ।