ਅਮੀਰਾਂ ਅਤੇ ਗਰੀਬਾਂ ਵਿਚਾਲੇ ਫ਼ਾਸਲਾ ਬਹੁਤ ਵੱਡਾ
ਭਾਰਤ ਦੇ ਇਕ ਫ਼ੀਸਦੀ ਅਮੀਰਾਂ ਦੀ ਸੰਪਤੀ ਮੁਲਕ ਦੇ 70 ਫ਼ੀਸਦੀ ਯਾਨੀ 95.3 ਕਰੋੜ ਲੋਕਾਂ ਦੀ ਕਮਾਈ ਤੋਂ ਚਾਰ ਗੁਣਾ ਵੱਧ ਹੈ। ਨਵੇਂ ਅਧਿਐਨ ’ਚ ਇਹ ਖ਼ੁਲਾਸਾ ਹੋਇਆ ਹੈ।
ਅਧਿਐਨ ਮੁਤਾਬਕ ਸਾਰੇ ਭਾਰਤੀ ਅਰਬਪਤੀਆਂ ਦੀ ਕੁੱਲ ਸੰਪਤੀ ਪੂਰੇ ਸਾਲ ਦੇ ਬਜਟ ਤੋਂ ਵੀ ਵੱਧ ਹੈ। ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ ਤੋਂ ਪਹਿਲਾ ਔਕਸਫੈਮ ਨੇ ‘ਟਾਈਮ ਟੂ ਕੇਅਰ’ ਅਧਿਐਨ ਜਾਰੀ ਕਰਦਿਆਂ ਕਿਹਾ ਕਿ ਦੁਨੀਆਂ ਦੇ 2153 ਅਰਬਪਤੀਆਂ ਕੋਲ 4.6 ਅਰਬ ਲੋਕਾਂ (ਕੁੱਲ ਆਬਾਦੀ ਦਾ 60 ਫ਼ੀਸਦੀ) ਦੀ ਕੁੱਲ ਆਮਦਨ ਤੋਂ ਵੱਧ ਜਾਇਦਾਦ ਹੈ। ਔਕਸਫੈਮ ਨੇ ਕਿਹਾ ਕਿ ਭਾਰਤ ਦੇ 63 ਅਰਬਪਤੀਆਂ ਦੀ ਕੁੱਲ ਸੰਪਤੀ ਮੁਲਕ ਦੇ ਵਿੱਤੀ ਵਰ੍ਹੇ 2018-19 ਦੇ ਬਜਟ 24,42,200 ਕਰੋੜ ਰੁਪਏ ਤੋਂ ਕਿਤੇ ਵੱਧ ਹੈ। ਰਿਪੋਰਟ ’ਚ ਆਲਮੀ ਪੱਧਰ ’ਤੇ ਨਾਬਰਾਬਰੀ ਦੇ ਅੰਕੜਿਆਂ ਦਾ ਖ਼ੁਲਾਸਾ ਕੀਤਾ ਗਿਆ ਹੈ। ਪਿਛਲੇ ਇਕ ਦਹਾਕੇ ’ਚ ਅਰਬਪਤੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਪਰ ਪਿਛਲੇ ਸਾਲ ਉਨ੍ਹਾਂ ਸਾਰਿਆਂ ਦੀ ਕੁੱਲ ਸੰਪਤੀ ’ਚ ਗਿਰਾਵਟ ਦਰਜ ਹੋਈ ਹੈ। ਔਕਸਫੈਮ ਇੰਡੀਆ ਦੇ ਸੀਈਓ ਅਮਿਤਾਭ ਬੇਹਰ ਨੇ ਕਿਹਾ,‘‘ਅਮੀਰਾਂ ਅਤੇ ਗਰੀਬਾਂ ਵਿਚਕਾਰਲੇ ਪਾੜੇ ਨੂੰ ਉਸ ਸਮੇਂ ਤੱਕ ਦੂਰ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਨਾਬਰਾਬਰੀ ਵਾਲੀਆਂ ਨੀਤੀਆਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਂਦਾ। ਇਨ੍ਹਾਂ ਨੀਤੀਆਂ ਪ੍ਰਤੀ ਕੁਝ ਹੀ ਸਰਕਾਰਾਂ ਵਚਨਬੱਧ ਹਨ।’’
