ਅਮਰੀਕੀ ਹਮਲੇ ’ਚ ਇਰਾਨੀ ਜਨਰਲ ਸੁਲੇਮਾਨੀ ਹਲਾਕ
ਅਮਰੀਕਾ ਵੱਲੋਂ ਇਰਾਕ ਦੀ ਰਾਜਧਾਨੀ ਬਗ਼ਦਾਦ ’ਚ ਕੀਤੇ ਗਏ ਡਰੋਨ ਹਮਲੇ ’ਚ ਇਰਾਨ ਦੀ ਰੈਵੋਲਿਊਸ਼ਨਰੀ ਗਾਰਡਜ਼ ਦਾ ਤਾਕਤਵਰ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ (62) ਮਾਰਿਆ ਗਿਆ। ਪੈਂਟਾਗਨ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੁਕਮਾਂ ’ਤੇ ਇਹ ਹਮਲਾ ਕੀਤਾ ਗਿਆ ਸੀ। ਉਂਜ ਫਲੋਰਿਡਾ ’ਚ ਛੁੱਟੀਆਂ ਮਨਾ ਰਹੇ ਟਰੰਪ ਨੇ ਸਿਰਫ਼ ਅਮਰੀਕੀ ਝੰਡੇ ਦੀ ਤਸਵੀਰ ਟਵੀਟ ਕਰਨ ਤੋਂ ਇਲਾਵਾ ਹੋਰ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਇਰਾਨ ਨੇ ਤਿੰਨ ਦਿਨ ਦੇ ਸੋਗ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਜਨਰਲ ਦੀ ਮੌਤ ਦਾ ਬਦਲਾ ਲੈ ਕੇ ਰਹਿਣਗੇ। ਇਸ ਘਟਨਾਕ੍ਰਮ ਨਾਲ ਫਾਰਸ ਦੀ ਖਾੜੀ ’ਚ ਤਣਾਅ ਦਾ ਮਾਹੌਲ ਵਧ ਗਿਆ ਹੈ।
ਇਰਾਨ ਦੀ ਵੱਕਾਰੀ ਅਲ-ਕੁਦਸ ਸੈਨਾ ਦਾ ਮੁਖੀ ਅਤੇ ਖੇਤਰੀ ਸੁਰੱਖਿਆ ਦਾ ਰਣਨੀਤੀਕਾਰ ਜਨਰਲ ਸੁਲੇਮਾਨੀ ਉਸ ਸਮੇਂ ਮਾਰਿਆ ਗਿਆ ਜਦੋਂ ਸ਼ੁੱਕਰਵਾਰ ਤੜਕੇ ਬਗ਼ਦਾਦ ਕੌਮਾਂਤਰੀ ਹਵਾਈ ਅੱਡੇ ਤੋਂ ਨਿਕਲ ਰਹੇ ਉਸ ਦੇ ਕਾਫ਼ਲੇ ’ਤੇ ਡਰੋਨ ਨੇ ਮਿਜ਼ਾਈਲਾਂ ਦਾਗ਼ੀਆਂ। ਹਮਲੇ ’ਚ ਇਰਾਕ ਦੀ ਤਾਕਤਵਰ ਹਾਸ਼ੇਦ ਅਲ-ਸ਼ਾਬੀ ਨੀਮ ਫ਼ੌਜੀ ਬਲ ਦਾ ਉਪ ਮੁਖੀ ਅਬੂ ਮਾਹਦੀ ਅਲ-ਮੁਹਾਨਦਿਸ ਅਤੇ ਕੁਝ ਇਰਾਨ ਪੱਖੀ ਸਥਾਨਕ ਬਾਗ਼ੀ ਵੀ ਮਾਰੇ ਗਏ ਹਨ। ਜਨਰਲ ਸੁਲੇਮਾਨੀ ਨੂੰ ਆਇਤੁੱਲਾ ਖਮੇਨੀ ਤੋਂ ਬਾਅਦ ਇਰਾਨ ਦੀ ਦੂਜੀ ਸਭ ਤੋਂ ਤਾਕਤਵਰ ਹਸਤੀ ਮੰਨਿਆ ਜਾਂਦਾ ਸੀ। ਉਹ ਲਿਬਨਾਨ ਜਾਂ ਸੀਰੀਆ ਤੋਂ ਪਰਤਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਕਾਫ਼ਲੇ ’ਤੇ ਕਈ ਮਿਜ਼ਾਈਲਾਂ ਦਾਗ਼ੀਆਂ ਗਈਆਂ ਜਿਸ ’ਚ ਸੱਤ ਵਿਅਕਤੀ ਮਾਰੇ ਗਏ ਹਨ।
ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਅਮਰੀਕਾ ਦੇ ਹਵਾਈ ਹਮਲਿਆਂ ਮਗਰੋਂ ਇਰਾਨ ਪੱਖੀ ਇਰਾਕੀ ਲੋਕਾਂ ਨੇ ਬਗ਼ਦਾਦ ’ਚ ਅਮਰੀਕਾ ਦੇ ਸਫ਼ਾਰਤਖਾਨੇ ਨੂੰ ਘੇਰ ਲਿਆ ਸੀ ਅਤੇ ਟਰੰਪ ਨੇ ਤਹਿਰਾਨ ਨੂੰ ਕਾਰਵਾਈ ਦੀ ਧਮਕੀ ਦਿੱਤੀ ਸੀ। ਪੈਂਟਾਗਨ ਨੇ ਕਿਹਾ ਕਿ ਇਰਾਨ ਦੇ ਭਵਿੱਖ ’ਚ ਹਮਲਿਆਂ ਦੀ ਯੋਜਨਾ ਨੂੰ ਰੋਕਣ ਦੇ ਇਰਾਦੇ ਨਾਲ ਇਹ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਨਰਲ ਸੁਲੇਮਾਨੀ ਅਮਰੀਕੀ ਕੂਟਨੀਤਕਾਂ ਅਤੇ ਹੋਰ ਆਗੂਆਂ ’ਤੇ ਇਰਾਕ ਤੇ ਖਿੱਤੇ ’ਚ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ਆਪਣੇ ਲੋਕਾਂ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਲੋੜੀਂਦੀ ਕਾਰਵਾਈ ਕਰਦਾ ਰਹੇਗਾ।
