ਅਮਰੀਕੀ ਵਿਦੇਸ਼ ਮੰਤਰੀ ਨੇ ਇਰਾਕ ਵਿਚ ਹੋਈ ਹਿੰਸਾ ਦੀ ਕੀਤੀ ਨਿੰਦਾ
ਵਾਸ਼ਿੰਗਟਨ — ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਇਰਾਕ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚ ਹੋਈ ਹਿੰਸਾ ਦੀ ਸਖਤ ਨਿੰਦਾ ਕੀਤੀ। ਇਸ ਮਾਮਲੇ ਵਿਚ ਉਨ੍ਹਾਂ ਨੇ ਦੇਸ਼ ਦੀ ਸਰਕਾਰ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਬਿਆਨ ਵਿਚ ਕਿਹਾ ਗਿਆ,''ਪੋਂਪਿਓ ਨੇ ਇਰਾਕ ਦੇ ਪ੍ਰਧਾਨ ਮੰਤਰੀ ਆਦਿਲ ਮਹਿਦੀ ਨਾਲ ਗੱਲਬਾਤ ਵਿਚ ਇਰਾਕ ਵਿਚ ਹਾਲ ਹੀ ਵਿਚ ਹੋਈ ਹਿੰਸਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ।''
ਬਿਆਨ ਮੁਤਾਬਕ,''ਪੋਂਪਿਓ ਨੇ ਦੁਹਰਾਇਆ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਹਰੇਕ ਲੋਕਤੰਤਰ ਦਾ ਮੁੱਢਲਾ ਅਧਿਕਾਰ ਹੈ। ਪ੍ਰਦਰਸ਼ਨਾਂ ਵਿਚ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੈ, ਨਾ ਤਾਂ ਸੁਰੱਖਿਆ ਬਲਾਂ ਕੋਲ ਅਤੇ ਨਾ ਹੀ ਪ੍ਰਦਰਸ਼ਨਕਾਰੀਆਂ ਕੋਲ।'' ਗੌਰਤਲਬ ਹੈ ਕਿ ਇਰਾਕ ਵਿਚ ਬੇਰੋਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੇ ਵਿਰੋਧ ਵਿਚ ਪ੍ਰਦਰਸ਼ਨ ਸ਼ੁਰੂ ਹੋਏ ਸਨ ਪਰ ਬਾਅਦ ਵਿਚ ਪ੍ਰਦਰਸ਼ਨਕਾਰੀਆਂ ਦੀ ਮੰਗਾਂ ਪੂਰੇ ਰਾਜਨੀਤਕ ਸਿਸਟਮ ਵਿਚ ਤਬਦੀਲੀ ਲਿਆਉਣ 'ਤੇ ਪਹੁੰਚ ਗਈਆਂ। ਇਕ ਹਫਤੇ ਤੱਕ ਚੱਲੇ ਪ੍ਰਦਰਸ਼ਨਾਂ ਵਿਚ ਹੋਈ ਹਿੰਸਾ ਵਿਚ 100 ਤੋਂ ਵੱਧ ਲੋਕ ਮਾਰੇ ਗਏ ਅਤੇ 6,000 ਲੋਕ ਜ਼ਖਮੀ ਹੋ ਗਏ।