ਰਿਪੋਰਟ ਮੁਤਾਬਕ ਹਰ ਮਹਾਦੀਪ ’ਚ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਅਸ਼ਾਂਤੀ ਦਾ ਮਾਹੌਲ ਪੈਦਾ ਹੋਇਆ, ਜੋ ਨਾਬਰਾਬਰੀ ਦੀ ਦੇਣ ਮੰਨਿਆ ਜਾ ਰਿਹਾ ਹੈ। ਉਂਜ ਇਹ ਅੰਦੋਲਨ ਭ੍ਰਿਸ਼ਟਾਚਾਰ, ਸੰਵਿਧਾਨ ਦੀ ਉਲੰਘਣਾ, ਮਹਿੰਗਾਈ ਜਾਂ ਹੋਰ ਕਾਰਨਾਂ ਕਰਕੇ ਭੜਕੇ ਹਨ। ਪਿਛਲੇ ਹਫ਼ਤੇ ਜਾਰੀ ਗਲੋਬਲ ਰਿਸਕ ਰਿਪੋਰਟ ਮੁਤਾਬਕ ਬੀਤੇ ਤਿੰਨ ਦਹਾਕਿਆਂ ’ਚ ਆਲਮੀ ਪੱਧਰ ’ਤੇ ਨਾਬਰਾਬਰੀ ’ਚ ਗਿਰਾਵਟ ਆਈ ਹੈ। ਉਂਜ ਕਈ ਮੁਲਕਾਂ ’ਚ ਘਰੇਲੂ ਆਮਦਨੀ ਬਾਬਤ ਨਾਬਰਾਬਰੀ ਵਧ ਕੇ ਇਤਿਹਾਸਕ ਸਿਖਰਾਂ ’ਤੇ ਪਹੁੰਚ ਗਈ ਹੈ। ਸ੍ਰੀ ਬੇਹਰ ਨੇ ਕਿਹਾ ਕਿ ਆਮ ਆਦਮੀ ਅਤੇ ਮਹਿਲਾਵਾਂ ਦੇ ਸਿਰ ’ਤੇ ਅਰਬਪਤੀਆਂ ਅਤੇ ਵੱਡੇ ਕਾਰੋਬਾਰੀਆਂ ਦੀਆਂ ਜੇਬਾਂ ਭਰੀਆਂ ਜਾ ਰਹੀਆਂ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਘਰਾਂ ’ਚ ਕੰਮ ਕਰਦੀ ਮਹਿਲਾ ਨੂੰ ਤਕਨਾਲੋਜੀ ਕੰਪਨੀ ਦੇ ਸੀਈਓ ਵੱਲੋਂ ਸਾਲ ’ਚ ਕੀਤੀ ਜਾਂਦੀ ਕਮਾਈ ਤੱਕ ਪਹੁੰਚਣ ਲਈ 22,277 ਸਾਲ ਦਾ ਸਮਾਂ ਲੱਗੇਗਾ। ਸੀਈਓ 106 ਰੁਪਏ ਪ੍ਰਤੀ ਸੈਕਿੰਡ ਦੀ ਕਮਾਈ ਕਰਦਾ ਹੈ ਅਤੇ ਉਹ 10 ਮਿੰਟਾਂ ’ਚ ਇੰਨੀ ਕਮਾਈ ਕਰ ਲੈਂਦਾ ਹੈ ਕਿ ਘਰੇਲੂ ਨੌਕਰ ਨੂੰ ਪੂਰੇ ਇਕ ਸਾਲ ’ਚ ਵੀ ਓਨੀ ਰਕਮ ਨਹੀਂ ਮਿਲਦੀ ਹੈ। ਆਲਮੀ ਸਰਵੇਖਣ ਮੁਤਾਬਕ ਦੁਨੀਆਂ ਦੇ 22 ਅਮੀਰਾਂ ਕੋਲ ਪੂਰੇ ਅਫਰੀਕਾ ਦੀਆਂ ਮਹਿਲਾਵਾਂ ਦੀ ਕੁੱਲ ਜਾਇਦਾਦ ਤੋਂ ਵੀ ਵੱਧ ਸੰਪਤੀ ਹੈ।