ਤਹਿਰਾਨ ’ਚ ਇਰਾਨ ਦੇ ਮੋਹਰੀ ਆਗੂ ਆਇਤੁੱਲਾ ਅਲੀ ਖਮੇਨੀ ਨੇ ਕਿਹਾ ਕਿ ਹਮਲਾ ਕਰਨ ਵਾਲੇ ‘ਅਪਰਾਧੀਆਂ’ ਤੋਂ ਬਦਲਾ ਲਿਆ ਜਾਵੇਗਾ। ਉਸ ਨੇ ਕਿਹਾ,‘‘ਜਨਰਲ ਮੁਲਕ ਲਈ ਸ਼ਹੀਦ ਹੋਣਾ ਚਾਹੁੰਦਾ ਸੀ ਅਤੇ ਅੱਲ੍ਹਾ ਨੇ ਉਸ ਦੀ ਖਾਹਿਸ਼ ਪੂਰੀ ਕਰ ਦਿੱਤੀ ਹੈ।’’ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਕਿ ਸੁਲੇਮਾਨੀ ਦੀ ਮੌਤ ਨਾਲ ਅਮਰੀਕਾ ਖ਼ਿਲਾਫ਼ ਇਰਾਨ ਅਤੇ ਹੋਰ ਆਜ਼ਾਦ ਮੁਲਕਾਂ ਦਾ ਤਹੱਈਆ ਹੋਰ ਮਜ਼ਬੂਤ ਹੋ ਗਿਆ ਹੈ। ਸੁਲੇਮਾਨੀ ਦੀ ਮੌਤ ਮਗਰੋਂ ਇਰਾਨ ਨੇ ਰੈਵੋਲਿਊਸ਼ਨਰੀ ਗਾਰਡਜ਼ ਦੇ ਵਿਦੇਸ਼ੀ ਕਾਰਵਾਈਆਂ ਸਬੰਧੀ ਸੈਨਾ ਦੇ ਉਪ ਮੁਖੀ ਇਸਮਾਈਲ ਕਾਨੀ ਨੂੰ ਕੁਦਸ ਫੋਰਸ ਦਾ ਨਵਾਂ ਮੁਖੀ ਐਲਾਨ ਦਿੱਤਾ ਹੈ। ਇਸ ਖ਼ਬਰ ਨਾਲ ਆਲਮੀ ਪੱਧਰ ’ਤੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਆ ਗਈ ਅਤੇ ਇਹ ਚਾਰ ਫ਼ੀਸਦੀ ਤੋਂ ਵੱਧ ਚੜ੍ਹ ਗਈਆਂ ਹਨ।
ਇਰਾਕ ਦੇ ਰਾਸ਼ਟਰਪਤੀ ਬਰਹਾਮ ਸਾਲੇਹ ਨੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਲਈ ਕਿਹਾ ਹੈ। ਉਧਰ ਨਾਟੋ ਵੱਲੋਂ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੌਰਾਨ ਤਹਿਰਾਨ ਸਮਰਥਿਤ ਲਿਬਨਾਨ ਦੇ ਹਿਜ਼ਬੁਲਾ ਆਗੂ ਨੇ ਕਿਹਾ ਹੈ ਕਿ ਉਹ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਲੈਣ ਲਈ ਦਿਨ-ਰਾਤ ਇਕ ਕਰ ਦੇਣਗੇ। ਅਮਰੀਕਾ ਦੀ ਸੰਯੁਕਤ ਰਾਸ਼ਟਰ ’ਚ ਸਾਬਕਾ ਸਫ਼ੀਰ ਨਿੱਕੀ ਹੇਲੀ ਅਤੇ ਸੈਨੇਟਰ ਲਿੰਡਸੇ ਗ੍ਰਾਹਮ ਨੇ ਇਰਾਨੀ ਆਗੂ ’ਤੇ ਕੀਤੇ ਗਏ ਹਮਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਮੁਲਕ ਦੇ ਲੋਕਾਂ ਨੂੰ ਸੁਰੱਖਿਅਤ ਰੱਖਣਾ ਰਾਸ਼ਟਰਪਤੀ ਦਾ ਫਰਜ਼ ਹੈ ਪਰ ਸੈਨੇਟਰ ਬਰਨੀ ਸੈਂਡਰਜ਼ ਅਤੇ ਸਪੀਕਰ ਨੈਨਸੀ ਪੇਲੋਸੀ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਹਮਲੇ ਨਾਲ ਅਮਰੀਕੀਆਂ ਦੀ ਜ਼ਿੰਦਗੀ ਖਤਰੇ ’ਚ ਪੈ ਗਈ ਹੈ।