ਅਰਥਚਾਰੇ ਬਾਰੇ ਮੋਦੀ ਸਰਕਾਰ ਨੇ ਪੰਜ ਸਾਲ ਕੀ ਕੀਤਾ: ਮਨਮੋਹਨ

ਅਰਥਚਾਰੇ ਬਾਰੇ ਮੋਦੀ ਸਰਕਾਰ ਨੇ ਪੰਜ ਸਾਲ ਕੀ ਕੀਤਾ: ਮਨਮੋਹਨ

ਮੁੰਬਈ-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਜੇ ਉਹ ਮੰਨ ਵੀ ਲੈਣ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ‘ਕੁਝ ਕਮਜ਼ੋਰੀਆਂ’ ਰਹੀਆਂ ਹਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਕੋਲ ਵੀ ਪੰਜ ਵਰ੍ਹੇ ਸਨ, ਉਹ ਇਨ੍ਹਾਂ ਦਾ ਹੱਲ ਲੱਭ ਸਕਦੇ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੋਲ ਕਾਫ਼ੀ ਸਮਾਂ ਸੀ ਤੇ ਹੁਣ ਹਰੇਕ ਆਰਥਿਕ ਸੰਕਟ ਲਈ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਸਿਰ ਦੋਸ਼ ਮੜ੍ਹਨਾ ਬੰਦ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅਮਰੀਕਾ ’ਚ ਮਨਮੋਹਨ ਸਿੰਘ ਤੇ ਸਾਬਕਾ ਆਰਬੀਆਈ ਗਵਰਨਰ ਰਘੂਰਾਮ ਰਾਜਨ ਦੀ ਨਿਖੇਧੀ ਕੀਤੀ ਸੀ ਤੇ ਉਨ੍ਹਾਂ ਨੂੰ ਬੈਂਕਿੰਗ ਸੈਕਟਰ ਦੇ ਨਿਘਾਰ ਲਈ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਕਿਹਾ ਕਿ ਐਨਡੀਏ ਨੂੰ ਯੂਪੀਏ ਕਾਰਜਕਾਲ ਦੀਆਂ ‘ਗਲਤੀਆਂ’ ਤੋਂ ਸਿੱਖਣਾ ਚਾਹੀਦਾ ਸੀ ਤੇ ‘ਭਰੋਸੇਯੋਗ ਹੱਲ’ ਸੁਝਾਉਣੇ ਚਾਹੀਦੇ ਹਨ। ਮਨਮੋਹਨ
ਸਿੰਘ ਨੇ ਕਿਹਾ ਕਿ ਜੇ ਇਸ ਤਰ੍ਹਾਂ ਕੀਤਾ ਹੁੰਦਾ ਤਾਂ ਨੀਰਵ ਮੋਦੀ ਜਿਹੇ ਲੋਕ ਜਨਤਾ ਦੇ ਪੈਸੇ ਲੈ ਕੇ ਨਾ ਭੱਜਦੇ, ਬੈਂਕਾਂ ਦੀ ਸਥਿਤੀ ‘ਐਨੀ ਮਾੜੀ’ ਨਾ ਹੁੰਦੀ। ਉਨ੍ਹਾਂ ਕਿਹਾ ਕਿ ਸਾਲ ਦਰ ਸਾਲ ਸਮੱਸਿਆਵਾਂ ਲਈ ਯੂਪੀਏ ਸਿਰ ਹੀ ਦੋਸ਼ ਨਹੀਂ ਮੜ੍ਹਿਆ ਜਾ ਸਕਦਾ। ਮਨਮੋਹਨ ਨੇ ਕਿਹਾ ਕਿ ਆਰਥਿਕਤਾ ਨੂੰ ਪੈਰਾਂ-ਸਿਰ ਕਰਨ ਤੋਂ ਪਹਿਲਾਂ ਇਸ ਦੇ ਢੇਰੀ ਹੋਣ ਦੇ ਕਾਰਨਾਂ ਦੀ ਸ਼ਨਾਖ਼ਤ ਜ਼ਰੂਰੀ ਹੈ। ਕਾਰਪੋਰੇਟ ਟੈਕਸ ਕੱਟ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਸਮੱਸਿਆ ਮੰਗ ਦੀ ਕਮੀ ਹੈ ਤੇ ਇਸ ਲਈ ਅਸਿੱਧੇ ਟੈਕਸਾਂ ’ਚ ਛੋਟ ਦੇਣੀ ਪਵੇਗੀ। ਉਨ੍ਹਾਂ ਦੇਸ਼ ਦਾ ‘ਆਰਥਿਕ ਵਾਤਾਵਰਨ’ ਖ਼ਰਾਬ ਕਰਨ ਦਾ ਦੋਸ਼ ਮੋਦੀ ਸਰਕਾਰ ਸਿਰ ਲਾਇਆ। ਉਨ੍ਹਾਂ ਕਿਹਾ ਕਿ ਪੰਜ ਖ਼ਰਬ ਦੀ ਆਰਥਿਕਤਾ ਪ੍ਰਾਪਤ ਕਰਨ ਦੀ ਕੋਈ ਆਸ ਨਹੀਂ ਹੈ। ਸਰਕਾਰ ਸਿਰਫ਼ ਸੁਰਖ਼ੀਆਂ ਆਪਣੇ ਹੱਕ ਵਿਚ ਕਰਨ ’ਚ ਮਗਨ ਹੈ ਤੇ ਕੋਈ ਠੋਸ ਹੱਲ ਮੌਜੂਦ ਨਹੀਂ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਕਿਸੇ ਤੋਂ ਦੇਸ਼ ਭਗਤੀ ਦਾ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ ਹੈ। ਆਜ਼ਾਦੀ ਦੀ ਪ੍ਰਾਪਤੀ ਲਈ ਪਾਰਟੀ ਦਾ ਸੰਘਰਸ਼ ਸਾਰੇ ਜਾਣਦੇ ਹਨ। ਮਹਾਤਮਾ ਗਾਂਧੀ ਹੱਤਿਆ ਕਾਂਡ ’ਚ ਮੁਲਜ਼ਮ ਰਹੇ ਤੇ ਮਗਰੋਂ ਬਰੀ ਹੋਏ ਵੀ.ਡੀ. ਸਾਵਰਕਰ ਦੇ ਨਾਂ ਦੀ ਭਾਜਪਾ ਵੱਲੋਂ ‘ਭਾਰਤ ਰਤਨ’ ਲਈ ਸਿਫ਼ਾਰਿਸ਼ ਕੀਤੇ ਜਾਣ ਦੇ ਮੁੱਦੇ ’ਤੇ ਮਨਮੋਹਨ ਨੇ ਕਿਹਾ ਕਿ ਕਾਂਗਰਸ ਸਿਰਫ਼ ਸਾਵਰਕਰ ਦੀ ਹਿੰਦੂਤਵ ਵਿਚਾਰਧਾਰਾ ਦਾ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਮਰਹੂਮ ਇੰਦਰਾ ਗਾਂਧੀ ਨੇ ਸਾਵਰਕਰ ਦੀ ਯਾਦ ’ਚ ਡਾਕ ਟਿਕਟ ਜਾਰੀ ਕੀਤੀ ਸੀ। ਉਨ੍ਹਾਂ ਇਸ ਮੌਕੇ ਨਾਗਰਿਕਤਾ ਸੋਧ ਬਿੱਲ ਤੇ ਐੱਨਆਰਸੀ ਨੂੰ ਵੀ ਵੰਡਪਾਊ ਦੱਸਿਆ। 

Radio Mirchi