ਅਯੁੱਧਿਆ ਫ਼ੈਸਲਾ: ਸੁਰੱਖਿਆ ਬਲਾਂ ਦੇ ਜਵਾਨ ਮੁਲਕ ਭਰ ’ਚ ਰਹੇ ਪੱਬਾਂ ਭਾਰ
ਨਵੀਂ ਦਿੱਲੀ-ਸੁਪਰੀਮ ਕੋਰਟ ਵੱਲੋਂ ਅਯੁੱਧਿਆ ਕੇਸ ਦਾ ਨਿਬੇੜਾ ਕਰਨ ਤੋਂ ਪਹਿਲਾਂ ਸੁਰੱਖਿਆ ਬਲਾਂ ਨੂੰ ਮੁਲਕ ’ਚ ਚੌਕਸ ਰਹਿਣ ਦੇ ਹੁਕਮ ਦੇ ਦਿੱਤੇ ਗਏ ਸਨ। ਉਨ੍ਹਾਂ ਵੱਲੋਂ ਸੰਵੇਦਨਸ਼ੀਲ ਥਾਵਾਂ ’ਤੇ ਗਸ਼ਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਤਿੱਖੀ ਨਜ਼ਰ ਰੱਖੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਏਸੀਨਾ ਹਿੱਲ ’ਤੇ ਨੌਰਥ ਬਲਾਕ ਦਫ਼ਤਰ ਤੋਂ ਮੁਲਕ ਭਰ ’ਚ ਨਿਗਾਹ ਰੱਖੀ। ਕੇਂਦਰੀ ਨੀਮ ਫ਼ੌਜੀ ਬਲ, ਖ਼ੁਫ਼ੀਆ ਏਜੰਸੀਆਂ ਅਤੇ ਸੂਬਾਈ ਪੁਲੀਸ ਪੱਬਾਂ ਭਾਰ ਰਹੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਗ੍ਰਹਿ ਸਕੱਤਰ ਅਜੀਤ ਭੱਲਾ ਅਤੇ ਖ਼ੁਫ਼ੀਆ ਬਿਉਰੋ ਦੇ ਡਾਇਰੈਕਟਰ ਅਰਵਿੰਦ ਕੁਮਾਰ ਨਾਲ ਆਪਣੀ ਰਿਹਾਇਸ਼ ’ਤੇ ਮੀਟਿੰਗ ਕੀਤੀ। ਉਨ੍ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਸਮੇਤ ਹੋਰਾਂ ਨਾਲ ਫੋਨ ’ਤੇ ਗੱਲਬਾਤ ਕਰਕੇ ਸੁਰੱਖਿਆ ਬਲਾਂ ਦੀ ਤਾਇਨਾਤੀ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਹਮਾਇਤ ਦੇਣ ਲਈ ਕਿਹਾ। ਕਈ ਸੂਬਿਆਂ ’ਚ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਦਫ਼ਾ 144 ਲਾਗੂ ਕੀਤੀ ਗਈ ਸੀ। ਯੂਪੀ ਦੇ ਡੀਜੀਪੀ ਓ ਪੀ ਸਿੰਘ ਨੇ ਦੱਸਿਆ ਕਿ ਸੂਬੇ ’ਚ ਹਾਲਾਤ ਆਮ ਵਾਂਗ ਹਨ ਅਤੇ ਅਧਿਕਾਰੀਆਂ ਨੂੰ ਗਸ਼ਤ ਕਰਦੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਏਡੀਜੀਪੀ ਪੀ ਵੀ ਰਾਮਸ਼ਾਸਤਰੀ ਨੇ ਦੱਸਿਆ ਕਿ ਬੀਤੇ 10 ਦਿਨਾਂ ’ਚ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਜਾਣਕਾਰੀ ਸਾਂਝੀ ਕਰਨ ਦੇ ਕਰੀਬ 80 ਕੇਸ ਦਰਜ ਕੀਤੇ ਗਏ ਹਨ। ਨੌਇਡਾ ’ਚ ਦੋ ਲੋਕਾਂ ਨੂੰ ਅਫ਼ਵਾਹਾਂ ਫੈਲਾਉਣ ਦੇ ਦੋਸ਼ ਹੇਠ ਇਹਤਿਆਤ ਵਜੋਂ ਹਿਰਾਸਤ ’ਚ ਲਿਆ ਗਿਆ ਹੈ। ਗਿਆ ਹੈ। ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ’ਚ ਇਹਤਿਆਤ ਵਜੋਂ ਪੁਲੀਸ ਨੇ ਪਾਬੰਦੀਆਂ ਲਾਗੂ ਕੀਤੀਆਂ ਹਨ। ਪੱਛਮੀ ਬੰਗਾਲ ਅਤੇ ਗੁਜਰਾਤ ’ਚ ਸਾਰੇ ਪੁਲੀਸ ਸਟੇਸ਼ਨ ਹਾਈ ਅਲਰਟ ’ਤੇ ਹਨ।