ਅਰਜੁਨ ਬਿਜਲਾਨੀ ਦੀ ਪਤਨੀ ਨੂੰ ਹੋਇਆ ਕੋਰੋਨਾ, ਪੂਰੇ ਪਰਿਵਾਰ ਸਮੇਤ ਖ਼ੁਦ ਨੂੰ ਕੀਤਾ ਇਕਾਂਤਵਾਸ
ਮੁੰਬਈ : ਪ੍ਰਸਿੱਧ ਟੈਲੀਵਿਜ਼ਨ ਅਦਾਕਾਰ ਅਰਜੁਨ ਬਿਜਲਾਨੀ ਦੀ ਪਤਨੀ ਨੇਹਾ ਸਵਾਮੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਅਦਾਕਾਰ ਨੇ ਟਵਿੱਟਰ ਜ਼ਰੀਏ ਆਪਣੇ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਆਪਣੇ ਟਵੀਟ ਵਿਚ ਅਦਾਕਾਰ ਨੇ ਇਹ ਵੀ ਦੱਸਿਆ ਕਿ ਨੇਹਾ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਦੋ ਹਫ਼ਤਿਆਂ ਲਈ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਆਪਣੇ-ਆਪ ਨੂੰ ਇਕਾਂਤਵਾਸ ਕਰ ਲਿਆ। ਅਰਜੁਨ ਬਿਜਲਾਨੀ ਨੇ ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਹੈ, ਜੋ ਉਸ ਦੇ ਸੰਪਰਕ ਵਿਚ ਆਏ ਹਨ ਅਤੇ ਉਨ੍ਹਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਉਸ ਨੇ ਇਹ ਵੀ ਦੱਸਿਆ ਹੈ ਕਿ ਉਹ ਸਾਰੇ ਸਿਹਤਮੰਦ ਅਤੇ ਤੰਦਰੁਸਤ ਹਨ।
ਅਰਜੁਨ ਬਿਜਲਾਨੀ ਨੇ ਆਪਣੇ ਟਵੀਟ ਵਿਚ ਲਿਖਿਆ- ਦੋਸਤੋ, ਮੇਰੀ ਪਤਨੀ ਦੀ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਅਤੇ ਮੇਰੇ ਪਰਿਵਾਰ ਨੇ ਅਗਲੇ 14 ਦਿਨਾਂ ਲਈ ਆਪਣੇ-ਆਪ ਨੂੰ ਇਕਾਂਤਵਾਸ ਕੀਤਾ ਹੈ। ਉਹ ਸਾਰੇ ਜੋ ਮੇਰੇ ਸੰਪਰਕ ਵਿਚ ਆਏ ਹਨ, ਮੈਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਵੀ ਆਪਣੇ ਟੈਸਟ ਕਰਵਾਉਣ। ਅਸੀਂ ਸਿਹਤਮੰਦ ਅਤੇ ਠੀਕ ਹਾਂ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਅਜਿਹਾ ਕਰਦੇ ਰਹਾਂਗੇ। ਸਾਡੇ ਲਈ ਦੁਆਵਾਂ ਕਰੋ।
ਇਸ ਦੌਰਾਨ ਨੇਹਾ ਸਵਾਮੀ ਨੇ ਵੀ ਆਪਣੇ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ। ਆਪਣੀ ਪੋਸਟ ਵਿਚ ਉਸ ਨੇ ਲਿਖਿਆ, "ਮੇਰੇ ਵਿਚ ਕੋਰੋਨਾ ਦੇ ਹਲਕੇ ਲੱਛਣ ਹਨ। ਮੇਰੇ ਅਤੇ ਮੇਰੇ ਪਰਿਵਾਰ ਦੇ ਸੁਰੱਖਿਅਤ ਰਹਿਣ ਲਈ ਅਰਦਾਸ ਕਰੋ। ਕਿਰਪਾ ਕਰਕੇ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਵੀ ਰੱਖੋ।" ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਰਜੁਨ ਬਿਜਲਾਨੀ ਦੀ ਬਿਲਡਿੰਗ ਵਿਚ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਪੂਰੀ ਇਮਾਰਤ ਸੀਲ ਕਰ ਦਿੱਤੀ ਗਈ ਸੀ।